ਇਸਲਾਮ
ਪਿੱਛੇ

67. ਅਲ-ਮੁਲਕ

1ਉਹ ਬੜਾ ਬਰਕਤ ਵਾਲਾ ਹੈ, ਜਿਸ ਦੇ ਹੱਥ ਵਿਚ ਬਾਦਸ਼ਾਹੀ ਹੈ ਅਤੇ ਉਹ ਹਰ ਚੀਜ਼ ਦੇ ਸਮਰੱਥ ਹੈ।

2ਜਿਸ ਨੇ ਮੋਤ ਅਤੇ ਜੀਵਨ ਨੂੰ ਪੈਦਾ ਕੀਤਾ। ਤਾਂ ਕਿ ਉਹ ਤੁਹਾਨੂੰ ਪਰਖੇ ਕਿ ਤੁਹਾਡੇ ਵਿਚੋਂ ਕੌਣ ਚੰਗੇ ਕੰਮ ਕਰਦਾ ਹੈ। ਉਹ ਸ਼ਕਤੀਸ਼ਾਲੀ ਹੈ, ਮੁਆਫ਼ ਕਰਨ ਵਾਲਾ ਹੈ।

3ਜਿਸ ਨੇ ਉੱਪਰ ਥੱਲੇ ਸੱਤ ਅਸਮਾਨ ਬਣਾਏ। ਤੁਸੀਂ ਰਹਿਮਾਨ ਦੀ ਸਿਰਜਨਾ ਵਿਚੋਂ ਕੋਈ ਦੋਸ਼ ਨਹੀਂ ਦੇਖੋਗੇ। ਫਿਰ ਨਜ਼ਰ ਲਾ ਕੇ ਵੇਖ ਲਵੋ, ਕਿਤੇ ਤੁਹਾਨੂੰ ਕੋਈ ਵਿਗਾੜ ਦਿਖਾਈ ਦਿੰਦਾ ਹੈ।

4ਫਿਰ ਬਾਰ ਬਾਰ ਨਜ਼ਰਾਂ ਲਾ ਕੇ ਦੇਖ ਲਵੋ, ਨਜ਼ਰਾਂ ਅਸਫ਼ਲ ਹੋ ਕੇ ਥੱਕ ਕੇ ਤੁਹਾਡੇ ਵੱਲ ਵਾਪਿਸ ਆ ਜਾਣਗੀਆਂ।

5ਅਤੇ ਅਸੀਂ ਨੇੜੇ ਦੇ ਆਕਾਸ਼ ਨੂੰ ਦੀਵਿਆਂ ਨਾਲ ਸਜਾਇਆ ਹੈ। ਅਤੇ ਅਸੀਂ ਇਨ੍ਹਾਂ ਨੂੰ ਸੈਤਾਨਾਂ ਨੂੰ ਮਾਰਨ ਦਾ ਜ਼ਰੀਆ ਬਣਾਇਆ ਹੈ ਅਤੇ ਅਸੀਂ ਉਨ੍ਹਾਂ ਲਈ ਨਰਕ ਦੀ ਸਜ਼ਾ ਤਿਆਰ ਕਰ ਰੱਖੀ ਹੈ।

6ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਨੂੰ ਝੁਠਲਾਇਆ, ਉਨ੍ਹਾਂ ਲਈ ਨਰਕ ਦੀ ਸਜ਼ਾ ਹੈ ਅਤੇ ਇਹ ਬੂਰਾ ਟਿਕਾਣਾ ਹੈ।

7ਜਦੋਂ ਉਹ ਉਸ ਵਿਚ ਸੁੱਟੇ ਜਾਣਗੇ, ਤਾਂ ਉਹ ਉਸ ਨਰਕ ਦੀਆਂ ਚੀਕਾਂ ਸੁਨਣਗੇ।

8ਅਤੇ ਉਹ (ਜੋਸ਼ ਨਾਲ) ਉਬਲਦੀ ਹੋਵੇਗੀ ਇਉਂ ਲੱਗੇਗਾ ਜਿਵੇਂ ਉਹ ਗੁੱਸੇ ਨਾਲ ਪਾਟ ਜਾਵੇਗੀ। ਜਦੋਂ ਉਸ ਵਿਚ ਕੋਈ ਗਰੋਹ ਸੁਟਿਆ ਜਾਵੇਗਾ, ਤਾਂ ਨਰਕ ਦੇ ਪਹਿਰੇਦਾਰ ਉਨ੍ਹਾਂ ਨੂੰ ਪੁੱਛਣਗੇ ਕਿ ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ (ਸਮਝਾਉਣ ਵਾਲਾ) ਨਹੀਂ ਆਇਆ ਸੀ

9ਉਹ ਆਖਣਗੇ ਕਿ ਹਾਂ, ਸਾਡੇ ਕੋਲ ਡਰਾਉਣ ਵਾਲਾ ਆਇਆ ਸੀ। ਫਿਰ ਅਸੀਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਅਤੇ ਅਸੀਂ ਕਿਹਾ ਕਿ ਅੱਲਾਹ ਨੇ ਕੋਈ ਚੀਜ਼ ਨਹੀਂ ਉਤਾਰੀ। ਤੁਸੀਂ ਲੋਕ ਤਾਂ ਭਾਰੀ ਕੁਰਾਹੇ ਪਏ ਹੋਏ ਹੋ।

10ਅਤੇ ਉਹ ਆਖਣਗੇ ਕਿ ਜੇਕਰ ਅਸੀ ਸੁਣਦੇ ਜਾਂ ਸਮਝਦੇ ਤਾਂ ਅਸੀਂ ਨਰਕ ਵਾਲਿਆਂ ਵਿਚੋਂ' ਨਾ ਹੁੰਦੇ।

11ਸੋ ਉਹ ਆਪਣੇ ਪਾਪਾਂ ਨੂੰ ਸਵੀਕਾਰ ਕਰਨਗੇ। ਤਾਂ ਲਾਹਣਤ ਹੋਵੇ ਨਰਕ ਵਾਲਿਆਂ ਤੇ।

12ਜਿਹੜੇ ਲੋਕ ਬਿਨ੍ਹਾਂ ਦੇਖਿਆਂ ਆਪਣੇ ਰੱਬ ਤੋਂ ਡਰਦੇ ਹਨ, ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ।

13ਅਤੇ ਤੁਸੀਂ ਆਪਣੀ ਗੱਲ ਮਨ ਵਿਚ ਆਖੋ ਜਾਂ ਮੂੰਹੋਂ ਬੋਲ ਕੇ ਆਖੋਂ, ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ।

14ਕੀ ਉਹ ਨਾ ਜਾਣਦਾ ਹੋਵੇਗਾ, ਜਿਸ ਨੇ (ਸਭ ਕੁਝ) ਪੈਦਾ ਕੀਤਾ ਹੈ। ਉਹ ਹਰ ਰਾਜ਼ ਜਾਣਨ ਵਾਲਾ ਅਤੇ (ਹਰ ਤਰ੍ਹਾਂ ਦੀ) ਖ਼ਬਰ ਰੱਖਣ ਵਾਲਾ ਹੈ।

15ਉਹ ਹੀ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਬਰਾਬਰ ਕਰ ਦਿੱਤਾ ਤਾਂ ਕਿ ਤੁਸੀ ਉਸ ਦੇ ਰਾਹਾਂ ਤੇ ਤੁਰੋ ਅਤੇ ਉਸ (ਅੱਲਾਹ) ਦੇ ਦਿੱਤੇ ਰਿਜ਼ਕ ਵਿਚੋਂ ਖਾਉ ਅਤੇ ਉਸ ਵੱਲ ਹੀ ਵਾਪਿਸ ਮੁੜਨਾ ਹੈ।

16ਕੀ ਤੁਸੀਂ ਉਸ ਤੋਂ ਬੇ-ਫ਼ਿਕਰੇ ਹੋ ਗਏ ਹੋ। ਜਿਹੜਾਂ ਆਕਾਸ਼ਾਂ ਵਿਚ ਹੈ ਕਿ ਤੁਹਾਨੂੰ ਧਰਤੀ ਵਿਚ ਧੱਸਾ ਦੇਵੇ ਫਿਰ ਉਹ ਕੰਬਣ ਲੱਗੇ।

17ਕੀ ਤੁਸੀਂ ਉਸ ਤੋਂ' ਬੇ-ਫਿਕਰੇ ਹੋ ਗਏ ਹੋ ਜਿਹੜਾ ਆਕਾਸ਼ ਵਿਚ ਹੈ, ਕਿ ਉਹ ਤੁਹਾਡੇ ਤੇ ਪੱਥਰਾ ਕਰ ਦੇਣ ਵਾਲੀ ਹਵਾ ਭੇਜ ਦੇਵੇ। ਫਿਰ ਤੁਸੀਂ ਸਮਝ ਲਵੌਗੇ ਕਿ ਮੇਰਾ ਭੈਅ-ਭੀਤ ਕਰਨਾ ਕਿਹੋ ਜਿਹਾ ਹੈ।

18ਅਤੇ ਉਨ੍ਹਾਂ ਨੇ ਝੁਠਲਾਇਆ, ਜਿਹੜੇ ਉਨ੍ਹਾਂ ਤੋਂ ਪਹਿਲਾਂ ਸਨ। ਤਾਂ ਕਿਹੋ ਜਿਹੀ ਹੋਈ ਮੇਰੀ ਫਿਟਕਾਰ।

19ਕੀ ਉਨ੍ਹਾਂ ਪੰਛੀਆਂ ਨੂੰ ਆਪਣੇ ਉੱਤੇ ਖੰਭ ਫੈਲਾਉਂਦੇ ਨਹੀਂ ਦੇਖਿਆ। ਅਤੇ ਉਹ ਉਨ੍ਹਾਂ (ਖੰਭਾਂ) ਨੂੰ ਸਮੇਟ ਵੀ ਲੈਂਦੇ ਹਨ। ਰਹਿਮਾਨ ਤੋਂ ਬਿਨਾ ਕੋਈ ਨਹੀਂ ਜਿਹੜਾ ਉਨ੍ਹਾਂ ਨੂੰ ਥੰਮ ਕੇ ਰੱਖਦਾ ਹੋਵੇ। ਬੇਸ਼ੱਕ ਉਹ ਹਰ ਚੀਜ਼ ਨੂੰ ਦੇਖ ਰਿਹਾ ਹੈ।

20ਭਲਾ ਕਿਹੜਾ ਹੈ ਜਿਹੜਾ ਤੁਹਾਡੀ ਫੌਜ ਬਣਾ ਕੇ ਰਹਿਮਾਨ ਦੇ ਮੁਕਾਬਲੇ ਤੁਹਾਡੀ ਮਦਦ ਕਰੇ?ਇਨਕਾਰ ਕਰਨ ਵਾਲੇ ਭੁਲੇਖੇ ਵਿਚ ਪਏ ਹੋਏ ਹਨ।

21ਭਲਾ ਕਿਹੜਾ ਹੈ ਜਿਹੜਾ ਤੁਹਾਨੂੰ ਰਿਜ਼ਕ ਦੇਵੇ, ਜਦੋਂ ਅੱਲਾਹ ਨੇ ਰਿਜ਼ਕ ਨੂੰ ਰੋਕ ਰੱਖਿਆ ਹੋਵੇ। ਸਗੋਂ ਇਹ ਬਗ਼ਾਵਤ ਅਤੇ ਈਰਖਾ ਵਿਚ ਫਸੇ ਪਏ ਹਨ।

22ਕੀ ਜਿਹੜਾ ਬੰਦਾ ਮੂੰਧੇ-ਮੂੰਹ ਤੁਰ ਰਿਹਾ ਹੈ, ਉਹ ਜ਼ਿਆਦਾ ਸੱਚਾ ਰਾਹ ਪ੍ਰਾਪਤ ਕਰਨ ਵਾਲਾ ਹੈ ਜਾਂ ਉਹ ਬੰਦਾਂ ਜਿਹੜਾ ਇੱਕ ਸਿੱਧੇ ਅਤੇ ਠੀਕ ਰਾਹ ਤੇ ਚੱਲ ਰਿਹਾ ਹੈ।

23ਆਸਖੋਂ, ਕਿ ਉਹ ਹੀ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਅੱਖਾਂ, ਕੰਨ ਅਤੇ ਦਿਲ ਬਣਾਏ। ਤੁਸੀਂ ਲੋਕ ਬਹੁਤ ਘੱਟ ਸ਼ੁਕਰਗੁਜ਼ਾਰ ਹੁੰਦੇ ਹੋ।

24ਆਖੋ, ਕਿ ਉਹ ਹੀ ਹੈ, ਜਿਸ ਨੇ ਤੁਹਾਨੂੰ ਧਰਤੀ ਤੇ ਫੈਲਾਇਆ ਅਤੇ ਤੁਸੀਂ ਉਸੇ ਵੱਲ ਹੀ ਇੱਕਠੇ ਕੀਤੇ ਜਾਵੋਗੇ।

25ਅਤੇ ਉਹ ਆਖਦੇ ਹਨ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ, ਜੇਕਰ ਤੁਸੀਂ ਸੱਚੇ ਹੋ।

26ਆਖੋ, ਕਿ ਇਹ ਗਿਆਨ ਅੱਲਾਹ ਦੇ ਕੌਲ ਹੈ ਅਤੇ ਮੈਂ ਖੁੱਲ੍ਹੇ ਤੋਰ ਤੇ ਡਰਾਉਣ ਵਾਲਾ ਹਾਂ।

27ਸੋਂ ਜਦੋਂ ਉਹ ਉਸ ਨੂੰ ਨੇੜੇ ਆਉਂਦਾ ਹੋਇਆ ਦੇਖਣਗੇ ਤਾਂ ਉਨ੍ਹਾਂ ਦੇ ਚਿਹਰੇ ਵਿਗੜ ਜਾਣਗੇ, ਜਿਨ੍ਹਾਂ ਨੇ ਅਵੱਗਿਆ ਕੀਤੀ ਅਤੇ ਕਿਹਾ ਜਾਵੇਗਾ ਕਿ ਇਹ ਹੀ ਹੈ ਉਹ ਚੀਜ਼ ਜਿਹੜੀ ਤੁਸੀਂ ਮੰਗਿਆ ਕਰਦੇ ਸੀ।

28ਆਖੋ, ਕਿ ਜੇਕਰ ਅੱਲਾਹ ਮੈਨੂੰ ਅਤੇ ਮੇਰੇ ਨਾਲਦਿਆਂ ਨੂੰ ਹਲਾਕ ਕਰ ਦੇ ਕੌਣ ਬਚਾਵੇਗਾ।

29ਆਖੋ, ਕਿ ਉਹ ਰਹਿਮਾਨ ਹੈ, ਅਸੀਂ ਉਸ ਤੇ ਈਮਾਨ ਲੈ ਆਏ ਅਤੇ ਉਸ ਤੇ ਹੀ ਅਸੀ' ਭਰੋਸਾ ਕੀਤਾ। ਸੋ ਜਲਦੀ ਹੀ ਤੁਸੀਂ ਜਾਣ ਲਵੋਗੇ ਕਿ ਸਪੱਸ਼ਟ ਕੁਰਾਹੇ ਤੇ ਕੌਣ ਹੈ।

30ਆਖੋ, ਕਿ ਦੱਸੋ ਜੇਕਰ ਤੁਹਾਡਾ ਪਾਣੀ ਨੀਵਾਂ ਉੱਤਰ ਜਾਵੇ ਤਾਂ ਕਿਹੜਾ ਹੈ ਜਿਹੜਾ ਤੁਹਾਡੇ ਲਈ ਸਾਫ ਪਾਣੀ ਲੈ ਆਵੇ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath