ਇਸਲਾਮ
ਪਿੱਛੇ

47. ਮੁਹੰਮਦ

1ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ, ਅੱਲਾਹ ਨੇ ਉਨ੍ਹਾਂ ਦੇ ਇਨ੍ਹਾਂ ਕਰਮਾਂ ਨੂੰ ਵਿਅਰਥ ਕਰ ਦਿੱਤਾ।

2ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ ਅਤੇ ਉਸ ਚੀਜ਼ ਨੂੰ ਮੰਨਿਆ, ਜਿਹੜਾ ਮੁਹੰਮਦ ਤੇ ਉਤਾਰਿਆ ਗਿਆ ਹੈ। ਅਤੇ ਉਹ ਸੱਚ ਹੈ ਉਨ੍ਹਾਂ ਦੇ ਰੱਬ ਵੱਲੋਂ ਅੱਲਾਹ ਨੇ ਉਨ੍ਹਾਂ ਦੇ ਐਬ ਉਨ੍ਹਾਂ ਤੋਂ ਦੂਰ ਕਰ ਦਿੱਤੇ ਅਤੇ ਉਨ੍ਹਾਂ ਦੀ ਹਾਲਤ ਸੁਧਾਰ ਦਿੱਤੀ।

3ਇਹ ਇਸ ਲਈ ਕਿ ਜਿੰਨ੍ਹਾ ਲੋਕਾਂ ਨੇ ਅਵੱਗਿਆ ਕੀਤੀ, ਉਨ੍ਹਾਂ ਨੇ ਕੂੜ ਦਾ ਪਾਲਣ ਕੀਤਾ। ਅਤੇ ਜਿਹੜੇ ਲੋਕ ਈਮਾਨ ਲਿਆਏ, ਉਨ੍ਹਾਂ ਨੇ ਸਤਿ ਦਾ ਪਾਲਣ ਕੀਤਾ, ਜਿਹੜਾ ਉਨ੍ਹਾਂ ਦੇ ਰੱਬ ਵੱਲੋਂ ਹੈ। ਇਸ ਤਰਾਂ ਅੱਲਾਹ ਲੋਕਾਂ ਲਈ ਉਨ੍ਹਾਂ ਦੀ ਮਿਸਾਲਾਂ ਬਿਆਨ ਕਰਦਾ ਹੈ।

4ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ।

5ਉਹ ਉਨ੍ਹਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ (ਮਾੜੀ) ਹਾਲਤ ਸੁਧਾਰ ਦੇਵੇਗਾ।

6ਅਤੇ ਉਨ੍ਹਾਂ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ। ਜਿਸ ਦੀ ਉਨ੍ਹਾਂ ਨੂੰ ਜਾਣ ਪਛਾਣ ਕਰਵਾ ਦਿੱਤੀ ਹੈ।

7ਹੇ ਈਮਾਨ ਵਲਿਓ! ਜੇਕਰ ਤੁਸੀਂ ਅੱਲਾਹ ਦੀ ਮਦਦ ਕਰੋਗੇ, ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਕਦਮਾਂ ਨੂੰ ਟਿਕਾ ਦੇਵੇਗਾ।

8ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਨ੍ਹਾਂ ਲਈ ਵਿਨਾਸ਼ ਹੈ। ਅੱਲਾਹ ਉਨ੍ਹਾਂ ਲੋਕਾਂ ਦੇ ਕਰਮਾਂ ਨੂੰ ਨਸ਼ਟ ਕਰ ਦੇਵੇਗਾ।

9ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਨੂੰ ਨਾ ਪਸੰਦ ਕੀਤਾ, ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵਿਅਰਥ ਕਰ ਦਿੱਤਾ।

10ਕੀ ਇਹ ਲੋਕ ਦੇਸ਼ ਵਿਚ ਤੁਰੇ ਫਿਰੇ ਨਹੀਂ ਕਿ ਇਹ ਉਨ੍ਹਾਂ ਲੋਕਾਂ ਦਾ ਅੰਤ ਦੇਖਦੇ, ਜਿਹੜੇ ਇਨ੍ਹਾਂ ਤੋਂ ਪਹਿਲਾ ਗੁਜ਼ਰ ਚੁੱਕੇ ਹਨ। ਅੱਲਾਹ ਨੇ ਉਨ੍ਹਾਂ ਨੰ ਪੁੱਟ ਸੁੱਟਿਆ ਅਤੇ ਇਹ ਹੀ ਅਵੱਗਿਆਕਾਰੀਆਂ ਲਈ ਪਹਿਲਾਂ ਤੋਂ ਨਿਰਧਾਰਿਤ ਹੈ।

11ਇਹ ਇਸ ਲਈ ਕਿ ਅੱਲਾਹ ਈਮਾਨ ਵਾਲਿਆਂ ਦਾ ਕਾਰਜ ਸਵਾਰਨ ਵਾਲਾ ਹੈ ਅਤੇ ਇਨਕਾਰੀਆਂ ਦਾ ਕੋਈ ਕੰਮ ਸਵਾਰਨ ਵਾਲਾ ਨਹੀਂ।

12ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲਿਓ ਨਹਿਰਾਂ ਵਗਦੀਆਂ ਹੋਣਗੀਆਂ। ਅਤੇ ਜਿਨ੍ਹਾਂ ਨੇ ਇਨਕਾਰ ਕੀਤਾ, ਉਹ (ਪਦਾਰਥਾਂ ਦਾ) ਉਪਭੌਗ ਕਰਦੇ ਹਨ, ਜਿਵੇਂ ਪਸ਼ੂ ਖਾਂਦੇ ਹਨ। ਇਨ੍ਹਾਂ ਲੋਕਾਂ ਦਾ ਟਿਕਾਣਾ ਅੱਗ ਹੈ।

13ਅਤੇ ਕਿਨ੍ਹੀਆਂ ਹੀ ਬਸਤੀਆਂ ਹਨ, ਜਿਨ੍ਹਾਂ (ਦੇ ਬਾਸ਼ਿੰਦਿਆਂ) ਨੇ ਤੁਹਾਨੂੰ ਕੱਢਿਆ ਹੈ ਅਤੇ ਜੋ ਤਾਕਤ ਵਿਚ ਤੁਹਾਡੀ ਇਸ ਬਸਤੀ ਨਾਲੋਂ ਕਿਤੇ ਵੱਧ ਸਨ। ਅਸੀਂ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ, ਤਾਂ ਕੋਈ ਉਨ੍ਹਾਂ ਦਾ ਸਹਾਇਕ ਨਹੀਂ ਹੋਇਆ।

14ਕੀ ਉਹ ਜਿਹੜੇ ਆਪਣੇ ਰੱਬ ਵੱਲੋ ਇੱਕ ਖੁੱਲੇ ਰਾਹ ਤੇ ਹੈ, ਉਹ ਉਸ ਤਰ੍ਹਾਂ ਹੋ ਜਾਵੇਗਾ, ਜਿਸ ਦੇ ਮਾੜੇ ਐਬ ਉਸ ਨੂੰ ਮਨਮੋਹਕ ਬਣਾ ਕੇ ਦਿਖਾਏ ਜਾਣ ਅਤੇ ਜਿਹੜਾ ਆਪਣੀਆਂ ਮਨੋਂ ਭਾਵਨਾਵਾਂ ਦੇ ਅਨੁਸਾਰ ਬੱਲੋ।

15ਜੰਨਤ ਦੀ ਮਿਸਾਲ ਜਿਸ ਦਾ ਵਾਅਦਾ ਡਰਨ ਵਾਲਿਆਂ ਲਈ ਕੀਤਾ ਗਿਆ ਸੀ ਅਤੇ ਜਿਸ ਵੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜਿਹੇ ਜਲ ਦੀਆਂ ਨਹਿਰਾਂ ਵਗਦੀਆਂ ਹੋਣਗੀਆਂ ਜਿਸ ਵਿਚ ਤਬਦੀਲੀ ਨਹੀਂ ਹੋਵੇਗੀ ਅਤੇ ਨਹਿਰਾਂ ਹੋਣਗੀਆਂ ਦੁੱਧ ਦੀਆਂ, ਜਿਸ ਦਾ ਸਵਾਦ ਨਹੀਂ ਬਦਲੇਗਾ ਅਤੇ ਨਹਿਰਾਂ ਹੋਣਗੀਆਂ ਸ਼ਰਾਬ ਦੀਆਂ, ਜਿਹੜੀਆਂ ਪੀਣ ਵਾਲਿਆਂ ਲਈ ਸਵਾਦੀ ਹੋਣਗੀਆਂ। ਅਤੇ ਨਹਿਰਾਂ ਹੋਣਗੀਆਂ ਸਾਫ ਸੁਥਰੇ ਸ਼ਹਿਦ ਦੀਆਂ। ਅਤੇ ਇਨ੍ਹਾਂ ਲਈ ਹਰੇਕ ਪ੍ਰਕਾਰ ਦੇ ਫ਼ਲ ਹੋਣਗੇ। ਅਤੇ ਪਾਲਣਹਾਰ ਵੱਲੋਂ ਇਨ੍ਹਾਂ ਲਈ ਮੁਆਫ਼ੀ ਹੋਵੇਗੀ। ਕੀ ਇਹ ਲੋਕ ਉਨ੍ਹਾਂ ਵਰਗੇ ਹੋ ਸਕਦੇ ਹਨ ਜਿਹੜੇ ਹਮੇਸ਼ਾ ਅੱਗ ਵਿਚ ਰਹਿਣਗੇ?ਅਤੇ ਜਿਨ੍ਹਾ ਨੰ ਖੌਲ੍ਹਦਾ ਹੋਇਆ ਜਲ ਛਕਣ ਲਈ ਦਿੱਤਾ ਜਾਵੇਗਾ। ਇਹ (ਖੌਲ੍ਹਦਾ ਹੋਇਆ ਜਲ) ਉਨ੍ਹਾਂ ਦੀਆਂ ਆਂਦਰਾਂ ਦੇ ਟੁਕੜੇ-ਟੁਕੜੇ ਕਰ ਦੇਵੇਗਾ।

16ਅਤੇ ਉਨ੍ਹਾਂ ਵਿਚ ਕੁਝ ਲੋਕ ਅਜਿਹੇ ਹਨ, ਜਿਹੜੇ ਤੁਹਾਡੇ ਵੱਲ ਕੰਨ ਲਗਾਉਂਦੇ ਹਨ, ਇਥੋਂ ਤੱਕ ਕਿ ਜਦੋਂ' ਤੁਹਾਡੇ ਤੋਂ (ਸੁਣ ਕੇ) ਬਾਹਰ ਆ ਜਾਂਦੇ ਹਨ ਤਾਂ ਗਿਆਨ ਵਾਲਿਆਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੇ ਹੁਣ ਕੀ ਆਖਿਆ ਹੈ?ਇਹ ਉਹ ਲੋਕ ਹਨ, ਜਿਨ੍ਹਾ ਦੇ ਦਿਲਾਂ ਤੇ ਅੱਲਾਹ ਨੇ ਮੁਹਰ ਲਾ ਦਿੱਤੀ ਹੈ। ਅਤੇ ਉਹ ਆਪਣੀਆਂ ਇੱਛਾਵਾਂ ਦਾ ਪਾਲਣ ਕਰਦੇ ਹਨ।

17ਅਤੇ ਜਿਨ੍ਹਾ ਲੋਕਾਂ ਨੇ ਕੁਰਆਨ ਦੀ ਸਿਖਿਆ ਦਾ ਰਾਹ ਅਪਣਾਇਆ ਤਾਂ ਅੱਲਾਹ ਉਨ੍ਹਾਂ ਨੂੰ ਹੋਰ ਜ਼ਿਆਦਾ ਮਾਰਗ ਦਰਸਨ ਪ੍ਰਦਾਨ ਕਰਦਾ ਹੈ। ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਹੇਜ਼ਗਾਰੀ ਨਾਲ ਨਿਵਾਜ਼ਦਾ

18ਇਹ ਲੋਕ ਤਾਂ ਸਿਰਫ਼ ਇਸ ਦੀ ਉਡੀਕ ਵਿਚ ਹਨ ਕਿ ਇਨ੍ਹਾਂ ਤੇ ਅਚਾਨਕ ਕਿਆਮਤ ਆ ਜਾਵੇ। ਤਾਂ ਉਸ ਦੀਆਂ ਨਿਸ਼ਾਨੀਆ ਪ੍ਰਗਟ ਹੋ ਚੁੱਕੀਆਂ ਹਨ। ਤਾਂ ਜਦੋਂ ਉਹ ਆ ਜਾਵੇਗੀ, ਤਾਂ ਇਨ੍ਹਾਂ ਲਈ' ਉਪਦੇਸ਼ ਪ੍ਰਾਪਤ ਕਰਨ ਦਾ ਮੌਕਾ ਕਿੱਥੇ ਰਹੇਗਾ

19ਤਾਂ ਸਮਝ ਲਵੋ ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣ ਯੋਗ ਨਹੀਂ ਅਤੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੋ ਅਤੇ ਮੁਆਫ਼ੀ ਮੰਗੋ, ਈਮਾਨ ਵਾਲੇ ਆਦਮੀਆਂ ਅਤੇ ਈਮਾਨ ਵਾਲੀਆਂ ਔਰਤਾਂ ਲਈ। ਅਤੇ ਤੁਹਾਡੇ ਤੋਰੇ ਫੇਰੇ ਨੂੰ ਅਤੇ ਤੁਹਾਡੇ ਟਿਕਾਣਿਆਂ ਨੂੰ ਅੱਲਾਹ ਜਾਣਦਾ ਹੈ।

20ਅਤੇ ਜਿਹੜੇ ਲੋਕ ਈਮਾਨ ਲਿਆਏ ਹਨ, ਉਹ ਆਖਦੇ ਹਨ ਕਿ ਕੋਈ ਸੂਰਤ ਕਿਉਂ ਨਹੀਂ ਉਤਾਰੀ ਜਾਂਦੀ। ਤਾਂ ਜਦੋਂ ਸਪੱਸ਼ਟ ਸੂਰਤ ਉਨ੍ਹਾਂ ਤੇ ਉਤਾਰੀ ਗਈ ਅਤੇ ਉਸ ਵਿਚ ਯੁੱਧ ਦਾ ਉਲੇਖ ਵੀ ਸੀ। ਤਾਂ ਤੁਸੀਂ ਦੇਖਿਆ ਕਿ ਜਿਨ੍ਹਾਂ ਦੇ ਦਿਲਾਂ ਵਿਚ ਖੋਟ ਹੈ, ਉਹ ਤੁਹਾਡੇ ਵੱਲ ਇਸ ਤਰਾਂ ਦੇਖ ਰਹੇ ਹਨ, ਜਿਵੇਂ ਕਿਸੇ ਤੇ ਮੌਤ (ਵਾਂਗ ਬੇਹੋਸ਼ੀ) ਛਾ ਗਈ ਹੋਵੇ। ਸੋ ਉਨ੍ਹਾਂ ਦਾ ਵਿਨਾਸ਼ ਹੈ।

21ਹੁਕਮ ਮੰਨਣਾ ਹੈ ਅਤੇ ਚੰਗੀ ਗੱਲ ਆਖਣੀ ਹੈ। ਸੋ ਜਦੋਂ ਫ਼ੈਸਲੇ ਦਾ ਅੰਤਿਮ ਨਿਰਣਾ ਹੋ ਜਾਵੇ ਤੇ ਜੇਕਰ ਉਹ ਅੱਲਾਹ ਨਾਲ ਸੱਚੇ ਰਹਿੰਦੇ ਹਨ ਤਾਂ ਉਨ੍ਹਾਂ ਲਈ ਬਿਹਤਰ ਹੁੰਦਾ।

22ਸੋ ਜਦੋਂ ਤੁਸੀਂ ਫਿਰ ਗਏ ਤਾਂ ਇਸ ਤੋਂ' ਬਿਨਾਂ ਤੁਹਾਡੇ ਤੋਂ ਕੁਝ ਉਮੀਦ ਨਹੀਂ ਕਿ ਤੁਸੀਂ ਧਰਤੀ ਤੇ ਵਿਗਾੜ ਨਾ ਪਾਵੋਂ ਅਤੇ ਆਪਸੀ ਰਿਸ਼ਤਿਆਂ ਨੂੰ ਨਾ ਤੋੜੋ।

23ਇਹ ਹੀ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਆਪਣੀ ਰਹਿਮਤ ਤੋਂ ਦੂਰ ਕਰ ਦਿੱਤਾ। ਸੋ ਉਨ੍ਹਾਂ ਨੂੰ ਗੂੰਗਾ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ।

24ਕੀ ਇਹ ਲੋਕ ਕੁਰਆਨ ਦਾ ਚਿੰਤਨ ਨਹੀਂ ਕਰਦੇ?ਜਾਂ ਇਨ੍ਹਾਂ ਦੇ ਦਿਲਾਂ ਨੂੰ ਜਿੰਦਰੇ ਲੱਗੇ ਹੋਏ ਹਨ।

25ਜਿਹੜੇ ਲੋਕ ਪਿੱਠ ਫੇਰ ਕੇ ਹਟ ਗਏ। (ਉਹ ਵੀ) ਇਸ ਤੋਂ ਬਾਅਦ ਕਿ ਮਾਰਗ ਦਰਸ਼ਨ ਉਨ੍ਹਾਂ ਲਈ ਸਪੱਸ਼ਟ ਹੋ ਗਿਆ। ਸ਼ੈਤਾਨ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਅੱਲਾਹ ਨੇ ਉਨ੍ਹਾਂ ਨੂੰ ਢਿੱਲ ਦਿੱਤੀ।

26ਇਹ ਇਸ ਲਈ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਜਿਹੜੇ ਅੱਲਾਹ ਦੀਆਂ ਉਤਾਰੀਆਂ ਹੋਈਆਂ ਚੀਜਾਂ ਨੂੰ ਨਾ ਪਸੰਦ ਕਰਦੇ ਹਨ, ਕਿਹਾ ਕਿ ਕੁਝ ਗੱਲਾਂ ਵਿਚ ਅਸੀਂ ਤੁਹਾਡਾ

27ਉਸ ਵੇਲੇ ਕੀ ਹੋਵੇਗਾ ਜਦੋਂ ਫ਼ਰਿਸ਼ਤੇ ਉਨ੍ਹਾਂ ਦੇ ਮੂੰਹ ਅਤੇ ਪਿੱਠਾਂ ਤੇ ਮਾਰਦੇ ਹੋਏ, ਪ੍ਰਾਣ ਕੱਢਦੇ ਹੋਣਗੇ।

28ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਦਾ ਪਾਲਣ ਕੀਤਾ, ਜਿਹੜੀ ਅੱਲਾਹ ਨੂੰ ਗੁੱਸਾ ਦਿਵਾਉਣ ਵਾਲੀ ਸੀ। ਅਤੇ ਉਨ੍ਹਾਂ ਨੇ ਉਸ ਦੀ ਪ੍ਰਸੰਨਤਾ ਨੂੰ ਨਾ ਪਸੰਦ ਕੀਤਾ। ਸੋ ਅੱਲਾਹ ਨੇ ਉਨ੍ਹਾਂ ਦੇ ਕਰਮ ਵਿਅਰਥ ਕਰ ਦਿੱਤੇ।

29ਜਿਨ੍ਹਾ ਲੋਕਾਂ ਦੇ ਦਿਲਾਂ ਵਿਚ ਖੋਟ ਹੈ, ਕੀ ਉਹ ਸਮਝਦੇ ਹਨ ਕਿ ਅੱਲਾਹ ਉਨ੍ਹਾਂ ਦੇ ਦੋਖ ਨੂੰ ਕਦੇ ਪ੍ਰਗਟ ਨਹੀਂ ਕਰੇਗਾ।

30ਅਤੇ ਜੇਕਰ ਅਸੀਂ' ਚਾਹੁੰਦੇ ਤਾਂ ਅਸੀਂ ਉਨ੍ਹਾਂ ਨੂ ਤੁਹਾਨੂੰ ਦਿਖਾ ਦਿੰਦੇ, ਤਾਂ ਤੁਸੀਂ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ' ਉਨ੍ਹਾਂ ਨੂੰ ਪਛਾਣ ਲੈਂਦੇ। ਅਤੇ ਤੁਸੀ' ਉਨ੍ਹਾਂ ਦੀ ਬੋਲ- ਬਾਣੀ ਤੋਂ ਜ਼ਰੂਰ ਉਨ੍ਹਾਂ ਨੂੰ ਪਹਿਜ਼ਾਣ ਲਵੋਗੇ। ਅਤੇ ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।

31ਅਤੇ ਅਸੀਂ ਜ਼ਰੂਰ ਤੁਹਾਨੂੰ ਇਮਤਿਹਾਨ ਵਿਚ ਪਾਵਾਂਗੇ। ਤਾ ਕਿ ਅਸੀਂ ਆਪਣਾ ਕਦਮ ਜਮਾ ਕੇ ਰੱਖਣ ਵਾਲੇ ਹਨ। ਅਤੇ ਅਸੀਂ ਤੁਹਾਡੀਆਂ ਪ੍ਰਸਥਿੱਤੀਆਂ ਦੀ ਪੜਤਾਲ ਕਰ ਲਈਏ।

32ਬੇਸ਼ੱਕ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ ਅਤੇ ਰਸੂਲਾਂ ਦਾ ਵੀ ਵਿਰੋਧ ਕੀਤਾ, ਜਦੋਂ ਕਿ ਉਨ੍ਹਾਂ ਨੂੰ ਸਿੱਧੇ ਰਾਹ ਦਾ ਸਪੱਸ਼ਟ ਪਤਾ ਲੱਗ ਚੁੱਕਾ ਹੈ। ਉਹ ਅੱਲਾਹ ਦਾ ਕੂਝ ਵੀ ਨਾ ਵਿਗਾੜ ਸਕਣਗੇ। ਅਤੇ ਅੱਲਾਹ ਉਨ੍ਹਾਂ ਦੇ ਕਰਮਾ ਨੂੰ ਬੇਕਾਰ ਕਰ ਦੇਵੇਗਾ।

33ਹੇ ਈਮਾਨ ਵਾਲਿਓ! ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੋਂ ਅਤੇ ਆਪਣੇ ਕਰਮਾ ਨੂੰ ਨਸ਼ਟ ਨਾ ਕਰੋ।

34ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ ਫਿਰ ਉਹ ਇਨਕਾਰੀ ਦੀ ਹਾਲਤ ਵਿਚ ਹੀ ਮਰ ਗਏ। ਅੱਲਾਹ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।

35ਤਾਂ ਤੁਸੀਂ ਧੀਰਜ ਨਾ ਛੱਡੋ ਅਤੇ (ਵੈਰੀਆਂ ਅੱਗੇ) ਸ਼ਾਂਤੀ ਲਈ ਸਮਝੌਤੇ ਵਾਸਤੇ ਬੇਨਤੀ ਨਾ ਕਰੋਂ। ਤੁਸੀਂ ਹੀ ਪ੍ਰਭਾਵਸ਼ਾਲੀ ਰਹੌਗੇ। ਅਤੇ ਅੱਲਾਹ ਤੁਹਾਡੇ ਨਾਲ ਹੈ ਅਤੇ ਉਹ ਕਦੇ ਵੀ ਤੁਹਾਡੇ ਯਤਨਾਂ ਨੂੰ ਬੇਕਾਰ ਨਹੀਂ ਜਾਣ ਦੇਵੇਗਾ।

36ਸੰਸਾਰ ਦਾ ਜੀਵਨ ਤਾਂ ਸਿਰਫ਼ ਇੱਕ ਖੇਲ ਤਮਾਸ਼ਾ ਹੈ ਅਤੇ ਜੇਕਰ ਤੁਸੀਂ ਈਮਾਨ ਲਿਆਉ ਅਤੇ ਪ੍ਰਹੇਜ਼ਗਾਰੀ ਅਪਣਾਉ ਤਾਂ ਅੱਲਾਹ ਤੁਹਾਨੂੰ ਤੁਹਾਡਾ ਫ਼ਲ ਪ੍ਰ ਦਾਨ ਕਰੇਗਾ ਅਤੇ ਉਹ ਤੁਹਾਡੀ ਜਾਇਦਾਦ ਤੁਹਾਡੇ ਤੋਂ ਨਹੀਂ ਮੰਗੇਗਾ।

37ਜੇਕਰ ਉਹ ਤੁਹਾਡੇ ਤੋਂ ਤੁਹਾਡੀ ਸੰਪਤੀ ਮੰਗੇ ਅਤੇ ਅੰਤ ਤੱਕ ਮੰਗਦਾ ਰਹੇ ਤਾਂ ਤੁਸੀਂ ਕੰਜੂਸੀ ਕਰਨ ਲੱਗੋਂ, ਤਾਂ ਉਹ ਤੁਹਾਡੇ ਗੁਨਾਹ ਪ੍ਰਗਟ ਕਰ ਦੇਵੇ।

38ਹਾਂ ਤੁਸੀਂ ਉਹ ਲੋਕ ਹੋ ਕਿ ਤੁਹਾਨੂੰ ਅੱਲਾਹ ਦੇ ਰਾਹ ਵਿਚ ਖਰਚ ਕਰਨ ਲਈ ਸੱਦਿਆ ਜਾਂਦਾ ਹੈ, ਤਾਂ ਤੁਹਾਡੇ ਵਿਚੋਂ ਕੁਝ ਲੋਕ ਅਜਿਹੇ ਹਨ ਕਿ ਕੰਜੂਸੀ ਕਰਨ ਲੱਗ ਜਾਂਦੇ ਹਨ। ਜਿਹੜੇ ਬੰਦੇ ਕੰਜੂਸੀ ਕਰਦੇ ਹਨ ਤਾਂ ਉਹ ਆਪਣੇ ਨਾਲ ਹੀ ਕੰਜੂਸੀ ਕਰਦੇ ਹਨ। ਅੱਲਾਹ ਤਾਂ ਬੇਪ੍ਰਵਾਹ ਹੈ ਅਤੇ ਤੁਸੀਂ ਮੁਹਤਾਜ ਹੋ। ਜੇਕਰ ਤੁਸੀਂ ਮੂੰਹ ਮੋੜੋਂਗੇ, ਤਾਂ ਅੱਲਾਹ ਤੁਹਾਡੇ ਸਥਾਨ ਤੇ ਕਿਸੇ ਦੂਸਰੀ ਕੌਮ ਨੂੰ ਲੈ ਆਵੇਗਾ। ਫਿਰ ਉਹ ਤੁਹਾਡੇ ਵਰਗੇ ਨਹੀਂ' ਹੋਣਗੇ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath