ਇਸਲਾਮ
ਪਿੱਛੇ

23. ਅਲ-ਮੁਮੀਨੂਨ

1ਯਕੀਨਨ ਈਮਾਨ ਵਾਲਿਆਂ ਨੇ ਦੋਵਾਂ ਸੰਸਾਰਾਂ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ

2ਜਿਹੜੇ ਆਪਣੀ ਨਮਾਜ਼ ਲਈ ਝੁਕਣ ਵਾਲੇ ਹਨ।

3ਅਤੇ ਜਿਹੜੇ ਫਾਲਤੂ ਗੱਲਾਂ ਤੋਂ ਬਚਦੇ ਹਨ।

4ਅਤੇ ਜ਼ਕਾਤ ਅਦਾ ਕਰਨ ਵਾਲੇ ਹਨ।

5ਅਤੇ ਜਿਹੜੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਹਨ।

6ਬਿਨ੍ਹਾਂ ਆਪਣੀਆਂ ਪਤਨੀਆਂ ਦੇ ਅਤੇ ਉਨ੍ਹਾਂ ਔਰਤਾਂ ਦੇ ਜਿਹੜੀਆਂ ਉਨ੍ਹਾਂ ਦੀ ਮਲਕੀਅਤ ਵਿਚ ਹੋਣ ਕਿ ਉਨ੍ਹਾਂ ਨਾਲ ਸੰਗ ਕਰਨ ਵਿਚ ਕੋਈ ਮਾੜਾ ਨਹੀਂ।

7ਹਾਂ ਜਿਹੜੇ ਉਨ੍ਹਾਂ ਤੋਂ ਬਿਨ੍ਹਾਂ ਹੋਰਾਂ ਦੇ ਇਛੁੱਕ ਹਨ ਅਤੇ ਇਹ ਹੱਦਾਂ ਟੱਪਣ ਵਾਲੇ ਹਨ।

8ਅਤੇ ਜਿਹੜੇ ਆਪਣੀਆਂ ਅਮਾਨਤਾਂ ਅਤੇ ਇਕਰਾਰਾਂ ਦਾ ਧਿਆਨ ਰੱਖਣ ਵਾਲੇ ਹਨ।

9ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰੱਖਿਆ ਕਰਦੇ ਹਨੇ।

10ਤਾਂ ਉਹ ਹੀ ਲੋਕ ਵਾਰਿਸ ਹੋਣ ਵਾਲੇ ਹਨ, ਜਿਹੜੇ ਸਵਰਗ ਦੀ ਵਿਰਾਸਤ ਪਾਉਣਗੇ।

11ਉਹ ਉਸ ਵਿਚ ਹਮੇਸ਼ਾਂ ਰਹਿਣਗੇ।

12ਅਤੇ ਅਸੀਂ ਮਨੁੱਖ ਨੂੰ ਮਿੱਟੀ ਦੇ ਤੱਤ ਤੋਂ ਪੈਦਾ ਕੀਤਾ ਹੈ।

13ਫਿਰ ਅਸੀਂ ਪਾਣੀ ਦੀ ਇੱਕ ਬੂੰਦ ਦੇ ਰੂਪ ਵਿਚ ਉਸ ਨੂੰ ਇੱਕ ਸੁਰੱਖਿਅਤ ਟਿਕਾਣੇ ਵਿਚ ਰੱਖਿਆ।

14ਫਿਰ ਅਸੀਂ ਪਾਣੀ ਦੀ ਇੱਕ ਬੂੰਦ ਤੋਂ ਇੱਕ ਭਰੂਣ ਦਾ ਰੂਪ ਦਿੱਤਾ, ਫਿਰ ਭਰੂਣ ਨੂੰ ਮਾਸ ਦਾ ਇੱਕ ਲੋਕੜਾ ਬਣਾਇਆ, ਫਿਰ ਲੋਥੜੇ ਦੇ ਅੰਦਰ ਹੱਡੀਆਂ ਪੈਦਾ ਕੀਤੀਆਂ। ਫਿਰ ਅਸੀਂ ਹੱਡੀਆਂ ਉੱਤੇ ਮਾਸ ਚੜ੍ਹਾ ਦਿੱਤਾ। ਫਿਰ ਅਸੀਂ ਉਸ ਨੂੰ ਇੱਕ ਨਵੇਂ ਰੂਪ ਵਿਚ ਖੜ੍ਹਾ ਕੀਤਾ। ਤਾਂ ਉਹ ਅੱਲਾਹ ਵੱਡੀਆਂ ਬਰਕਤਾਂ ਵਾਲਾ ਅਤੇ ਅਤਿ ਉੱਤਮ ਸਿਰਜਣਹਾਰ ਹੈ।

15ਫਿਰ ਇਸ ਤੋਂ ਮਗਰੋਂ ਤੁਸੀਂ ਜ਼ਰੂਰ ਮਰਨਾ ਹੈ।

16ਫਿਰ ਤੁਸੀਂ ਕਿਆਮਤ ਦੇ ਦਿਨ ਜਿੰਦਾ ਕੀਤੇ ਜਾਉਗੇ।

17ਫਿਰ ਅਸੀਂ ਤੁਹਾਡੇ ਲਈ ਸੱਤ ਰਾਹ ਬਣਾਏ ਅਤੇ ਅਸੀਂ ਖਲਕਤ ਤੋਂ ਬੇਖ਼ਬਰ ਨਹੀਂ ਹੋਏ।

18ਅਤੇ ਅਸੀਂ ਅਸਮਾਨ ਤੋਂ ਇਕ ਨਿਯਤ ਤਰੀਕੇ ਨਾਲ ਪਾਣੀ ਵਰਸਾਇਆ। ਫਿਰ ਅਸੀਂ ਉਸ ਨੂੰ ਧਰਤੀ ਵਿਚ ਰੋਕ ਦਿੱਤਾ। ਅਤੇ ਅਸੀਂ ਉਸ ਨੂੰ ਵਾਪਿਸ ਲੈਣ ਦੇ ਵੀ ਸਮਰੱਥ ਹਾਂ।

19ਫਿਰ ਅਸੀਂ ਉਸ ਵਿਚੋਂ ਤੁਹਾਡੇ ਲਈ ਖਜੂਰ ਅਤੇ ਅੰਗੂਰ ਦੇ ਬਾਗ਼ ਪੈਦਾ ਕੀਤੇ। ਤੁਹਾਡੇ ਲਈ ਉਨ੍ਹਾਂ ਵਿਚ ਬਹੁਤ ਸਾਰੇ ਫ਼ਲ ਹਨ ਅਤੇ ਤੁਸੀਂ ਉਨ੍ਹਾਂ ਵਿਚੋਂ' ਖਾਂਦੇ ਹੋ।

20ਅਤੇ ਅਸੀਂ ਉਹ ਰੁੱਖ ਪੈਦਾ ਕੀਤਾ ਜਿਹੜਾ ਸੀਨਾ ਪਹਾੜ ਤੋਂ ਨਿਕਲਦਾ ਹੈ, ਉਹ ਤੇਲ ਲੈ ਕੇ ਉਗਦਾ ਹੈ ਅਤੇ ਖਾਣ ਵਾਲਿਆਂ ਲਈ ਸਾਲਣ ਵੀ।

21ਅਤੇ ਤੁਹਾਡੇ ਲਈ ਜਾਨਵਰਾਂ ਵਿਚ ਸਿੱਖਿਆ ਹੈ। ਅਸੀਂ ਤੁਹਾਨੂੰ ਉਨ੍ਹਾਂ ਦੇ ਪੇਟ ਵਿਚੋਂ ਚੀਜ਼ਾਂ (ਦੁੱਧ) ਪਿਲਾਉਂਦੇ ਹਾਂ। ਅਤੇ ਤੁਹਾਡੇ ਲਈ ਉਨ੍ਹਾਂ ਦੇ ਅਨੇਕਾਂ ਲਾਭ ਹਨ ਅਤੇ ਤੁਸੀਂ ਉਨ੍ਹਾਂ ਨੂੰ ਖਾਂਦੇ ਹੋ।

22ਅਤੇ ਤੁਸੀਂ ਉਨ੍ਹਾਂ ਉੱਪਰ ਅਤੇ ਕਿਸ਼ਤੀਆਂ ਉੱਪਰ ਸਵਾਰੀ ਕਰਦੇ ਹੋ।

23ਅਤੇ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ ਤਾਂ ਉਸ ਨੇ ਆਖਿਆ ਹੈ ਮੇਰੀ ਕੌਮ! ਤੁਸੀਂ ਅੱਲਾਹ ਦੀ ਬੰਦਗੀ ਕਰੋ। ਉਸ ਤੋਂ' ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਕੀ ਤੁਸੀ ਡਰਦੇ ਨਹੀਂ

24ਤਾਂ ਉਸ ਦੀ ਕੌਮ ਦੇ ਸਰਦਾਰ, ਜਿਹੜੇ ਇਨਕਾਰੀ ਸਨ। ਉਨ੍ਹਾਂ ਨੇ ਆਖਿਆ ਇਹ ਤਾਂ ਬੱਸ ਤੁਹਾਡੇ ਵਰਗਾ ਇੱਕ ਆਦਮੀ ਹੈ। ਉਹ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਆਪਣਾ ਪ੍ਰਭਾਵ ਜਮਾ ਲਵੇ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਫ਼ਰਿਸ਼ਤੇ ਭੇਜਦਾ। ਅਸੀਂ ਇਹ ਗੱਲ ਆਪਣੇ ਪਿਛਲੇ ਵਡੇਰਿਆਂ ਤੋਂ ਨਹੀਂ ਸੁਣੀ।

25ਇਹ ਤਾਂ ਬੱਸ ਇੱਕ ਬੰਦਾ ਹੈ ਜਿਸ ਤੇ ਪਾਗਲਪਨ ਸਵਾਰ ਹੈ “ਤਾਂ ਬਸ ਇੱਕ ਸਮੇਂ ਤੱਕ ਇਸ ਦੀ ਉਡੀਕ ਕਰੋ।

26ਨੂਹ ਨੇ ਆਖਿਆ ਹੇ ਮੇਰੇ ਪਾਲਣਹਾਰ! ਤੂੰ ਮੇਰੀ ਮਦਦ ਕਰ ਕਿਉਂਕਿ ਇਨ੍ਹਾਂ ਨੇ ਮੈਨੂੰ ਝੁਠਲਾ ਦਿੱਤਾ ਹੈ।

27ਤਾਂ ਅਸੀਂ ਉਨ੍ਹਾਂ ਨੂੰ ਇੱਕ ਵਹੀ ਭੇਜੀ ਕਿ ਤੁਸੀਂ ਸਾਡੇ ਸਾਹਮਣੇ ਇੱਕ ਕਿਸ਼ਤੀ ਤਿਆਰ ਕਰੋ ਸਾਡੇ ਮਾਰਗ ਦਰਸ਼ਨ ਦੇ ਅਨੁਸਾਰ। ਅਤੇ ਜਦੋਂ ਸਾਡਾ ਹੁਕਮ ਆ ਜਾਵੇ ਅਤੇ ਧਰਤੀ ਦਾ ਪਾਣੀ ਉਬਲ ਪਵੇ ਤਾਂ ਹਰੇਕ ਕਿਸਮ ਦੇ ਜਾਨਵਰਾਂ ਵਿਚੋਂ ਇੱਕ-ਇੱਕ ਜੋੜਾ ਲੈ ਕੇ ਉਸ (ਕਿਸ਼ਤੀ) ਵਿਚ ਸਵਾਰ ਹੋ ਜਾਵੋ। ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਿਲ੍ਹਾਂ ਉਨ੍ਹਾਂ ਦੇ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਫ਼ੈਸਲਾ ਹੋ ਜ਼ੁੱਕਿਆ ਹੈ (ਨਾਲ ਲੈ ਲਵੋ? ਅਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਉਨ੍ਹਾਂ ਦੇ ਮਾਮਲੇ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬੇਸ਼ੱਕ ਉਨ੍ਹਾਂ ਨੇ ਡੱਬਣਾ ਹੈ।)

28ਫਿਰ ਜਦੋਂ ਤੁਸੀਂ ਅਤੇ ਤੁਹਾਡੇ ਸਾਥੀ ਕਿਸ਼ਤੀ ਵਿਚ ਬੈਠ ਜਾਣ ਤਾਂ ਆਖੋ ਕਿ ਸਿਫਤ ਹੈ ਅੱਲਾਹ ਦੀ ਜਿਸ ਨੇ ਸਾਨੂੰ ਜ਼ਾਲਿਮ ਲੋਕਾਂ ਤੋਂ ਬਚਾਇਆ।

29ਅਤੇ ਆਖੋਂ ਕਿ ਹੈ ਮੇਰੇ ਪਾਲਣਹਾਰ! ਤੂੰ ਮੈਨੂੰ ਬਰਕਤ ਵਾਲੀ ਥਾਂ ਉੱਪਰ ਉਤਾਰ ਅਤੇ ਤੂੰ ਸਭ ਤੋਂ ਵਧੀਆ ਉਤਾਰਨ ਵਾਲਾ ਹੈ।

30ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਅਤੇ ਬੇਸ਼ੱਕ ਅਸੀਂ ਬੰਦਿਆਂ ਦਾ ਇਮਤਿਹਾਨ ਲੈਂਦੇ ਹਾਂ।

31ਫਿਰ ਅਸੀਂ ਉਸ ਤੋਂ ਮਗਰੋਂ ਦੂਜਾ ਸਮੂਹ ਪੈਦਾ ਕੀਤਾ।

32ਫਿਰ ਉਨ੍ਹਾਂ ਵਿਚੋਂ' ਹੀਂ ਇੱਕ ਰਸੂਲ ਉਨ੍ਹਾਂ ਕੋਲ ਭੇਜਿਆ ਕਿ ਤੁਸੀਂ ਅੱਲਾਹ ਦੀ ਇਬਾਦਤ ਕਰੋ ਉਸ ਤੋਂ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਕੀ ਤੁਸੀਂ ਡਰਦੇ ਨਹੀਂ

33ਅਤੇ ਉਸ ਦੀ ਕੌਮ ਦੇ ਸਰਦਾਰਾਂ ਨੇ ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਪ੍ਰਲੋਕ ਦੀ ਮੁਲਾਕਾਤ ਨੂੰ ਬੁਠਲਾਇਆ ਅਸੀਂ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਖੁਸ਼ਹਾਲੀ ਬਖਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਸਾਡੇ ਵਰਗਾ ਹੀ ਇੱਕ ਬੰਦਾ ਹੈ ਉਹੀ ਖਾਂਦਾ ਹੈ ਜਿਹੜਾ ਤੁਸੀਂ ਖਾਂਦੇ ਹੋ ਅਤੇ ਉਹ ਹੀ ਪੀਂਦਾ ਹੈ ਜਿਹੜਾ ਤੁਸੀਂ ਪੀਂਦੇ ਹੋ।

34ਅਤੇ ਜੇਕਰ ਤੁਸੀਂ ਆਪਣੇ ਵਰਗੇ ਹੀ ਇੱਕ ਬੰਦੇ ਦੀ ਗੱਲ ਮੰਨੀ ਤਾਂ ਤੁਸੀਂ ਵੱਡੇ ਘਾਟੇ ਵਿਚ ਰਹੌਂਗੇ।

35ਕੀ ਇਹ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਜਦੋਂ' ਤੁਸੀ ਮਰ ਜਾਉਗੇ ਅਤੇ ਮਿੱਟੀ ਅਤੇ ਹੱਡੀਆਂ ਹੋ ਜਾਵੋਗੇ ਤਾਂ ਫਿਰ ਤੂਸੀ' ਕਬਰਾਂ ਵਿਚੋਂ ਕੱਢੇ ਜਾਉਂਗੇ।

36ਇਹ ਫਜ਼ੂਲ ਗੱਲਾਂ ਹਨ ਜਿਹੜੀਆਂ ਤੁਹਾਨੂੰ ਦੱਸੀਆਂ ਜਾ ਰਹੀਆਂ ਹਨ।

37ਜੀਵਨ ਤਾਂ ਇਹੋ ਹੀ ਹੈ ਸੰਸਾਰਿਕ ਜੀਵਨ। ਇੱਥੇ ਅਸੀਂ ਮਰਦੇ ਹਾਂ ਅਤੇ ਜਿਊਂਦੇ ਹਾਂ ਅਤੇ ਅਸੀਂ ਫਿਰ ਉਠਾਏ ਜਾਣ ਵਾਲੇ ਨਹੀਂ।

38ਇਹ ਤਾਂ ਬੱਸ ਇਕ ਅਜਿਹਾ ਬੰਦਾ ਹੈ ਜਿਸ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਹੈ। ਅਤੇ ਅਸੀਂ ਇਸ ਨੂੰ ਮੰਨਣ ਵਾਲੇ ਨਹੀਂ।

39ਰਸੂਲ ਨੇ ਕਿਹਾ ਹੇ ਮੇਰੇ ਪਾਲਣਹਾਰ! ਮੇਰੀ ਮਦਦ ਕਰ (ਕਿਉਂਕਿ) ਇਨ੍ਹਾਂ ਨੇ ਮੈਨੂੰ ਝੁਠਲਾ ਦਿੱਤਾ ਹੈ।

40ਫ਼ਰਮਾਇਆ ਕਿ ਇਹ ਲੋਕ ਜਲਦੀ ਹੀ ਪਛਤਾਉਣਗੇ।

41ਅਤੇ ਉਨ੍ਹਾਂ ਨੂੰ ਸਿੱਟੇ ਵਜੋਂ ਇੱਕ ਭਿਆਨਕ ਅਵਾਜ਼ ਨੇ ਫੜ ਲਿਆ। ਫਿਰ ਅਸੀਂ ਉਨ੍ਹਾਂ ਨੂੰ ਕੂੜਾ ਕਚਰਾ ਬਣਾ ਕੇ ਰੱਖ ਦਿੱਤਾ। ਤਾਂ ਦਫ਼ਾ ਹੋਈ ਜ਼ਾਲਿਮ ਕੌਂਮ।

42ਫਿਰ ਅਸੀਂ ਉਨ੍ਹਾਂ ਤੋਂ ਮਗਰੋਂ ਅਨੇਕਾਂ ਕੌਮਾਂ ਪੈਦਾ ਕੀਤੀਆ।

43ਕੋਈ ਕੌਮ ਨਾ ਆਪਣੇ ਵਾਅਦੇ ਤੋਂ ਅੱਗੇ ਜਾਂਦੀ ਅਤੇ ਨਾ ਉਸ ਤੋਂ ਪਿੱਛੇ ਰਹਿੰਦੀ।

44ਫਿਰ ਅਸੀਂ ਲਗਾਤਾਰ ਆਪਣੇ ਰਸੂਲ ਭੇਜੇ ਜਦੋਂ ਵੀ ਕਿਸੇ ਕੌਂਮ ਦੇ ਕੋਲ ਉਸ ਦਾ ਰਸੂਲ ਆਇਆ ਤਾਂ ਉਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ। ਤਾਂ ਅਸੀਂ ਇੱਕ ਤੋਂ ਬਾਅਦ ਇੱਕ ਸਾਰਿਆਂ ਦਾ ਮਲੀਆ ਮੇਟ ਕਰ ਦਿੱਤਾ। ਅਤੇ ਅਸੀਂ' ਉਨ੍ਹਾਂ ਨੂੰ ਕਿੱਸੇ ਕਹਾਣੀਆਂ ਬਣਾ ਛੱਡਿਆ। ਤਾਂ ਦੂਰ ਹੋਣ ਉਹ ਲੋਕ ਜਿਹੜੇ ਈਮਾਨ ਨਹੀਂ ਲਿਆਉਂਦੇ।

45ਫਿਰ ਅਸੀਂ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਆਪਣੀਆਂ ਨਿਸ਼ਾਨੀਆਂ ਅਤੇ ਪ੍ਰਤੱਖ ਦਲੀਲਾਂ ਦੇ ਨਾਲ ਭੇਜਿਆ।

46ਫਿਰਔਨ ਅਤੇ ਉਸ ਦੇ ਦਰਬਾਰੀਆਂ ਦੇ ਕੋਲ, ਤਾਂ ਉਹ ਹੰਕਾਰੀ ਲੋਕ ਸਨ, ਉਨ੍ਹਾਂ ਨੇ ਹੰਕਾਰ ਕੀਤਾ।

47ਤਾਂ ਉਨ੍ਹਾਂ ਨੇ ਕਿਹਾ ਕਿ ਕੀ ਅਸੀਂ ਆਪਣੇ ਵਰਗੇ ਦੋ ਆਦਮੀਆਂ ਦੀ ਗੱਲ ਮੰਨ ਲਈਏ। ਜਦੋਂ' ਕਿ ਇਨ੍ਹਾਂ ਦੀ ਕੌਮ ਦੇ ਲੋਕ ਸਾਡੇ ਗੁਲਾਮ ਹਨ।

48ਫਿਰ ਉਨ੍ਹਾਂ ਨੇ ਉਨ੍ਹਾਂ ਨੂੰ ਝੁਠਲਾ ਦਿੱਤਾ। ਫਿਰ ਉਹ ਨਸ਼ਟ ਕਰ ਦਿੱਤੇ ਗਏ।

49ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਤਾਂ ਕਿ ਉਹ ਰਾਹ ਪਾਉਣ।

50ਫਿਰ ਅਸੀਂ ਮਰੀਅਮ ਦੇ ਬੇਟੇ ਅਤੇ ਉਸ ਦੀ ਮਾਂ ਨੂੰ ਇੱਕ ਨਿਸ਼ਾਨੀ ਬਣਾਇਆ ਅਤੇ ਅਸੀਂ ਉਨ੍ਹਾਂ ਨੂੰ ਇੱਕ ਉਚੀ ਧਰਤੀ ਉੱਤੇ ਇੱਕ ਟਿਕਾਣਾ ਦਿੱਤਾ, ਜਿਹੜੀ ਸ਼ਾਂਤੀ ਦੀ ਜਗ੍ਹਾ ਸੀ ਅਤੇ ਉਥੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ।

51ਹੇ ਪੈਗੰਬਰੋ! ਸਾਫ ਚੀਜ਼ਾਂ ਖਾਉ ਅਤੇ ਚੰਗੇ ਕੰਮ ਕਰੋ। ਮੈਂ ਜਾਣਦਾ ਹਾਂ ਜੋ ਕੁਝ ਤੁਸੀਂ ਕਰਦੇ ਹੋ।

52ਅਤੇ ਇਹ ਕਿ ਤੁਹਾਡਾ ਧਰਮ ਇੱਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਰੱਬ ਹਾਂ। ਇਸ ਲਈ ਤੁਸੀਂ ਮੇਰੇ ਤੋਂ ਡਰੋ।

53ਫਿਰ ਲੋਕਾਂ ਨੇ ਅਪਾਣੇ ਧਰਮ ਨੂੰ ਪਰਸਪਰ ਟੁੱਕੜੇ-ਟੁੱਕੜੇ ਕਰ ਲਿਆ। ਹਰੇਕ ਸਮੂਹ ਦੇ ਕੋਲ ਜੋ ਵੀ ਕੁਝ ਹੈ ਉਹ ਉਸੇ ਤੇ ਹੀ ਮਗਨ ਹੈ।

54ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਬੇਹੋਸ਼ੀ ਵਿਚ ਕੂਝ ਦਿਨ ਛੱਡ ਦੇਵੋ।

55ਕੀ ਉਹ ਸਮਝਦੇ ਹਨ ਕਿ ਅਸੀਂ ਉਨ੍ਹਾਂ ਨੂੰ ਜਿਹੜੀ ਜਾਇਦਾਦ ਅਤੇ ਔਲਾਦ ਦੇ ਰਹੇ ਹਾਂ।

56ਤਾਂ ਅਸੀਂ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਸਰਗਰਮ ਹਾਂ। ਸਗੋਂ ਇਹ ਪ੍ਰੀਖਿਆ ਹੈ। ਲੇਕਿਨ ਉਹ ਗੱਲ ਨੂੰ ਨਹੀਂ ਸਮਝਦੇ।

57ਬੇਸ਼ੱਕ ਜਿਹੜੇ ਲੋਕ ਆਪਣੇ ਰੱਬ ਦੇ ਪ੍ਰਕੋਪ ਤੋਂ ਡਰਦੇ ਹਨ।

58ਅਤੇ ਜਿਹੜੇ ਲੋਕ ਆਪਣੇ ਰੱਬ ਦੀਆਂ ਆਇਤਾਂ ਉੱਪਰ ਈਮਾਨ ਰੱਖਦੇ ਹਨ।

59ਅਤੇ ਜਿਹੜੇ ਲੋਕ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਬਣਾਉਂਦੇ।

60ਅਤੇ ਜਿਹੜੇ ਲੋਕ ਦੇ ਸਕਦੇ ਹਨ ਉਹ ਰੱਬ ਦੇ ਰਾਹ ਵਿਚ ਦਿੰਦੇ ਹਨ ਅਤੇ ਉਨ੍ਹਾਂ ਦੇ ਦਿਲ ਕੰਬਦੇ ਹਨ ਕਿ ਉਹ ਆਪਣੇ ਰੱਬ ਵੱਲ ਵਾਪਸ ਜਾਣ ਵਾਲੇ ਹਨ।

61ਇਹ ਲੋਕ ਚੰਗਿਆਈ ਦੇ ਰਾਹ ਵੱਲ ਭੱਜ ਪੈਂਦੇ ਹਨ ਅਤੇ ਨੇਕੀਆਂ ਵਿਚ ਸਭ ਤੋਂ ਅੱਗੇ ਪਹੁੰਚਣ ਵਾਲੇ ਹਨ।

62ਅਤੇ ਅਸੀਂ ਕਿਸੇ ਉੱਪਰ ਉਸ ਦੀ ਸਮਰੱਥਾ ਤੋਂ ਜ਼ਿਆਦਾ ਭਾਰ ਨਹੀਂ ਪਾਉਂਦੇ। ਅਤੇ ਸਾਡੇ ਕੋਲ ਅਸੂਲਾਂ ਦੀ ਇੱਕ ਕਿਤਾਬ ਹੈ, ਜਿਹੜੀ ਬਿਲਕੁਲ ਸਹੀ ਬੋਲਦੀ ਹੈ ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਹੋਵੇਗਾ।

63ਸਗੋਂ ਉਨ੍ਹਾਂ ਦੇ ਦਿਲ ਉਸ ਵਲੋਂ ਗਾਫ਼ਿਲ ਹਨ ਅਤੇ ਉਨ੍ਹਾਂ ਦੇ ਕੁਝ ਕਰਮ ਇਸ ਤੋਂ' ਬਿਨ੍ਹਾਂ ਹਨ ਅਤੇ ਉਹ ਉਨ੍ਹਾਂ ਨੂੰ ਕਰਦੇ ਰਹਿਣਗੇ।

64ਇੱਥੋਂ ਲੱਗਣਗੇ।

65ਹੁਣ ਬੇਨਤੀਆਂ ਨਾ ਕਰੋ ਹੁਣ ਸਾਡੇ ਵੱਲੋਂ ਤੁਹਾਨੂੰ ਕੋਈ ਮਦਦ ਨਹੀਂ ਪਹੁੰਚੇਗੀ।

66ਤੁਹਾਨੂੰ ਮੇਰੀਆਂ ਆਇਤਾਂ ਸੁਣਾਈਆਂ ਜਾਂਦੀਆਂ ਸਨ ਤਾਂ ਤੁਸੀਂ ਮੂੰਹ ਫੇਰ ਕੇ ਭੱਜ ਜਾਂਦੇ ਸੀ।

67ਇਸ ਨਾਲ ਹੰਕਾਰ ਕਰਕੇ। ਮਾਨੋ, ਕਿੱਸੇ ਕਹਾਣੀਆਂ ਬਿਆਨ ਕਰਨ ਵਾਲੇ ਨੂੰ ਛੱਡ ਰਹੇ ਹੋ।

68ਫਿਰ ਕੀ ਉਨ੍ਹਾਂ ਨੇ ਇਸ ਬਾਣੀ ਉੱਪਰ ਵਿਚਾਰ ਨਹੀਂ ਕੀਤਾ ਜਾਂ ਇਨ੍ਹਾਂ ਦੇ ਕੋਲ ਅਜਿਹੀ ਚੀਜ਼ ਆਈ ਹੈ ਜਿਹੜੀ ਇਨ੍ਹਾਂ ਦੇ ਪਹਿਲੇ ਪਿਉ-ਦਾਦਿਆਂ ਕੋਲ ਨਹੀਂ ਆਈ।

69ਜਾਂ ਉਨ੍ਹਾਂ ਨੇ ਆਪਣੇ ਰਸੂਲ ਨੂੰ ਨਹੀਂ ਪਛਾਣਿਆ ਇਸ ਲਈ ਕਿ ਉਹ ਇਸ ਨੂੰ ਨਹੀਂ ਮੰਨਦੇ।

70ਜਾਂ ਉਹ ਕਹਿੰਦੇ ਹਨ ਕਿ ਇਸ ਨੂੰ ਪਾਗ਼ਲਪਣ ਹੈ। ਸਗੋਂ ਉਹ ਇਨ੍ਹਾਂ ਦੇ ਕੋਲ ਸੱਚ ਲੈ ਕੇ ਆਇਆ ਹੈ। ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸੱਚੀਆਂ ਗੱਲਾਂ ਮਾੜੀਆਂ ਲੱਗਦੀਆਂ ਹਨ।

71ਅਤੇ ਜੇਕਰ ਸੱਚ ਇਨ੍ਹਾਂ ਦੀਆਂ ਇੱਛਾਵਾਂ ਦੇ ਅਧੀਨ ਹੁੰਦਾ ਤਾਂ ਆਕਾਸ਼, ਧਰਤੀ ਅਤੇ ਜਿਹੜਾ ਇਨ੍ਹਾਂ ਦੇ ਵਿਚਕਾਰ ਹੈ ਸਭ ਖ਼ਤਮ ਹੋ ਜਾਂਦਾ। ਸਗੋਂ ਅਸੀਂ ਇਨ੍ਹਾਂ ਦੇ ਕੋਲ ਉਨ੍ਹਾਂ ਦੀ ਨਸੀਹਤ (ਦੀ ਕਿਤਾਬ) ਭੇਜੀ ਤਾਂ ਉਹ ਆਪਣੀ ਸਿਖਿਆ ਤੋਂ ਮੂੰਹ ਮੋੜ ਰਹੇ ਹਨ।

72ਕੀ ਤੁਸੀਂ ਉਨ੍ਹਾਂ ਤੋਂ ਕੋਈ ਦੌਲਤ ਮੰਗ ਰਹੇ ਹੋ, ਤਾਂ ਤੁਹਾਡੋ ਰੱਬ ਦਾ ਸਰਮਾਇਆ ਤੁਹਾਡੇ ਲਈ ਉੱਤਮ ਹੈ ਅਤੇ ਉਹ ਹੀ ਉੱਤਮ ਰਿਜ਼ਕ ਦੇਣ ਵਾਲਾ ਹੈ।

73ਅਤੇ ਨਿਸ਼ਚਿਤ ਤੌਰ ਤੇ ਤੁਸੀਂ ਇਨ੍ਹਾਂ ਨੂੰ ਇਕ ਸਿੱਧੇ ਰਾਹ ਵੱਲ ਸੱਦ (ਬੁਲਾ) ਰਹੇ ਹੋ।

74ਅਤੇ ਜਿਹੜੇ ਲੋਕ ਪ੍ਰਲੋਕ ਉੱਪਰ ਵਿਸ਼ਵਾਸ਼ ਨਹੀਂ ਰੱਖਦੇ ਉਹ ਰਾਹ ਤੋਂ ਭਟਕ ਗਏ ਹਨ।

75ਅਤੇ ਜੇਕਰ ਅਸੀਂ ਇਨ੍ਹਾਂ ਉੱਪਰ ਰਹਿਮ ਕਰੀਏ ਅਤੇ ਇਨ੍ਹਾਂ ਉੱਪਰ ਜਿਹੜੇ ਕਸ਼ਟ ਹਨ ਉਸ ਨੂੰ ਦੂਰ ਕਰ ਦੇਈਏ ਤਾਂ ਵੀ ਉਹ ਵਿਰੋਧ ਵਿਚ ਕੁਰਾਹੇ ਪਏ ਰਹਿਣਗੇ।

76ਅਤੇ ਅਸੀਂ ਇਨ੍ਹਾਂ ਨੂੰ ਸਜ਼ਾ ਵਿਚ ਫੜ੍ਹਿਆ। ਪਰੰਤੂ ਨਾ ਇਹ ਆਪਣੇ ਰੱਬ ਦੇ ਅੱਗੇ ਝੁੱਕੇ ਅਤੇ ਨਾ ਇਨ੍ਹਾਂ ਨੇ ਨਿਮਰਤਾ ਦਿਖਾਈ।

77ਇੱਥੋਂ ਤੱਕ ਕਿ ਜਦੋਂ ਅਸੀਂ ਇਨ੍ਹਾਂ ਉੱਪਰ ਕਠੌਰ ਸਜ਼ਾ ਦੇ ਦਰਵਾਜ਼ੇ ਖੋਲ੍ਹ ਦੇਵਾਂਗੇ ਤਾਂ ਉਹ ਉਸ ਸਮੇਂ ਹੈਰਾਨ ਰਹਿ ਜਾਣਗੇ।

78ਅਤੇ ਉਹ ਹੀ ਹੈ ਜਿਸ ਨੇ ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਇਆ। ਤੁਸੀਂ ਬਹੁਤ ਘੱਟ ਸ਼ੁਕਰ ਕਰਦੇ ਹੋ।

79ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਵਿਚ ਫੈਲਾਇਆ ਅਤੇ ਤੁਸੀ' ਉਸੇ ਵੱਲ ਇੱਕਠੇ ਕੀਤੇ ਜਾਉਗੇ।

80ਅਤੇ ਉਹ ਹੀ ਹੈ ਜਿਹੜਾ ਜੀਵਤ ਕਰਦਾ ਹੈ ਅਤੇ ਮਾਰਦਾ ਹੈ। ਦਿਨ ਅਤੇ ਰਾਤ ਦਾ ਬਦਲਣਾ ਵੀ ਉਸੇ ਦਾ ਅਧਿਕਾਰ ਵਿਚ ਹੈ ਤਾਂ ਕੀ ਤੁਸੀਂ ਨਹੀਂ ਸਮਝਦੇ।

81ਸਗੋਂ ਉਨ੍ਹਾਂ ਨੇ ਉਹ ਹੀ ਗੱਲ ਕਹੀ ਜਿਹੜੀ ਪਹਿਲਿਆਂ ਨੇ ਕਹੀ ਸੀ।

82ਉਨ੍ਹਾਂ ਨੇ ਕਿਹਾ ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਅਸੀਂ ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਅਸੀਂ ਫਿਰ ਉਠਾਏ ਜਾਵਾਂਗੇ।

83ਉਸ ਦਾ ਵਾਅਦਾ ਸਾਨੂੰ ਅਤੇ ਇਸ ਤੋਂ ਪਹਿਲਾਂ ਸਾਡੇ ਪਿਉਂ ਦਾਦਿਆਂ ਨੂੰ ਵੀ ਦਿੱਤਾ ਗਿਆ। ਇਹ ਸਿਰਫ਼ ਪੁਰਾਣੀਆਂ ਕਹਾਣੀਆਂ ਹਨ।

84ਆਖੋ ਕਿ ਧਰਤੀ ਵਿਚ ਅਤੇ ਜਿਹੜਾ ਕੁਝ ਇਸ ਦੇ ਅੰਦਰ ਹੈ ਉਹ ਕਿਸਦਾ ਹੈ, ਜੇਕਰ ਤੁਸੀਂ ਜਾਣਦੇ ਹੋ।

85ਉਹ ਕਹਿਣਗੇ ਇਹ ਅੱਲਾਹ ਦਾ ਹੈ। ਆਖੋ, ਕਿ ਫਿਰ ਤੁਸੀਂ ਸੋਚਦੇ ਨਹੀਂ।

86ਆਖੋ, ਕਿ ਸੱਤਾਂ ਅਸਮਾਨਾਂ ਦਾ ਮਾਲਕ ਕੌਣ ਹੈ ਅਤੇ ਮਹਾਨ ਸਿੰਘਾਸਣ ਦਾ ਮਾਲਕ ਕੌਣ ਹੈ।

87ਉਹ ਕਹਿਣਗੇ ਕਿ ਸਭ ਅੱਲਾਹ ਦਾ ਹੈ। ਆਖੋ, ਫਿਰ ਤੁਸੀਂ ਡਰਦੇ ਕਿਉਂ ਨਹੀਂ।

88ਆਖੋ, ਕਿ ਕੌਣ ਹੈ ਜਿਸ ਦੇ ਹੱਥ ਵਿਚ ਹਰ ਚੀਜ਼ ਦਾ ਅਧਿਕਾਰ ਹੈ ਅਤੇ ਉਹ ਹੀ ਸ਼ਰਣ ਦਿੰਦਾ ਹੈ। ਉਸ ਦੇ ਮੁਕਾਬਲੇ ਕੋਈ ਸ਼ਰਨ ਨਹੀਂ ਦੇ ਸਕਦਾ ਜੇਕਰ ਤੁਸੀਂ ਸਮਝਦੇ ਹੋ।

89ਉਹ ਕਹਿਣਗੇ ਕਿ ਇਹ ਅੱਲਾਹ ਲਈ ਹੈ। ਆਖੋ, ਕਿ ਫਿਰ ਕਿੱਥੋਂ ਤੁਹਾਡੇ ਤੇ ਜਾਦੂ ਹੋ ਜਾਂਦਾ ਹੈ

90ਸਗੋਂ ਅਸੀਂ' ਉਨ੍ਹਾਂ ਕੋਲ ਸੱਚ ਲਿਆਏ ਹਾਂ ਅਤੇ ਯਕੀਨਨ ਹੀ ਉਹ ਝੂਠੇ ਹਨ।

91ਅੱਲਾਹ ਨੇ ਕੋਈ ਪੁੱਤਰ ਨਹੀਂ ਬਣਾਇਆ ਅਤੇ ਨਾ ਹੀ ਉਸ ਦੇ ਬਰਾਬਰ ਕੋਈ ਪੂਜਣਯੋਗ ਹੈ। ਜੇਕਰ ਅਜਿਹਾ ਹੁੰਦਾ ਤਾਂ ਹਰੇਕ ਖੁਦਾ ਆਪਣੀ ਖਲਕਤ ਨੂੰ ਲੈ ਕੇ ਅੱਡ ਹੋ ਜਾਂਦਾ ਅਤੇ ਉਹ ਇੱਕ ਦੂਸਰੇ ਉੱਪਰ ਹਮਲਾ ਕਰਦਾ। ਅੱਲਾਹ ਪਵਿੱਤਰ ਹੈ ਉਸ ਤੋਂ ਜਿਹੜਾ ਉਹ ਬਿਆਨ ਕਰਦੇ ਹਨ।

92ਉਹ ਖੁੱਲੀਆਂ ਅਤੇ ਗੁੱਝੀਆਂ ਨੂੰ ਜਾਣਨ ਵਾਲਾ ਹੈ ਉਹ ਉਸ ਨਾਲੋਂ ਬਹੁਤ ਉਚਾ ਹੈ ਜਿਸ ਨੂੰ ਇਹ ਉਸ ਦਾ ਸ਼ਰੀਕ ਬਣਾਉਂਦੇ ਹਨ।

93ਆਖੋ, ਕਿ ਹੇ ਮੇਰੇ ਪਾਲਣਹਾਰ! ਜੇਕਰ ਤੂੰ ਮੈਨੂੰ ਉਹ ਦਿਖਾ ਦੇਵੇ ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।

94ਤਾਂ ਹੇ ਮੇਰੇ ਪਾਲਣਹਾਰ! ਮੈਨੂੰ ਜ਼ਾਲਿਮ ਲੋਕਾਂ ਵਿਚ ਸ਼ਾਮਿਲ ਨਾ ਕਰ।

95ਯਕੀਨਨ ਅਸੀਂ ਇਨ੍ਹਾਂ ਨਾਲ ਜਿਹੜਾ ਵਾਅਦਾ ਕਰ ਰਹੇ ਹਾਂ ਉਹ ਤੁਹਾਨੂੰ ਦਿਖਾ ਦੇਣ ਦੀ ਤਾਕਤ ਰੱਖਦੇ ਹਾਂ।

96ਤੁਸੀਂ ਬੁਰਾਈ ਨੂੰ ਉਸ ਤਰੀਕੇ ਨਾਲ ਰੋਂਕੋਂ ਜਿਹੜਾ ਵਧੀਆ ਹੋਵੇ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜਾ ਇਹ ਲੋਕ ਆਖਦੇ ਹਨ।

97ਅਤੇ ਕਹੋਂ ਕਿ ਹੇ ਮੇਰੇ ਪਾਲਣਹਾਰ! ਮੈਂ ਸ਼ਰਣ ਮੰਗਦਾ ਹਾਂ, ਸ਼ੈਤਾਨਾਂ ਦੇ ਸ਼ੂਰੇ ਵਿਚਾਰਾਂ ਤੋਂ।

98ਅਤੇ ਹੇ ਮੇਰੇ ਪਾਲਣਹਾਰ! ਮੈਂ ਤੇਰੇ ਤੋਂ ਸ਼ਰਣ ਮੰਗਦਾ ਹਾਂ ਕਿ ਉਹ ਮੇਰੇ ਪਾਸ ਆਉਣ।

99ਇੱਥੋਂ ਤੱਕ ਕਿ ਜਦੋਂ ਉਨ੍ਹਾਂ ਵਿਚੋਂ` ਕਿਸੇ ਨੂੰ ਮੌਤ ਆ ਜਾਂਦੀ ਹੈ ਤਾਂ ਉਹ ਕਹਿੰਦਾ ਹੈ ਕਿ ਹੇ ਮੇਰੇ ਪਾਲਣਹਾਰ! ਮੈਨੂੰ ਵਾਪਿਸ ਭੇਜਦੇ।

100ਤਾਂ ਕਿ ਜਿਸ ਨੂੰ ਮੈਂ ਛੱਡ ਆਇਆ ਹਾਂ ਉਸ ਵਿਚ ਕੁਝ ਪੂੰਨ ਕਮਾਵਾਂ। ਕਦੇ ਵੀ ਨਹੀਂ, ਇਹ ਸਿਰਫ਼ ਇੱਕ ਗੱਲ ਹੈ ਜਿਹੜੀ ਉਹ ਕਹਿੰਦਾ ਹੈ ਅਤੇ ਉਨ੍ਹਾਂ ਦੇ ਅੱਗੇ ਉਸ ਦਿਨ ਤੱਕ ਲਈ ਪਰਦਾ ਹੈ ਜਦੋਂ ਉਹ ਉਠਾਏ ਜਾਣਗੇ।

101ਫਿਰ ਜਦੋਂ ਬਿਗਲ ਜਾਇਆ ਜਾਵੇਗਾ ਤਾਂ ਉਨ੍ਹਾਂ ਦੇ ਵਿਚਕਾਰ ਨਾ ਕੋਈ ਰਿਸ਼ਤਾ ਰਹੇਗਾ ਅਤੇ ਨਾ ਕੋਈ ਕਿਸੇ ਨੂੰ ਪੁੱਛੇਗਾ।

102ਫਿਰ ਜਿਨ੍ਹਾਂ ਦੇ ਪਲੜੇ ਭਾਰੀ ਹੋਣਗੇ ਉਹੀ ਲੋਕ ਸਫ਼ਲ ਹੋਣਗੇ।

103ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਨ੍ਹਾਂ ਦੇ ਪਲੜੇ ਹਲਕੇ ਹੋਣਗੇ। ਅਤੇ ਉਹ ਨਰਕ ਵਿਚ ਹਮੇਸ਼ਾ ਰਹਿਣਗੇ।

104ਉਨ੍ਹਾਂ ਦੇ ਚੇਹਰਿਆਂ ਨੂੰ ਅੱਗ ਝੁਲਸ ਦੇਵੇਗੀ ਅਤੇ ਉਹ ਉਸ ਨਾਲ ਕਰੂਪ (ਬਦ ਸ਼ਕਲ) ਹੋ ਜਾਣਗੇ।

105ਕੀ ਤੁਹਾਨੂੰ ਮੇਰੀਆਂ ਆਇਤਾਂ ਪੜ੍ਹ ਕੇ ਨਹੀਂ ਸੁਣਾਈਆਂ ਜਾਂਦੀਆਂ ਸਨ ਅਤੇ ਫਿਰ ਤੁਸੀਂ ਉਸ ਤੋਂ ਇਨਕਾਰ ਕਰਦੇ ਸੀ।

106ਉਹ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਡੀ ਮਾੜੀ ਕਿਸਮਤ ਨੇ ਸਾਨੂੰ ਘੇਰ ਲਿਆ ਅਤੇ ਅਸੀਂ ਭਟਕੇ ਹੋਏ ਲੋਕ ਸੀ।

107ਹੇ ਸਾਡੇ ਪਾਲਣਹਾਰ! ਸਾਨੂੰ ਇਸ ਵਿਚੋਂ ਕੱਢ ਲੈ ਫਿਰ ਜੇਕਰ ਅਸੀਂ ਅਜਿਹਾ ਕਰੀਏ ਤਾਂ ਬਿਨ੍ਹਾਂ ਸ਼ੱਕ ਅਸੀਂ ਜ਼ਾਲਿਮ ਹਾਂ।

108ਅੱਲਾਹ ਆਖੇਗਾ ਕਿ ਦੂਰ ਹੋ, ਇਸੇ ਵਿਚ ਪਏ ਰਹੋਂ ਅਤੇ ਮੇਰੇ ਨਾਲ ਗੱਲ ਨਾ ਕਰੋ।

109ਮੇਰੇ ਬੰਦਿਆਂ ਵਿਚੋਂ ਇੱਕ ਵਰਗ ਸੀ ਜਿਹੜਾ ਕਹਿੰਦਾ ਸੀ ਕਿ ਹੇ ਸਾਡੇ ਪਾਲਣਹਾਰ! ਅਸੀਂ ਈਮਾਨ ਲਿਆਏ ਹਾਂ ਇਸ ਲਈ ਤੂੰ ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉੱਪਰ ਰਹਿਮਤ ਕਰ, ਤੂੰ ਸਭ ਤੋਂ ਵੱਡਾ ਰਹਿਮਤ ਕਰਨ ਵਾਲਾ ਹੈ।

110ਤਾਂ ਤੁਸੀਂ ਉਨ੍ਹਾਂ ਨੂੰ ਮਜ਼ਾਕ ਬਣਾ ਲਿਆ ਇੱਥੋਂ ਤੱਕ ਕਿ ਉਨ੍ਹਾਂ ਤੋਂ ਪਿੱਛੋਂ ਤੁਸੀਂ ਸਾਡੀ ਯਾਦ ਭੁੱਲਾ ਦਿੱਤੀ ਅਤੇ ਤੁਸੀਂ ਉਨ੍ਹਾਂ ਉੱਪਰ ਹੱਸਦੇ ਰਹੇ।

111ਮੈਂ ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਸਬਰ ਦਾ ਫ਼ਲ ਦਿੱਤਾ ਹੈ ਉਹ ਹੀ ਸਫ਼ਲ ਹੋਣ ਵਾਲੇ ਹਨ।

112ਆਖਿਆ ਜਾਵੇਗਾ ਕਿ ਵਰ੍ਹਿਆਂ ਦੀ ਗਿਣਤੀ ਨਾਲ ਤੁਸੀਂ ਕਿੰਨੀ ਦੇਰ ਧਰਤੀ ਤੇ ਰਹੇ।

113ਉਹ ਕਹਿਣਗੇ ਕਿ ਅਸੀਂ ਇੱਕ ਦਿਨ ਰਹੇ ਜਾਂ ਇੱਕ ਦਿਨ ਤੋਂ ਵੀ ਘੱਟ। ਫਿਰ ਗਿਣਤੀ ਵਾਲਿਆਂ ਨੂੰ ਪੁੱਛ ਲਵੋ।

114ਆਖਿਆ ਜਾਵੇਗਾ ਕਿ ਤੁਸੀਂ ਥੋੜ੍ਹਾ ਸਮਾਂ ਹੀ ਰਹੇ। ਕਾਸ਼! ਤੁਸੀਂ ਜਾਣਦੇ ਹੁੰਦੇ।

115ਫਿਰ ਕੀ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਤੁਹਾਨੂੰ ਬਿਨ੍ਹਾਂ ਮਕਸਦ ਤੋਂ ਪੈਦਾ ਕੀਤਾ ਹੈ ਅਤੇ ਤੁਸੀਂ ਸਾਡੇ ਕੋਲ ਨਹੀਂ ਲਿਆਂਦੇ ਜਾਉਗੇ।

116ਅੱਲਾਹ ਵਡਿਆਈਆਂ ਵਾਲਾ ਹੈ, ਸੱਚਾ ਪਾਤਸ਼ਾਹ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਹ ਮਹਾਨ ਸਿੰਘਾਸਣ ਦਾ ਮਾਲਕ ਹੈ।

117ਅਤੇ ਜਿਹੜਾ ਬੰਦਾ ਅੱਲਾਹ ਦੇ ਬਰਾਬਰ ਕਿਸੇ ਹੋਰ ਪੂਜਣਯੋਗ ਨੂੰ ਬੁਲਾਵੇ, ਜਿਸ ਦੇ ਪੱਖ ਵਿਚ ਉਸ ਦੇ ਪਾਸ ਕੋਈ ਪ੍ਰਮਾਣ ਨਹੀਂ ਤਾਂ ਉਸ ਦਾ ਹਿਸਾਬ ਕਿਤਾਬ ਅੱਲਾਹ ਦੇ ਕੌਲ ਹੈ। ਬਿਨਾ ਸ਼ੱਕ ਅਵੱਗਿਆਕਾਰੀਆਂ ਨੂੰ ਸਫ਼ਲਤਾ ਨਹੀਂ ਮਿਲੇਗੀ।

118ਅਤੇ ਆਖੋ ਕਿ ਹੇ ਮੇਰੇ ਪਾਲਣਹਾਰ! ਮੈਨੂੰ ਮੁਆਫ਼ ਕਰ ਦੇ ਅਤੇ ਮੇਰੇ ਉੱਪਰ ਰਹਿਮਤ ਕਰ। ਤੂੰ ਸਭ ਤੋਂ ਚੰਗਾ ਰਹਿਮ ਕਰਨ ਵਾਲਾ ਹੈ।

ਸਰੋਤ: Dr. Muhamad Habib, Bhai Harpreet Singh, Maulana Wahiduddin Khan

WEBREATH · 11:11

«If you are thankful, I will give you more» — Quran 14:7

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath