ਜ਼ਕਰਯਾਹ 8
1ਤਦ ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ
2ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਸੀਯੋਨ ਲਈ ਵੱਡੀ ਅਣਖ ਨਾਲ ਅਣਖੀ ਹਾਂ, ਸਗੋਂ ਮੈਂ ਉਹ ਦੇ ਲਈ ਵੱਡੇ ਕ੍ਰੋਧ ਨਾਲ ਅਣਖੀ ਹਾਂ।
3ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਸੀਯੋਨ ਵੱਲ ਵਾਪਸ ਆ ਕੇ ਯਰੂਸ਼ਲਮ ਦੇ ਵਿਚਕਾਰ ਵੱਸਾਂਗਾ ਅਤੇ ਯਰੂਸ਼ਲਮ “ਵਫ਼ਾਦਾਰ ਨਗਰੀ” ਅਤੇ ਸੈਨਾਂ ਦੇ ਯਹੋਵਾਹ ਦਾ ਪਰਬਤ “ਪਵਿੱਤਰ ਪਰਬਤ” ਕਹਾਵੇਗਾ।
4ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਫੇਰ ਬੁੱਢੇ ਅਤੇ ਬੁੱਢੀਆਂ ਵੱਡੀ ਉਮਰ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ
5ਅਤੇ ਸ਼ਹਿਰ ਦੇ ਚੌਂਕ, ਚੌਂਕਾਂ ਵਿੱਚ ਖੇਡਣ ਵਾਲੇ ਮੁੰਡੇ ਕੁੜੀਆਂ ਦੇ ਨਾਲ ਭਰੇ ਹੋਏ ਹੋਣਗੇ।
6ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਭਾਵੇਂ ਉਹਨਾਂ ਦਿਨਾਂ ਵਿੱਚ ਇਸ ਪਰਜਾ ਦੇ ਬਚੇ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਇਹ ਅਨੋਖਾ ਹੋਵੇ, ਪਰ ਕੀ ਮੇਰੀਆਂ ਅੱਖਾਂ ਵਿੱਚ ਵੀ ਅਨੋਖਾ ਹੋਵੇਗਾ? ਸੈਨਾਂ ਦੇ ਯਹੋਵਾਹ ਦਾ ਵਾਕ ਹੈ
7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਦੇਖ, ਮੈਂ ਆਪਣੀ ਪਰਜਾ ਨੂੰ ਪੂਰਬੀ ਦੇਸ ਤੋਂ ਅਤੇ ਪੱਛਮੀ ਦੇਸ ਬਚਾਵਾਂਗਾ।
8ਮੈਂ ਉਹਨਾਂ ਨੂੰ ਲਿਆਵਾਂਗਾ, ਉਹ ਯਰੂਸ਼ਲਮ ਦੇ ਵਿਚਕਾਰ ਵੱਸਣਗੇ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਵਫ਼ਾਦਾਰੀ ਅਤੇ ਧਰਮ ਵਿੱਚ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।
9ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਹੱਥ ਤਕੜੇ ਹੋਣ, ਤੁਸੀਂ ਜੋ ਇਹ ਬਚਨ ਇਹਨਾਂ ਦਿਨਾਂ ਵਿੱਚ ਸੁਣਦੇ ਹੋ, ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਂ ਨਿੱਕਲੇ ਸਨ ਅਰਥਾਤ ਹੈਕਲ ਦੀ ਉਸਾਰੀ ਲਈ।
10ਕਿਉਂ ਜੋ ਉਹਨਾਂ ਦਿਨਾਂ ਤੋਂ ਪਹਿਲਾਂ ਨਾ ਆਦਮੀ ਲਈ ਮਜ਼ਦੂਰੀ ਸੀ, ਨਾ ਪਸ਼ੂ ਲਈ ਕੋਈ ਭਾੜਾ ਸੀ ਅਤੇ ਵੈਰੀ ਦੇ ਕਾਰਨ ਕੋਈ ਬਾਹਰ ਜਾਣ ਵਾਲਾ ਅਤੇ ਅੰਦਰ ਆਉਣ ਵਾਲਾ ਸੁਖੀ ਨਹੀਂ ਸੀ। ਮੈਂ ਹਰੇਕ ਆਦਮੀ ਨੂੰ ਉਸ ਦੇ ਗੁਆਂਢੀ ਦੇ ਵਿਰੁੱਧ ਕਰ ਦਿੱਤਾ ਸੀ।
11ਪਰ ਮੈਂ ਹੁਣ ਇਸ ਪਰਜਾ ਦੇ ਬਚੇ ਹੋਏ ਲੋਕਾਂ ਲਈ ਪਹਿਲਿਆਂ ਦਿਨਾਂ ਵਾਂਗੂੰ ਨਹੀਂ ਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
12ਕਿਉਂ ਜੋ ਬੀ ਸ਼ਾਂਤੀ ਦਾ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਅਕਾਸ਼ ਆਪਣੀ ਤ੍ਰੇਲ ਦੇਵੇਗਾ। ਮੈਂ ਇਸ ਪਰਜਾ ਦੇ ਬਕੀਏ ਨੂੰ ਇਹਨਾਂ ਸਾਰੀਆਂ ਵਸਤਾਂ ਦਾ ਅਧਿਕਾਰੀ ਬਣਾਵਾਂਗਾ।
13ਇਸ ਤਰ੍ਹਾਂ ਹੋਵੇਗਾ, ਹੇ ਯਹੂਦਾਹ ਦੇ ਘਰਾਣੇ ਅਤੇ ਇਸਰਾਏਲ ਦੇ ਘਰਾਣੇ, ਜਿਵੇਂ ਤੁਸੀਂ ਕੌਮਾਂ ਵਿੱਚ ਸਰਾਪ ਦਾ ਕਾਰਨ ਸੀ, ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਦਾ ਕਾਰਨ ਹੋਵੋਗੇ। ਤੁਸੀਂ ਨਾ ਡਰੋ ਅਤੇ ਤੁਹਾਡੇ ਹੱਥ ਤਕੜੇ ਹੋਣ!
14ਕਿਉਂ ਜੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਤਰ੍ਹਾਂ ਮੈਂ ਉਸ ਸਮੇਂ ਤੁਹਾਡੇ ਨਾਲ ਬੁਰਿਆਈ ਕਰਨੀ ਠਾਣ ਲਈ ਸੀ, ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਕ੍ਰੋਧਵਾਨ ਕੀਤਾ ਅਤੇ ਮੈਂ ਨਾ ਪਛਤਾਇਆ, ਸੈਨਾਂ ਦੇ ਯਹੋਵਾਹ ਨੇ ਕਿਹਾ,
15ਉਸੇ ਤਰ੍ਹਾਂ ਮੈਂ ਫੇਰ ਠਾਣ ਲਿਆ ਹੈ ਕਿ ਇਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਿਆਈ ਕਰਾਂ। ਤੁਸੀਂ ਨਾ ਡਰੋ!
16ਇਹ ਗੱਲਾਂ ਹਨ ਜਿਹੜੀਆਂ ਤੁਸੀਂ ਕਰਨੀਆਂ ਹਨ; ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਤੁਸੀਂ ਆਪਣੇ ਫਾਟਕਾਂ ਵਿੱਚ ਸਚਿਆਈ ਅਤੇ ਸ਼ਾਂਤੀ ਦਾ ਨਿਆਂ ਕਰੋ।
17ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਕਰਨ ਦੀ ਯੋਜਨਾ ਨਾ ਬਣਾਵੇ ਅਤੇ ਨਾ ਕੋਈ ਝੂਠੀ ਸਹੁੰ ਨਾਲ ਪਿਆਰ ਕਰੇ, ਕਿਉਂ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਘਿਣ ਕਰਦਾ ਹਾਂ, ਯਹੋਵਾਹ ਦਾ ਵਾਕ ਹੈ।
18ਤਦ ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ
19ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਚੌਥੇ, ਪੰਜਵੇ, ਸੱਤਵੇਂ ਅਤੇ ਦੱਸਵੇਂ ਮਹੀਨੇ ਦੇ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ। ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।
20ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਫੇਰ ਕੌਮਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ
21ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ, ਛੇਤੀ ਚੱਲੀਏ, ਯਹੋਵਾਹ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾਂ ਦੇ ਯਹੋਵਾਹ ਨੂੰ ਭਾਲੀਏ, ਅਤੇ ਮੈਂ ਵੀ ਚੱਲਾਂਗਾ।
22ਬਹੁਤ ਸਾਰੇ ਲੋਕ ਅਤੇ ਸੂਰਬੀਰ ਕੌਮਾਂ ਸੈਨਾਂ ਦੇ ਯਹੋਵਾਹ ਨੂੰ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ।
23ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜ੍ਹਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ, ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath