ਜ਼ਕਰਯਾਹ 11
1ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ ਕਿ ਅੱਗ ਤੇਰੇ ਦਿਆਰਾਂ ਨੂੰ ਖਾ ਜਾਵੇ!
2ਹੇ ਸੂਰ, ਸੋਗ ਕਰ ਕਿਉਂ ਜੋ ਦਿਆਰ ਡਿੱਗ ਪਿਆ, ਸ਼ਾਨ ਵਾਲੇ ਨਾਸ ਹੋ ਗਏ! ਬਾਸ਼ਾਨ ਦੇ ਬਲੂਤੋ, ਸੋਗ ਕਰੋ, ਕਿਉਂ ਜੋ ਸ਼ਾਨਦਾਰ ਵਾਲਾ ਜੰਗਲ ਢਹਿ ਪਿਆ ਹੈ।
3ਅਯਾਲੀਆਂ ਦੇ ਸਿਆਪੇ ਦੀ ਆਵਾਜ਼, ਕਿਉਂ ਜੋ ਉਹਨਾਂ ਦੀ ਸ਼ਾਨ ਨਾਸ ਹੋ ਗਈ, ਜੁਆਨ ਬੱਬਰ ਸ਼ੇਰਾਂ ਦੇ ਗੱਜਣ ਦੀ ਅਵਾਜ਼ ਅਤੇ ਯਰਦਨ ਦਾ ਜੰਗਲ ਨਾਸ ਹੋ ਗਿਆ।
4ਯਹੋਵਾਹ ਮੇਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ, ਉਹਨਾਂ ਭੇਡਾਂ ਨੂੰ ਚਾਰ ਜੋ ਵੱਢੀਆਂ ਜਾਣ ਵਾਲੀਆਂ ਹਨ।
5ਜਿਹੜੇ ਉਹਨਾਂ ਨੂੰ ਖਰੀਦਦੇ ਹਨ, ਉਹ ਉਹਨਾਂ ਨੂੰ ਵੱਢਣਗੇ ਅਤੇ ਸਜ਼ਾ ਨਾ ਪਾਉਣਗੇ ਅਤੇ ਉਹਨਾਂ ਦੇ ਵੇਚਣ ਵਾਲੇ ਆਖਣਗੇ, ਯਹੋਵਾਹ ਮੁਬਾਰਕ ਹੋਵੇ, ਕਿਉਂਕਿ ਮੈਂ ਧਨੀ ਹੋ ਗਿਆ ਹਾਂ! ਉਹਨਾਂ ਦੇ ਅਯਾਲੀ ਉਹਨਾਂ ਉੱਤੇ ਤਰਸ ਨਹੀਂ ਖਾਂਦੇ ਹਨ।
6ਮੈਂ ਫੇਰ ਇਸ ਦੇਸ ਦੇ ਵਾਸੀਆਂ ਉੱਤੇ ਤਰਸ ਨਹੀਂ ਖਾਵਾਂਗਾ, ਯਹੋਵਾਹ ਦਾ ਵਾਕ ਹੈ, ਵੇਖੋ, ਮੈਂ ਹਰ ਆਦਮੀ ਨੂੰ ਉਸ ਦੇ ਗੁਆਂਢੀ ਦੇ ਅਤੇ ਉਸ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ। ਉਹ ਇਸ ਦੇਸ ਨੂੰ ਮਾਰਨਗੇ, ਮੈਂ ਉਹਨਾਂ ਦੇ ਹੱਥੋਂ ਨਹੀਂ ਛੁਡਾਵਾਂਗਾ।
7ਮੈਂ ਵੱਢੀਆਂ ਜਾਣ ਵਾਲੀਆਂ ਅਤੇ ਕਮਜ਼ੋਰ ਭੇਡਾਂ ਦਾ ਅਯਾਲੀ ਬਣਿਆ। ਮੈਂ ਆਪਣੇ ਲਈ ਦੋ ਲਾਠੀਆਂ ਲਈਆਂ, ਇੱਕ ਨੂੰ “ਮਨੋਹਰਤਾ” ਅਤੇ ਦੂਜੀ ਨੂੰ “ਮਿਲਾਪ” ਕਿਹਾ ਅਤੇ ਮੈਂ ਭੇਡਾਂ ਨੂੰ ਚਰਾਇਆ।
8ਮੈਂ ਇੱਕ ਮਹੀਨੇ ਵਿੱਚ ਤਿੰਨਾਂ ਅਯਾਲੀਆਂ ਨੂੰ ਵੱਢ ਸੁੱਟਿਆ, ਜਿਨ੍ਹਾਂ ਤੋਂ ਮੇਰੀ ਜਾਨ ਦੁਖੀ ਸੀ ਅਤੇ ਉਹਨਾਂ ਦੀ ਜਾਨ ਵੀ ਮੇਰੇ ਤੋਂ ਨਫ਼ਰਤ ਕਰਦੀ ਸੀ।
9ਤਦ ਮੈਂ ਕਿਹਾ, ਮੈਂ ਤੁਹਾਨੂੰ ਨਹੀਂ ਚਰਾਵਾਂਗਾ, ਮਰਨ ਵਾਲਾ ਮਰ ਜਾਵੇ ਅਤੇ ਨਾਸ ਹੋ ਜਾਣ ਵਾਲਾ ਨਾਸ ਹੋ ਜਾਵੇ ਅਤੇ ਜਿਹੜੇ ਬਾਕੀ ਰਹਿਣ ਉਹ ਇੱਕ ਦੂਜਾ ਆਪਣੇ ਗੁਆਂਢੀ ਦਾ ਮਾਸ ਖਾਵੇ।
10ਤਾਂ ਮੈਂ ਆਪਣੀ “ਮਨੋਹਰਤਾ” ਲਾਠੀ ਲਈ ਅਤੇ ਉਹ ਦੇ ਟੁੱਕੜੇ ਕਰ ਦਿੱਤੇ, ਤਾਂ ਕਿ ਮੈਂ ਆਪਣੇ ਨੇਮ ਨੂੰ ਜਿਹੜਾ ਮੈਂ ਸਾਰੀਆਂ ਕੌਮਾਂ ਨਾਲ ਬੰਨ੍ਹਿਆ ਹੋਇਆ ਸੀ, ਤੋੜ ਲਵਾਂ।
11ਇਹ ਉਸ ਦਿਨ ਟੁੱਟ ਗਿਆ ਜਦ ਕਮਜ਼ੋਰ ਭੇਡਾਂ ਨੇ ਜਾਣ ਲਿਆ ਜਿਹੜੀਆਂ ਮੇਰੀਆਂ ਰੱਖੀਆਂ ਹੋਈਆਂ ਸਨ, ਕਿ ਇਹ ਯਹੋਵਾਹ ਦਾ ਬਚਨ ਹੈ।
12ਤਦ ਮੈਂ ਉਹਨਾਂ ਨੂੰ ਕਿਹਾ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ, ਨਾ ਸਹੀ। ਉਹਨਾਂ ਨੇ ਤੋਲ ਕੇ ਤੀਹ ਦਿਨਾਂ ਦੀ ਮਜ਼ਦੂਰੀ ਮੈਨੂੰ ਦਿੱਤੀ।
13ਯਹੋਵਾਹ ਨੇ ਮੈਨੂੰ ਕਿਹਾ ਕਿ ਇਨ੍ਹਾਂ ਨੂੰ ਘੁਮਿਆਰ ਦੇ ਅੱਗੇ ਸੁੱਟ ਦੇ, ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਨੇ ਮੇਰਾ ਪਾਇਆ ਸੀ। ਮੈਂ ਉਹ ਤੀਹ ਸ਼ਕੇਲ ਅਰਥਾਤ ਤੀਹ ਦਿਨਾਂ ਦੀ ਮਜ਼ਦੂਰੀ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮਿਆਰ ਦੇ ਅੱਗੇ ਸੁੱਟ ਦਿੱਤੇ।
14ਤਾਂ ਮੈਂ ਆਪਣੀ ਦੂਜੀ ਲਾਠੀ ਜਿਸ ਦਾ ਮਿਲਾਪ ਹੈ, ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਤਾਂ ਜੋ ਮੈਂ ਉਸ ਭਾਈਚਾਰੇ ਦੇ ਰਿਸ਼ਤੇ ਨੂੰ ਤੋੜ ਦੇਵਾਂ ਜੋ ਯਹੂਦਾਹ ਅਤੇ ਇਸਰਾਏਲ ਦੇ ਵਿੱਚ ਹੈ।
15ਤਦ ਯਹੋਵਾਹ ਨੇ ਮੈਨੂੰ ਕਿਹਾ ਕਿ ਫੇਰ ਮੂਰਖ ਅਯਾਲੀ ਦਾ ਸਮਾਨ ਲੈ
16ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜਿਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖ਼ਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਜ਼ਖਮੀ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਉਹਨਾਂ ਦੇ ਖੁਰ ਚੀਰ ਸੁੱਟੇਗਾ।
17ਹਾਏ ਉਸ ਮੇਰੇ ਮੂਰਖ ਅਯਾਲੀ ਲਈ! ਜਿਹੜਾ ਭੇਡਾਂ ਨੂੰ ਛੱਡ ਜਾਂਦਾ ਹੈ, ਤਲਵਾਰ ਉਸ ਦੀ ਬਾਂਹ ਉੱਤੇ ਅਤੇ ਉਸ ਦੀ ਸੱਜੀ ਅੱਖ ਉੱਤੇ ਆ ਪਵੇਗੀ, ਉਸ ਦੀ ਬਾਂਹ ਪੂਰੀ ਤਰ੍ਹਾਂ ਨਾਲ ਸੁੱਕ ਜਾਵੇਗੀ ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਦੇ ਨਾਲ ਫੁੱਟ ਜਾਵੇਗੀ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath