ਸਰੇਸ਼ਟ ਗੀਤ 8
1ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ, ਜਿਸ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ! ਜਦ ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ, ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ!
2ਮੈਂ ਤੇਰੀ ਅਗਵਾਈ ਕਰ ਕੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਉਹ ਮੈਨੂੰ ਸਿਖਾਉਂਦੀ, ਮੈਂ ਤੈਨੂੰ ਮਸਾਲੇ ਵਾਲੀ ਮਧ, ਆਪਣੇ ਅਨਾਰ ਦਾ ਰਸ ਪਿਲਾਉਂਦੀ।
3ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ!
4ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ ਜਦ ਤੱਕ ਉਸ ਨੂੰ ਆਪ ਨਾ ਭਾਵੇ?
5ਇਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ ਹੈ, ਜਿਹੜੀ ਆਪਣੇ ਬਾਲਮ ਦਾ ਸਹਾਰਾ ਲੈਂਦੀ ਹੈ? ਵਧੂ ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ, ਉੱਥੇ ਤੇਰੀ ਮਾਂ ਨੇ ਗਰਭ ਧਾਰਣ ਕੀਤਾ, ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ ਅਤੇ ਤੈਨੂੰ ਜਣਿਆ।
6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗੂੰ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, ਈਰਖਾ ਪਤਾਲ ਵਾਂਗੂੰ ਕਠੋਰ ਹੈ, ਉਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਸਗੋਂ ਪਰਮੇਸ਼ੁਰ ਦੀ ਅੱਗ ਦੀਆਂ ਲਾਟਾਂ ਹਨ।
7ਬਹੁਤੇ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸਕਦੇ, ਨਾ ਹੜ੍ਹ ਉਹ ਨੂੰ ਦੱਬ ਸਕਦੇ ਹਨ। ਜੇ ਕੋਈ ਆਪਣੇ ਘਰ ਦਾ ਸਾਰਾ ਧਨ ਪ੍ਰੇਮ ਦੇ ਬਦਲੇ ਦੇ ਦਿੰਦਾ, ਤਾਂ ਉਹ ਉਸ ਨੂੰ ਅੱਤ ਤੁੱਛ ਜਾਣਦਾ।
8ਸਾਡੀ ਇੱਕ ਛੋਟੀ ਭੈਣ ਹੈ, ਉਸ ਦੀਆਂ ਛਾਤੀਆਂ ਅਜੇ ਨਹੀਂ ਉਭਰੀਆਂ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦੇ ਵਿਆਹ ਦੀ ਗੱਲ ਚੱਲੇ?
9ਜੇ ਉਹ ਕੰਧ ਹੋਵੇ, ਤਾਂ ਅਸੀਂ ਉਹ ਦੇ ਉੱਤੇ ਚਾਂਦੀ ਦਾ ਮੁਨਾਰਾ ਬਣਾਵਾਂਗੇ ਜੇ ਉਹ ਦਰਵਾਜ਼ਾ ਹੋਵੇ, ਤਾਂ ਅਸੀਂ ਉਹ ਨੂੰ ਦਿਆਰ ਦੀਆਂ ਫੱਟੀਆਂ ਨਾਲ ਘੇਰਾਂਗੇ।
10ਮੈਂ ਕੰਧ ਸੀ ਅਤੇ ਮੇਰੀਆਂ ਛਾਤੀਆਂ ਬੁਰਜ਼ਾਂ ਵਾਂਗੂੰ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।
11ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ, ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ। ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ।
12ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਮੇਰੇ ਸਾਹਮਣੇ ਹੈ, ਹੇ ਸੁਲੇਮਾਨ, ਹਜ਼ਾਰ ਮੈਨੂੰ ਮਿਲਣ, ਅਤੇ ਉਹ ਦੇ ਫਲ ਦੇ ਰਾਖਿਆਂ ਨੂੰ ਦੋ-ਦੋ ਸੌ ਮਿਲਣ।
13ਤੂੰ ਜੋ ਬਗੀਚਿਆਂ ਵਿੱਚ ਵੱਸਦੀ ਹੈਂ, ਸਾਥੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ, ਮੈਨੂੰ ਵੀ ਆਪਣੀ ਅਵਾਜ਼ ਸੁਣਾ!
14ਹੇ ਮੇਰੇ ਬਾਲਮ, ਛੇਤੀ ਕਰ, ਮਸਾਲਿਆਂ ਦੇ ਪਹਾੜਾਂ ਉੱਤੇ ਚਿਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath