ਈਸਾਈ
ਪਿੱਛੇ

ਰੂਥ 2

1ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਜੋ ਅਲੀਮਲਕ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਅਤੇ ਉਹ ਦਾ ਨਾਮ ਬੋਅਜ਼ ਸੀ।

2ਤਦ ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ, “ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਂਵਾਂ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।” ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ!”

3ਤਦ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ ਅਤੇ ਸਬੱਬ ਨਾਲ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।

4ਅਤੇ ਵੇਖੋ, ਜਦ ਬੋਅਜ਼ ਬੈਤਲਹਮ ਤੋਂ ਆਇਆ ਤਾਂ ਵਾਢਿਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਨਾਲ ਹੋਵੇ” ਅਤੇ ਉਨ੍ਹਾਂ ਨੇ ਉੱਤਰ ਦਿੱਤਾ, “ਯਹੋਵਾਹ ਤੁਹਾਨੂੰ ਅਸੀਸ ਦੇਵੇ।”

5ਫਿਰ ਬੋਅਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਪੁੱਛਿਆ, “ਇਹ ਕਿਸ ਦੀ ਕੁੜੀ ਹੈ?”

6ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਉੱਤਰ ਦੇ ਕੇ ਆਖਿਆ, “ਇਹ ਮੋਆਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਆਬ ਦੇਸ ਤੋਂ ਆਈ ਹੈ।”

7ਉਸ ਨੇ ਸਾਨੂੰ ਕਿਹਾ, “ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ?” ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠਰੀ ਵਿੱਚ ਠਹਿਰੀ।

8ਤਦ ਬੋਅਜ਼ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਸੁਣ? ਤੂੰ ਹੋਰ ਕਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਸੀਆਂ ਦੇ ਨਾਲ-ਨਾਲ ਰਹਿ।

9ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਮੇਰੀਆਂ ਦਾਸੀਆਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਤੈਨੂੰ ਪਿਆਸ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਪੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ।”

10ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਅਤੇ ਕਿਹਾ, “ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਤੂੰ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਪਰਦੇਸਣ ਹਾਂ।”

11ਤਦ ਬੋਅਜ਼ ਨੇ ਉੱਤਰ ਦੇ ਕੇ ਉਸ ਨੂੰ ਕਿਹਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ ਅਤੇ ਕਿਸ ਤਰ੍ਹਾਂ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦੀ ਸੀ।

12ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”

13ਤਦ ਰੂਥ ਨੇ ਕਿਹਾ, “ਹੇ ਮੇਰੇ ਸੁਆਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ। ਤੁਸੀਂ ਮੈਨੂੰ ਤਸੱਲੀ ਦਿੱਤੀ ਹੈ ਅਤੇ ਤੁਸੀਂ ਆਪਣੀ ਦਾਸੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ।”

14ਫਿਰ ਰੋਟੀ ਖਾਣ ਦੇ ਸਮੇਂ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।” ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ।

15ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ

16ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਕੁਝ ਡੇਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।

17ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ।

18ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਸ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।

19ਫੇਰ ਉਹ ਦੀ ਸੱਸ ਨੇ ਉਸ ਤੋਂ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ ਅਤੇ ਕਿੱਥੇ ਕੰਮ-ਧੰਦਾ ਕੀਤਾ? ਧੰਨ ਹੈ ਉਹ ਜਿਸ ਨੇ ਤੇਰੀ ਖ਼ਬਰ ਲਈ ਹੈ।” ਤਦ ਉਸ ਨੇ ਆਪਣੀ ਸੱਸ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਅਜ਼ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਧੰਦਾ ਕਰਦੀ ਰਹੀ।

20ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖ਼ਾਲੀ ਨਹੀਂ ਰੱਖਿਆ।” ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਸਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਅਧਿਕਾਰ ਹੈ।

21ਤਦ ਮੋਆਬਣ ਰੂਥ ਬੋਲੀ, “ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।”

22ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਸੀਆਂ ਦੇ ਨਾਲ ਜਾਇਆ ਕਰੇਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ।”

23ਇਸ ਲਈ ਜਦ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath