ਰੂਥ 1
1ਬਹੁਤ ਪਹਿਲੇ ਸਮੇਂ ਦੌਰਾਨ ਅਜਿਹਾ ਹੋਇਆ ਕਿ ਇਸਰਾਏਲ ਦੇਸ ਵਿੱਚ ਕਾਲ ਪੈ ਗਿਆ। ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦਾ ਇੱਕ ਮਨੁੱਖ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਦੇ ਨਾਲ ਮੋਆਬ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ।
2ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਸ ਦੀ ਪਤਨੀ ਦਾ ਨਾਮ ਨਾਓਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ।
3ਜਦ ਉਹ ਮੋਆਬ ਵਿੱਚ ਹੀ ਸਨ, ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਨਾਓਮੀ ਅਤੇ ਉਸ ਦੇ ਦੋਵੇਂ ਪੁੱਤਰ ਰਹਿ ਗਏ l
4ਉਨ੍ਹਾਂ ਦੋਹਾਂ ਪੁੱਤਰਾਂ ਨੇ ਮੋਆਬ ਦੀਆਂ ਕੁਆਰੀਆਂ ਵਿੱਚੋਂ ਇੱਕ-ਇੱਕ ਕੁਆਰੀ ਨਾਲ ਵਿਆਹ ਕਰਵਾ ਲਿਆ। ਇੱਕ ਦਾ ਨਾਮ ਆਰਪਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਲੱਗਭੱਗ ਦਸ ਸਾਲ ਤੱਕ ਉੱਥੇ ਰਹੇ।
5ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ। ਨਾਓਮੀ ਆਪਣੇ ਦੋਵੇਂ ਪੁੱਤਰਾਂ ਅਤੇ ਪਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ।
6ਤਦ ਕੁਝ ਦਿਨਾਂ ਤੋਂ ਬਾਅਦ, ਨਾਓਮੀ ਆਪਣੀਆਂ ਦੋਵੇਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ।
7ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਆਪਣੀ ਦੋਵੇਂ ਨੂੰਹਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫ਼ਰ ਸ਼ੁਰੂ ਕੀਤਾ।
8ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ, “ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਘਰ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ।
9ਯਹੋਵਾਹ ਅਜਿਹਾ ਕਰੇ ਕਿ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।” ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ।
10ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, “ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ।”
11ਅੱਗੋਂ ਨਾਓਮੀ ਨੇ ਕਿਹਾ, “ਹੇ ਮੇਰੀ ਧੀਓ, ਵਾਪਸ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਭਲਾ, ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ?
12ਹੇ ਮੇਰੀਓ ਧੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ
13ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਤਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀ ਧੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ।”
14ਤਦ ਉਹ ਫਿਰ ਉੱਚੀ ਅਵਾਜ਼ ਨਾਲ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਨੇ ਨਾਓਮੀ ਨੂੰ ਨਾ ਛੱਡਿਆ।
15ਤਦ ਨਾਓਮੀ ਨੇ ਰੂਥ ਨੂੰ ਕਿਹਾ, “ਵੇਖ, ਤੇਰੀ ਜੇਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਦੇ ਕੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਣੀ ਦੇ ਪਿੱਛੇ ਚਲੀ ਜਾ।”
16ਪਰ ਰੂਥ ਨੇ ਕਿਹਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਂਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ,
17ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਅਸੀਂ ਉੱਥੇ ਹੀ ਦਫ਼ਨਾਈਆਂ ਜਾਵਾਂਗੀਆਂ l ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਨਾਲੋਂ ਵੀ ਵੱਧ, ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਨਾ ਕਰੇ।”
18ਜਦ ਨਾਓਮੀ ਨੇ ਵੇਖਿਆ ਕਿ ਰੂਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਪਸ ਜਾਣ ਨੂੰ ਆਖਣ ਤੋਂ ਹਟ ਗਈ।
19ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੈ?”
20ਨਾਓਮੀ ਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਨਾਓਮੀ ਨਾ ਕਹੋ, ਮੈਨੂੰ ‘ਮਾਰਾ ’ ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ।
21ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ।”
22ਗੱਲ ਕਾਹਦੀ, ਨਾਓਮੀ ਅਤੇ ਉਸ ਦੀ ਨੂੰਹ ਮੋਆਬਣ ਰੂਥ, ਮੋਆਬ ਦੇ ਦੇਸ ਤੋਂ ਵਾਪਸ ਆਈਆਂ ਅਤੇ ਜੌਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath