ਈਸਾਈ
ਪਿੱਛੇ

ਰੋਮੀਆਂ ਨੂੰ 11

1ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ? ਕਦੇ ਨਹੀਂ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ।

2ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ। ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ?

3ਕਿ ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਹੁਣ ਮੈਂ ਹੀ ਇਕੱਲਾ ਰਹਿ ਗਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਖੋਜੀ ਹਨ।

4ਪਰ ਪਰਮੇਸ਼ੁਰ ਨੇ ਉਸ ਨੂੰ ਕੀ ਉੱਤਰ ਦਿੱਤਾ? ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਨੇ ਬਆਲ ਦੇ ਅੱਗੇ ਗੋਡੇ ਨਹੀਂ ਟੇਕੇ।

5ਇਸੇ ਤਰ੍ਹਾਂ ਹੁਣ ਵੀ ਕਿਰਪਾ ਨਾਲ ਚੁਣੇ ਹੋਏ ਕਿੰਨੇ ਹੀ ਲੋਕ ਬਾਕੀ ਹਨ।

6ਪਰ ਇਹ ਜੋ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ। ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ।

7ਤਾਂ ਫੇਰ ਕੀ ਨਤੀਜਾ ਨਿੱਕਲਿਆ? ਇਹ ਕਿ ਜਿਸ ਗੱਲ ਦੀ ਇਸਰਾਏਲ ਖ਼ੋਜ ਵਿੱਚ ਸੀ, ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ।

8ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ।

9ਅਤੇ ਦਾਊਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫ਼ਾਹੀ ਅਤੇ ਫੰਦਾ, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।

10ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਤਾਂ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖ!

11ਸੋ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਇਸ ਲਈ ਠੋਕਰ ਖਾਧੀ ਕਿ ਡਿੱਗ ਪੈਣ? ਕਦੇ ਨਹੀਂ! ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਕਿ ਉਹਨਾਂ ਦੀ ਅਣਖ ਨੂੰ ਜਗਾਵੇ।

12ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ।

13ਮੈਂ ਗ਼ੈਰ-ਕੌਮ ਵਾਲਿਆਂ ਨਾਲ ਬੋਲਦਾ ਹਾਂ। ਅਤੇ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ।

14ਜੋ ਮੈਂ ਕਿਵੇਂ ਆਪਣੀ ਕੌਮ ਨੂੰ ਅਣਖੀ ਬਣਾਂਵਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਂਵਾ।

15ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮੇਲ-ਮਿਲਾਪ ਹੋਇਆ ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨ੍ਹਾਂ ਹੋਰ ਕੀ ਹੋਵੇਗਾ।

16ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ।

17ਪਰ ਜੇ ਟਹਿਣੀਆਂ ਵਿੱਚੋਂ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੋ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ।

18ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ ਪਰ ਜੜ੍ਹ ਤੈਨੂੰ ਸੰਭਾਲਦੀ ਹੈ।

19ਫੇਰ ਤੂੰ ਇਹ ਆਖੇਂਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੋ ਮੈਂ ਪੇਉਂਦ ਕੀਤਾ ਜਾਂਵਾਂ।

20ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਅਭਮਾਨ ਨਾ ਕਰ ਸਗੋਂ ਡਰ।

21ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ।

22ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ। ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ। ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ।

23ਅਤੇ ਉਹ ਵੀ ਜੇ ਅਵਿਸ਼ਵਾਸ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਕੀਤੇ ਜਾਣਗੇ, ਕਿਉਂ ਜੋ ਪਰਮੇਸ਼ੁਰ ਨੂੰ ਅਧਿਕਾਰ ਹੈ, ਕਿ ਉਨ੍ਹਾਂ ਨੂੰ ਫੇਰ ਪੇਉਂਦ ਕਰੇ।

24ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ।

25ਹੁਣ ਹੇ ਭਰਾਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋਂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ।

26ਅਤੇ ਇਸੇ ਤਰ੍ਹਾਂ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਵਿੱਚੋਂ ਅਭਗਤੀ ਨੂੰ ਦੂਰ ਕਰੇਗਾ,

27ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ।

28ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ।

29ਕਿਉਂ ਜੋ ਪਰਮੇਸ਼ੁਰ ਦੇ ਵਰਦਾਨ ਅਤੇ ਬੁਲਾਹਟ ਸਦਾ ਲਈ ਹੈ।

30ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣ-ਆਗਿਆਕਾਰ ਸੀ, ਪਰ ਹੁਣ ਉਨ੍ਹਾਂ ਦੀ ਅਣ-ਆਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਯਾ ਕੀਤੀ ਗਈ।

31ਇਸੇ ਪਰਕਾਰ ਹੁਣ ਇਹ ਵੀ ਅਣ-ਆਗਿਆਕਾਰ ਹੋਏ ਤਾਂ ਜੋ ਤੁਹਾਡੇ ਉੱਤੇ ਜੋ ਦਯਾ ਕੀਤੀ ਗਈ ਹੈ, ਇਸ ਕਰਕੇ ਉਹਨਾਂ ਉੱਤੇ ਵੀ ਦਯਾ ਕੀਤੀ ਜਾਵੇ।

32ਸੋ ਪਰਮੇਸ਼ੁਰ ਨੇ ਸਾਰਿਆਂ ਨੂੰ ਇੱਕ ਸੰਗ ਕਰਕੇ ਅਣ-ਆਗਿਆਕਾਰੀ ਦੇ ਬੰਧਨ ਵਿੱਚ ਜਾਣ ਦਿੱਤਾ ਤਾਂ ਜੋ ਉਹ ਸਭ ਦੇ ਉੱਤੇ ਦਯਾ ਕਰੇ।

33ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਮਾਰਗ ਕਿੰਨੇ ਦੁਰਲੱਭ ਹਨ!

34ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾ ਕੌਣ ਉਹ ਦਾ ਸਲਾਹਕਾਰ ਬਣਿਆ?

35ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ?।

36ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ। ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath