ਯੂਹੰਨਾ ਦੇ ਪਰਕਾਸ਼ ਦੀ ਪੋਥੀ 22
1ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂੰ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ, ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ।
2ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।
3ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ।
4ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ।
5ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਰੋਸ਼ਨੀ ਸਗੋਂ ਸੂਰਜ ਦੇ ਚਾਨਣ ਦੀ ਕੁਝ ਜ਼ਰੂਰਤ ਨਹੀਂ ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਨੂੰ ਚਾਨਣ ਦੇਵੇਗਾ, ਅਤੇ ਉਹ ਜੁੱਗੋ-ਜੁੱਗ ਰਾਜ ਕਰਨਗੇ।
6ਫੇਰ ਉਸ ਨੇ ਮੈਨੂੰ ਆਖਿਆ, ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੇ ਆਤਮਿਆਂ ਦਾ ਪਰਮੇਸ਼ੁਰ ਹੈ ਆਪਣਾ ਦੂਤ ਭੇਜਿਆ, ਜੋ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ।
7ਵੇਖ, ਮੈਂ ਛੇਤੀ ਆਉਂਦਾ ਹਾਂ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ!
8ਮੈਂ ਯੂਹੰਨਾ ਉਹ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਜਦੋਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਜਾ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ।
9ਤਾਂ ਉਸ ਮੈਨੂੰ ਆਖਿਆ ਭਈ ਇਸ ਤਰ੍ਹਾਂ ਨਾ ਕਰ! ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ!
10ਤਾਂ ਉਸ ਮੈਨੂੰ ਆਖਿਆ ਕਿ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ!
11ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ।
12ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਹਰੇਕ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਦੇਣ ਲਈ ਫਲ ਮੇਰੇ ਕੋਲ ਹੈ।
13ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।
14ਧੰਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜਿਆਂ ਰਾਹੀਂ ਉਸ ਨਗਰੀ ਦੇ ਅੰਦਰ ਜਾਣ।
15ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ।
16ਮੈਂ ਯਿਸੂ ਨੇ ਕਲੀਸਿਯਾਵਾਂ ਦੇ ਲਈ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਭੇਜਿਆ ਹੈ। ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ। ਮੈਂ ਸਵੇਰ ਦਾ ਚਮਕਦਾ ਤਾਰਾ ਹਾਂ।
17ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਉਹ ਅੰਮ੍ਰਿਤ ਜਲ ਮੁਫ਼ਤ ਲਵੇ।
18ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਲਿਖਤਾਂ ਸੁਣਦਾ ਹੈ, ਗਵਾਹੀ ਦਿੰਦਾ ਹਾਂ। ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਉਹ ਮਹਾਂਮਾਰੀਆਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਸ ਉੱਤੇ ਵਧਾਵੇਗਾ।
19ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਲਿਖਤਾਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ।
20ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਆਖਦਾ ਹੈ ਕਿ ਹਾਂ, ਮੈਂ ਛੇਤੀ ਆਉਂਦਾ ਹਾਂ। ਆਮੀਨ। ਹੇ ਪ੍ਰਭੂ ਯਿਸੂ, ਆਓ!
21ਪ੍ਰਭੂ ਯਿਸੂ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ। ਆਮੀਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath