ਯੂਹੰਨਾ ਦੇ ਪਰਕਾਸ਼ ਦੀ ਪੋਥੀ 16
1ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਕਿ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ!
2ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਉੱਤੇ ਬੁਰੇ ਅਤੇ ਬਹੁਤ ਦੁੱਖਦਾਇਕ ਫੋੜੇ ਨਿੱਕਲ ਆਏ।
3ਤਾਂ ਦੂਜੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਡੋਲ੍ਹ ਦਿੱਤਾ। ਤਾਂ ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ, ਮਰ ਗਈ।
4ਫੇਰ ਤੀਜੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡੋਲ੍ਹ ਦਿੱਤਾ। ਤਾਂ ਉਸ ਤੋਂ ਉਹ ਲਹੂ ਬਣ ਗਏ
5ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ,
6ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੂੰ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਉਹ ਇਸੇ ਦੇ ਯੋਗ ਹਨ!।
7ਫੇਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਠੀਕ ਹਨ!।
8ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਤਾਂ ਉਹ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸੇ
9ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ।
10ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਡੋਲ੍ਹ ਦਿੱਤਾ। ਤਾਂ ਉਹ ਦਾ ਰਾਜ ਹਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।
11ਅਤੇ ਉਹਨਾਂ ਦੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਜਖ਼ਮਾਂ ਦੇ ਕਾਰਨ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
12ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ।
13ਅਜਗਰ ਦੇ ਮੂੰਹ, ਉਸ ਦਰਿੰਦੇ ਦੇ ਮੂੰਹ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਵਰਗੇ ਤਿੰਨ ਭਰਿਸ਼ਟ ਆਤਮੇ ਨਿੱਕਲਦੇ ਵੇਖੇ।
14ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ, ਜਿਹੜੇ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੇ ਹਨ, ਤਾਂ ਜੋ ਉਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ।
15ਵੇਖੋ, ਮੈਂ ਚੋਰ ਵਾਂਗੂੰ ਆਉਂਦਾ ਹਾਂ। ਧੰਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਜੋ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।
16ਅਤੇ ਉਨ੍ਹਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਕਿਹਾ ਜਾਂਦਾ ਹੈ।
17ਸੱਤਵੇਂ ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਡੋਲ੍ਹ ਦਿੱਤਾ। ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਆਈ, ਕਿ ਹੋ ਚੁੱਕਿਆ!
18ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ!
19ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਅ ਦਾ ਪਿਆਲਾ ਉਹ ਨੂੰ ਦੇਵੇ।
20ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ।
21ਅਤੇ ਅਕਾਸ਼ੋਂ ਮਨੁੱਖਾਂ ਉੱਤੇ ਮੰਨੋ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਮਹਾਂਮਾਰੀ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਂਮਾਰੀ ਬਹੁਤ ਭਾਰੀ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath