ਯੂਹੰਨਾ ਦੇ ਪਰਕਾਸ਼ ਦੀ ਪੋਥੀ 11
1ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ।
2ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ।
3ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ।
4ਇਹ ਉਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ।
5ਜੇ ਕੋਈ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ। ਸੋ ਜੇ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹ ਇਸੇ ਤਰ੍ਹਾਂ ਜ਼ਰੂਰ ਮਾਰਿਆ ਜਾਵੇ।
6ਅਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਵਿੱਚ ਹੈ ਤਾਂ ਕਿ ਉਹਨਾਂ ਦੇ ਅਗੰਮ ਵਾਕ ਦੇ ਦਿਨੀਂ ਮੀਂਹ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿੱਚ ਹਨ ਕਿ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦੋਂ ਕਦੇ ਉਹਨਾਂ ਦਾ ਮਨ ਕਰੇ, ਤਾਂ ਉਹ ਧਰਤੀ ਨੂੰ ਸਭ ਪਰਕਾਰ ਦੀਆਂ ਮਹਾਂਮਾਰੀਆਂ ਨਾਲ ਮਾਰਨ।
7ਜਦ ਉਹ ਆਪਣੀ ਗਵਾਹੀ ਦੇ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਆਉਂਦਾ ਹੈ, ਉਹਨਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ।
8ਅਤੇ ਉਹਨਾਂ ਦੀਆਂ ਲਾਸ਼ਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਸ ਨੂੰ ਆਤਮਿਕ ਰੀਤੀ ਨਾਲ ਸਦੂਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਉੱਤੇ ਚੜ੍ਹਾਇਆ ਗਿਆ ਸੀ।
9ਉੱਮਤਾਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਵਿੱਚੋਂ ਕਈ ਉਹਨਾਂ ਦੀਆਂ ਲਾਸ਼ਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਪਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਾ ਰੱਖਣਗੇ।
10ਅਤੇ ਧਰਤੀ ਦੇ ਵਾਸੀ ਖੁਸ਼ ਹੋਣਗੇ ਅਤੇ ਉਹਨਾਂ ਉੱਤੇ ਅਨੰਦ ਕਰਨਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾਂ ਭੇਜਣਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਾ ਕੀਤਾ ਹੋਇਆ ਸੀ।
11ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ।
12ਅਤੇ ਉਨ੍ਹਾਂ ਨੇ ਅਕਾਸ਼ ਤੋਂ ਇੱਕ ਵੱਡੀ ਅਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਕਿ ਐਧਰ ਉਤਾਹਾਂ ਨੂੰ ਆ ਜਾਓ! ਤਾਂ ਉਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਉਹਨਾਂ ਦੇ ਵੈਰੀਆਂ ਨੇ ਉਹਨਾਂ ਨੂੰ ਦੇਖਿਆ।
13ਉਸੇ ਵੇਲੇ ਵੱਡਾ ਭੂਚਾਲ ਆਇਆ, ਜਿਸ ਨਾਲ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਸੱਤ ਹਜ਼ਾਰ ਆਦਮੀ ਮਾਰੇ ਗਏ, ਜਿਹੜੇ ਬਚ ਗਏ ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ।
14ਦੂਜਾ ਦੁੱਖ ਬੀਤ ਗਿਆ। ਵੇਖੋ, ਤੀਜਾ ਦੁੱਖ ਛੇਤੀ ਆਉਂਦਾ ਹੈ!।
15ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ!
16ਉਹ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ,
17ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ,
18ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!।
19ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ-ਵੱਡੇ ਗੜੇ ਪਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath