ਜ਼ਬੂਰ 69
1ਹੇ ਪਰਮੇਸ਼ੁਰ ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੱਕ ਜੋ ਆਏ ਹਨ!
2ਮੈਂ ਡਾਢੇ ਚਿੱਕੜ ਵਿੱਚ ਧੱਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ।
3ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ-ਉਡੀਕਦਿਆਂ ਮੇਰੀਆਂ ਅੱਖੀਆਂ ਰਹਿ ਗਈਆਂ!
4ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ।
5ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਅਪਰਾਧ ਤੈਥੋਂ ਲੁਕੇ ਹੋਏ ਨਹੀਂ।
6ਹੇ ਪ੍ਰਭੂ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! ਹੇ ਇਸਰਾਏਲ ਦੇ ਪਰਮੇਸ਼ੁਰ ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!।
7ਮੈਂ ਤੇਰੇ ਹੀ ਕਾਰਨ ਨਿੰਦਾ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।
8ਮੈਂ ਆਪਣੇ ਭਰਾਵਾਂ ਵਿੱਚ ਬੇਗਾਨਾ, ਅਤੇ ਮਾਂ-ਜਾਇਆਂ ਵਿੱਚ ਗੈਰ ਹੋਇਆ ਹਾਂ,
9ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।
10ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ , ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ!
11ਜਦ ਮੈਂ ਤੱਪੜ ਆਪਣਾ ਬਿਸਤਰ ਬਣਾਇਆ, ਤਾਂ ਮੈਂ ਉਨ੍ਹਾਂ ਦੀ ਕਹਾਉਤ ਬਣਿਆ।
12ਸ਼ਹਿਰ ਦੇ ਫਾਟਕ ਵਿੱਚ ਬੈਠਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ।
13ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ।
14ਮੈਨੂੰ ਚਿੱਕੜ ਵਿੱਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ!
15ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
16ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
17ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇ।
18ਮੇਰੇ ਨੇੜੇ ਆ ਅਤੇ ਮੈਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ!
19ਮੇਰੀ ਨਿੰਦਿਆ, ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ।
20ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ।
21ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ।
22ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਲਈ ਫ਼ਾਹੀ ਬਣ ਜਾਵੇ, ਅਤੇ ਜਦ ਉਹ ਸੁੱਖ-ਸਾਂਦ ਹਨ ਉਹ ਫੰਦਾ ਬਣ ਜਾਵੇ!
23ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਜੋ ਉਹ ਨਾ ਵੇਖਣ, ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ!
24ਆਪਣਾ ਰੋਹ ਉਨ੍ਹਾਂ ਉੱਤੇ ਢਾਲ਼ ਦੇ, ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ!
25ਉਨ੍ਹਾਂ ਦਾ ਡੇਰਾ ਉੱਜੜ ਜਾਵੇ, ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ,
26ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, ਅਤੇ ਤੇਰੇ ਘਾਇਲ ਕਿਤੇ ਹੋਇਆਂ ਦੇ ਦੁੱਖ ਦੀ ਚਰਚਾ ਕਰਦੇ ਹਨ!
27ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇ!
28ਓਹ ਜੀਵਨ ਦੀ ਪੋਥੀ ਵਿੱਚੋਂ ਮੇਟ ਦਿੱਤੇ ਜਾਣ, ਅਤੇ ਧਰਮੀਆਂ ਨਾਲ ਲਿਖੇ ਨਾ ਜਾਣ!।
29ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ।
30ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ,
31ਅਤੇ ਇਹ ਯਹੋਵਾਹ ਨੂੰ ਬਲ਼ਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ।
32ਦੀਨ ਇਹ ਵੇਖ ਕੇ ਅਨੰਦ ਹੁੰਦੇ ਹਨ, ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜਿਉਂਦਾ ਰਹੇ!
33ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਗ਼ੁਲਾਮਾਂ ਨੂੰ ਤੁੱਛ ਨਹੀਂ ਜਾਣਦਾ।
34ਅਕਾਸ਼ ਅਤੇ ਧਰਤੀ ਉਸ ਦੀ ਉਸਤਤ ਕਰਨ, ਸਮੁੰਦਰ ਵੀ ਅਤੇ ਜੋ ਕੁਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ!
35ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,
36ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਿਸ ਹੋਵੇਗੀ, ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath