ਜ਼ਬੂਰ 55
1ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਲਗਾ, ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ,
2ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ! ਮੈਂ ਆਪਣੀ ਪਰੇਸ਼ਾਨੀ ਵਿੱਚ ਬੇਚੈਨ ਰਹਿੰਦਾ ਹਾਂ, ਅਤੇ ਮੈਂ ਹੂੰਗਦਾ ਰਹਿੰਦਾ ਹਾਂ,
3ਵੈਰੀ ਦੀ ਅਵਾਜ਼ ਦੇ ਕਾਰਨ, ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, ਕਿਉਂ ਜੋ ਉਹ ਮੇਰੀਆਂ ਮੁਸੀਬਤਾਂ ਵਧਾਉਂਦੇ ਹਨ, ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ।
4ਮੇਰਾ ਦਿਲ ਬਹੁਤ ਦੁੱਖੀ ਹੈ, ਅਤੇ ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।
5ਡਰ ਅਤੇ ਥਰ-ਥਰਾਹਟ ਮੇਰੇ ਉੱਤੇ ਆ ਪਏ, ਅਤੇ ਘਬਰਾਹਟ ਨੇ ਮੈਨੂੰ ਦਬਾ ਲਿਆ ਹੈ।
6ਤਾਂ ਮੈਂ ਆਖਿਆ, ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ!
7ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, ਅਤੇ ਉਜਾੜ ਵਿੱਚ ਵਸੇਰਾ ਕਰਦਾ! ਸਲਹ।
8ਮੈਂ ਅਨ੍ਹੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ।
9ਹੇ ਪ੍ਰਭੂ, ਉਨ੍ਹਾਂ ਨੂੰ ਨਿਗਲ ਲੈ, ਉਨ੍ਹਾਂ ਦੀਆਂ ਜੀਭਾਂ ਵੱਖੋ-ਵੱਖਰੀਆਂ ਕਰ ਦੇ, ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਵੇਖਿਆ ਹੈ!
10ਓਹ ਵੈਰੀ ਦਿਨ ਰਾਤ ਉਸ ਦੀਆਂ ਕੰਧਾਂ ਉੱਤੇ ਉਸ ਦੇ ਚਾਰ ਚੁਫ਼ੇਰੇ ਘੁੰਮਦੇ ਹਨ, ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ।
11ਤਬਾਹੀ ਉਸ ਦੇ ਅੰਦਰ ਹੈ, ਧੱਕੇ ਸ਼ਾਹੀ ਅਤੇ ਹੇਰਾਫੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ।
12ਜਿਹੜਾ ਮੇਰੇ ਉੱਤੇ ਇਲਜ਼ਾਮ ਲਾਉਂਦਾ ਹੈ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁੱਕ ਜਾਂਦਾ,
13ਪਰ ਤੂੰ ਹੀ ਸੀ ਜੋ ਮੇਰੇ ਬਰਾਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰੀ ਜਾਣ-ਪਹਿਚਾਣ ਦਾ ਸੀ!
14ਅਸੀਂ ਆਪਸ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ, ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸੀ।
15ਮੌਤ ਉਨ੍ਹਾਂ ਉੱਤੇ ਅਚਾਨਕ ਆ ਪਵੇ, ਉਹ ਜਿਉਂਦੇ ਜੀਅ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਨਿਵਾਸ ਸਥਾਨਾਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ!
16ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, ਅਤੇ ਯਹੋਵਾਹ ਮੈਨੂੰ ਬਚਾ ਲਵੇਗਾ।
17ਸ਼ਾਮ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ ਉਹ ਮੇਰੀ ਅਵਾਜ਼ ਸੁਣੇਗਾ।
18ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਅਸਾਨੀ ਨਾਲ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ।
19ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, ਉਹ ਆਦ ਤੋਂ ਬਿਰਾਜਮਾਨ ਹੈ। ਸਲਹ। ਇਹ ਓਹ ਹਨ ਜਿਨ੍ਹਾਂ ਲਈ ਅਦਲ-ਬਦਲ ਨਹੀਂ, ਅਤੇ ਜਿਹੜੇ ਪਰਮੇਸ਼ੁਰ ਦਾ ਭੈਅ ਨਹੀਂ ਮੰਨਦੇ।
20ਉਹ ਨੇ ਆਪਣੇ ਸਾਥੀਆਂ ਉੱਤੇ ਹੱਥ ਚੁੱਕੇ ਹਨ, ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ।
21ਉਹ ਦਾ ਮੂੰਹ ਮੱਖਣ ਨਾਲੋਂ ਵੀ ਚਿਕਨਾ ਸੀ, ਪਰ ਉਹ ਦੇ ਦਿਲ ਵਿੱਚ ਲੜਾਈ ਸੀ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, ਪਰ ਓਹ ਸਨ ਨੰਗੀਆਂ ਤਲਵਾਰਾਂ!
22ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ।
23ਪਰ ਤੂੰ, ਹੇ ਪਰਮੇਸ਼ੁਰ, ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, ਹਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੱਕ ਵੀ ਨਾ ਪਹੁੰਚਣਗੇ, ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath