ਜ਼ਬੂਰ 107
1ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ!
2ਯਹੋਵਾਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ।
3ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ, ਪੂਰਬ, ਪੱਛਮ, ਉੱਤਰ ਤੇ ਦੱਖਣ ਵੱਲੋਂ।
4ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ।
5ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਢਾਲ ਸਨ।
6ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ।
7ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ, ਕਿ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚੱਲੇ ਜਾਣ।
8ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
9ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ।
10ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ,
11ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਣਿਆ,
12ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,
13ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਇਆ।
14ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ।
15ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
16ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ, ਤੇ ਲੋਹੇ ਦੇ ਅਰਲਾਂ ਦੇ ਟੋਟੇ-ਟੋਟੇ ਕਰ ਦਿੱਤੇ।
17ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ,
18ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ।
19ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਉਂਦਾ ਹੈ।
20ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।
21ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
22ਓਹ ਧੰਨਵਾਦ ਦੇ ਬਲੀਦਾਨ ਚੜਾਉਣ, ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ।
23ਜਿਹੜੇ ਜ਼ਹਾਜਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ,
24ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਅਚਰਜਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।
25ਉਹ ਹੁਕਮ ਦੇ ਕੇ ਤੂਫਾਨ ਵਗਾਉਂਦਾ ਹੈ, ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ।
26ਓਹ ਅਕਾਸ਼ ਤੱਕ ਚੜ੍ਹ ਜਾਂਦੇ, ਓਹ ਡੂੰਘਾਣ ਵਿੱਚ ਆਣ ਪੈਂਦੇ ਹਨ, ਲੋਕਾਂ ਦਾ ਜੀਅ ਦੁੱਖ ਦੇ ਕਾਰਨ ਢੱਲ਼ ਜਾਂਦਾ ਹੈ,
27ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਗੂੰ ਡਿੱਗਦੇ-ਢਹਿੰਦੇ ਹਨ, ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।
28ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਕੱਢ ਲਿਆਉਂਦਾ ਹੈ।
29ਓਹ ਤੂਫਾਨ ਨੂੰ ਥੰਮਾ ਦਿੰਦਾ ਹੈ, ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ।
30ਤਾਂ ਓਹ ਉਸ ਦੇ ਥੰਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ ਹਨ, ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪਹੁੰਚਾ ਦਿੰਦਾ ਹੈ।
31ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ!
32ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ, ਅਤੇ ਬਜ਼ੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ ਕਰਨ।
33ਉਹ ਨਦੀਆਂ ਨੂੰ ਉਜਾੜ, ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ ਦਿੰਦਾ ਹੈ,
34ਉਸ ਦੇ ਵਾਸੀਆਂ ਦੀ ਬੁਰਾਈ ਦੇ ਕਾਰਨ, ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ।
35ਉਹ ਉਜਾੜ ਨੂੰ ਝੀਲ, ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ,
36ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ, ਕਿ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ,
37ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ਼ ਲਾਉਣ, ਅਤੇ ਢੇਰ ਸਾਰੀ ਪੈਦਾਵਾਰ ਲੈਣ।
38ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ ਹਨ, ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ।
39ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ, ਓਹ ਘੱਟ ਜਾਂਦੇ ਅਤੇ ਨਿਉਂਦੇ ਹਨ।
40ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੁਆਉਂਦਾ ਹੈ।
41ਪਰ ਉਹ ਕੰਗਾਲ ਨੂੰ ਦੁੱਖ ਵਿੱਚੋਂ ਉਤਾਹਾਂ ਬਿਠਾਉਂਦਾ ਹੈ, ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ।
42ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ, ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ।
43ਜੋ ਕੋਈ ਬੁੱਧਵਾਨ ਹੈ ਉਹ ਇਹਨਾਂ ਗੱਲਾਂ ਨੂੰ ਮੰਨੇਗਾ, ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath