ਜ਼ਬੂਰ 106
1ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦਾ ਤੱਕ ਹੈ!
2ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਣਨ ਕਰ ਸਕਦਾ ਹੈ? ਕੌਣ ਉਹ ਦੀ ਸਾਰੀ ਉਸਤਤ ਸੁਣਾ ਸਕਦਾ ਹੈ?
3ਧੰਨ ਓਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ!
4ਹੇ ਯਹੋਵਾਹ, ਆਪਣੀ ਪਰਜਾ ਦੇ ਪੱਖਪਾਤ ਵਿੱਚ ਮੈਨੂੰ ਚੇਤੇ ਰੱਖ, ਆਪਣੇ ਬਚਾਓ ਨਾਲ ਮੇਰੀ ਸੁੱਧ ਲੈ,
5ਕਿ ਮੈਂ ਤੇਰੇ ਚੁਣੇ ਹੋਇਆਂ ਦੀ ਭਲਿਆਈ ਵੇਖਾਂ, ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਮਿਲਖ਼ ਦੇ ਨਾਲ ਫਖ਼ਰ ਕਰਾਂ!।
6ਅਸੀਂ ਆਪਣੇ ਪੁਰਖਿਆਂ ਜਿਹੇ ਪਾਪ ਕੀਤੇ, ਅਸੀਂ ਬਦੀ ਅਤੇ ਦੁਸ਼ਟਪੁਣਾ ਕੀਤਾ।
7ਸਾਡੇ ਪੁਰਖਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ, ਨਾ ਤੇਰੀਆਂ ਬਹੁਤੀਆਂ ਦਿਆਲ਼ਗੀਆਂ ਨੂੰ ਚੇਤੇ ਰੱਖਿਆ, ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ।
8ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ ਬਚਾਇਆ, ਕਿ ਉਹ ਆਪਣੀ ਸ਼ਕਤੀ ਵਿਖਾਵੇ।
9ਉਹ ਨੇ ਲਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ ਸੁੱਕ ਗਿਆ, ਅਤੇ ਉਹ ਨੇ ਉਨ੍ਹਾਂ ਨੂੰ ਡੁੰਘਿਆਈਆਂ ਦੇ ਵਿੱਚੋਂ ਦੀ ਜਿਵੇਂ ਉਜਾੜ ਦੇ ਵਿੱਚੋਂ ਦੀ ਲੰਘਾਇਆ,
10ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਣ ਦੇ ਹੱਥੋਂ ਬਚਾਇਆ, ਅਤੇ ਵੈਰੀ ਦੇ ਹੱਥੋਂ ਛੁਡਾਇਆ।
11ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ, ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
12ਉਸ ਦੇ ਲੋਕਾਂ ਨੇ ਉਹ ਦੀਆਂ ਗੱਲਾਂ ਨੂੰ ਸੱਚ ਮੰਨਿਆ, ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ।
13ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ, ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ।
14ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ, ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ,
15ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ, ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਨਾ ਕੀਤਾ।
16ਡੇਰੇ ਵਿੱਚ ਓਹ ਮੂਸਾ, ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ,
17ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ, ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ,
18ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ, ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ।
19ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ, ਅਤੇ ਢਾਲ਼ੇ ਹੋਏ ਬੁੱਤ ਅੱਗੇ ਮੱਥਾ ਟੇਕਿਆ,
20ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ, ਘਾਹ ਖਾਣ ਵਾਲੇ ਬਲ਼ਦ ਦੇ ਰੂਪ ਨਾਲ ਬਦਲ ਲਿਆ!
21ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਸ ਨੇ ਮਿਸਰ ਵਿੱਚ ਵੱਡੇ-ਵੱਡੇ ਕੰਮ ਕੀਤੇ,
22ਹਾਮ ਦੇ ਦੇਸ ਵਿੱਚ ਅਚਰਜ਼, ਅਤੇ ਲਾਲ ਸਮੁੰਦਰ ਉੱਤੇ ਭਿਆਨਕ ਕੰਮ!
23ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ, ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜ੍ਹਾ ਨਾ ਹੁੰਦਾ, ਕਿ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ।
24ਫੇਰ ਉਨ੍ਹਾਂ ਨੇ ਉਸ ਮਨਭਾਉਂਦੇ ਦੇਸ ਨੂੰ ਤੁੱਛ ਜਾਣਿਆ, ਉਨ੍ਹਾਂ ਨੇ ਉਹ ਦੇ ਬਚਨ ਨੂੰ ਸੱਚ ਨਾ ਮੰਨਿਆ,
25ਪਰ ਆਪਣੀਆਂ ਤੰਬੂਆਂ ਵਿੱਚ ਬੁੜ-ਬੁੜ ਕੀਤੀ, ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ।
26ਤਾਂ ਉਹ ਨੇ ਉਨ੍ਹਾਂ ਲਈ ਸਹੁੰ ਖਾਧੀ, ਕਿ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ,
27ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ, ਅਤੇ ਉਨ੍ਹਾਂ ਨੂੰ ਦੇਸ ਵਿੱਚ ਖਿਲਾਰ ਦਿਆਂਗਾ।
28ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ ਦਿੱਤਾ, ਅਤੇ ਮੁਰਦਿਆਂ ਦੇ ਚੜ੍ਹਾਵਿਆਂ ਨੂੰ ਖਾਧਾ!
29ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ ਗੁੱਸੇ ਕੀਤਾ, ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ।
30ਤਾਂ ਫ਼ੀਨਹਾਸ ਵਿਚਕਾਰ ਖਲੋ ਗਿਆ, ਅਤੇ ਮਰੀ ਰੁਕ ਗਈ,
31ਅਤੇ ਇਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓਂ ਪੀੜ੍ਹੀ ਸਦਾ ਲਈ।
32ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ ਗੁੱਸੇ ਨੂੰ ਭੜਕਾਇਆ, ਇਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ,
33ਓਹ ਪਰਮੇਸ਼ੁਰ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ, ਤਾਂ ਹੀ ਮੂਸਾ ਨੇ ਆਪਣੇ ਬੁੱਲ੍ਹਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ।
34ਉਨ੍ਹਾਂ ਨੇ ਉਹਨਾਂ ਉੱਮਤਾਂ ਦਾ ਨਾਸ ਨਾ ਕੀਤਾ, ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,
35ਸਗੋਂ ਓਹ ਉਹਨਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਉਹਨਾਂ ਦੇ ਕੰਮ ਸਿੱਖ ਲਏ,
36ਅਤੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ।
37ਉਨ੍ਹਾਂ ਨੇ ਆਪਣੇ ਪੁੱਤਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ।
38ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ,
39ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ, ਅਤੇ ਆਪਣੇ ਕਰਤੱਬੀਂ ਵਿਭਚਾਰੀ ਠਹਿਰੇ।
40ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਅਤੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ।
41ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ, ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਉੱਤੇ ਹੁਕਮ ਕਰਨ।
42ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ, ਅਤੇ ਓਹ ਉਨ੍ਹਾਂ ਦੇ ਹੱਥਾਂ ਹੇਠ ਅਧੀਨ ਹੋ ਗਏ।
43ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ, ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ, ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ।
44ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ, ਤਾਂ ਉਹ ਨੇ ਉਨ੍ਹਾਂ ਦੇ ਦੁੱਖ ਨੂੰ ਵੇਖਿਆ।
45ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ, ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ।
46ਉਨ੍ਹਾਂ ਨੂੰ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ।
47ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ! ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠੇ ਕਰ, ਕਿ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ!
48ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਦ ਤੋਂ ਅੰਤ ਤੱਕ ਮੁਬਾਰਕ ਹੋਵੇ! ਹੇ ਸਾਰੀ ਪਰਜਾ, ਆਖ “ਆਮੀਨ!” ਹਲਲੂਯਾਹ!।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath