ਜ਼ਬੂਰ 105
1ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ!
2ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ!
3ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ!
4ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ।
5ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ।
6ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
7ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ!
8ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
9ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,
10ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ,
11ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ, ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ,
12ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,
13ਅਤੇ ਓਹ ਕੌਮ-ਕੌਮ ਵਿੱਚ, ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
14ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,
15ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!
16ਤਾਂ ਉਹ ਨੇ ਦੇਸ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ।
17ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ।
18ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ,
19ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ।
20ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ।
21ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ,
22ਕਿ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ, ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ।
23ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।
24ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।
25ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।
26ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।
27ਉਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, ਅਤੇ ਹਾਮ ਦੇ ਦੇਸ ਵਿੱਚ ਅਚਰਜ਼ ਕੰਮ ਵਿਖਾਏ।
28ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ।
29ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।
30ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ!
31ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ।
32ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ।
33ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹੰਜ਼ੀਰਾਂ ਮਾਰ ਦਿੱਤੀਆਂ, ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ।
34ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, ਅਤੇ ਟੋਕਾ ਅਣਗਿਣਤ ਸੀ।
35ਉਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ।
36ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਪਹਿਲੌਠੇ ਮਾਰ ਦਿੱਤੇ, ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ।
37ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ।
38ਮਿਸਰੀ ਉਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, ਕਿਉਂ ਜੋ ਉਹਨਾਂ ਦਾ ਭੈਅ ਉਨ੍ਹਾਂ ਉੱਤੇ ਆ ਪਿਆ ਸੀ।
39ਉਹ ਨੇ ਪੜਦੇ ਲਈ ਬੱਦਲ ਤਾਣਿਆ, ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ।
40ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ, ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ।
41ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ,
42ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ।
43ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ।
44ਉਹ ਨੇ ਉਹਨਾਂ ਨੂੰ ਕੌਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਉਹਨਾਂ ਨੂੰ ਮਿਲਖ਼ ਵਿੱਚ ਦਿੱਤੀ,
45ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ, ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath