ਜ਼ਬੂਰ 104
1ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੂੰ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ!
2ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ,
3ਤੂੰ ਜੋ ਆਪਣੇ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਹੈਂ, ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ,
4ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈਂ।
5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਕਿ ਉਹ ਸਦਾ ਤੱਕ ਅਟੱਲ ਰਹੇ।
6ਤੂੰ ਉਹ ਨੂੰ ਡੂੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।
7ਓਹ ਤੇਰੇ ਨਾਲ ਦਬਕੇ ਨਾਲ ਨੱਠ ਗਏ, ਉਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ,
8ਉਸ ਥਾਂ ਨੂੰ ਜਿਸ ਦੀ ਤੂੰ ਨੀਂਹ ਰੱਖੀ ਹੋਈ ਸੀ, ਪਰਬਤ ਉਤਾਂਹ ਚੜ੍ਹੇ, ਦੂਣਾ ਹੇਠਾਂ ਉੱਤਰੀਆਂ,
9ਤੂੰ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਕਿ ਓਹ ਅੱਗੇ ਨਾ ਲੰਘਣ, ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ।
10ਤੂੰ ਚਸ਼ਮੇ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਵਿੱਚ ਵੀ ਚੱਲਦੇ ਹਨ।
11ਰੜ ਦੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, ਜੰਗਲੀ ਗਧੇ ਵੀ ਆਪਣੀ ਤੇਹ ਬੁਝਾਉਂਦੇ ਹਨ।
12ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, ਅਤੇ ਟਹਿਣੀਆਂ ਤੋਂ ਬੋਲਦੇ ਹਨ।
13ਤੂੰ ਆਪਣੇ ਉੱਚੇ ਸਥਾਨਾਂ ਤੋਂ ਪਹਾੜਾਂ ਨੂੰ ਸਿੰਜਦਾ ਹੈਂ, ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ।
14ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਕਿ ਧਰਤੀ ਵਿੱਚੋਂ ਆਹਾਰ ਕੱਢੇਂ,
15ਦਾਖ਼ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁੱਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ।
16ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ,
17ਜਿੱਥੇ ਚਿੜ੍ਹੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, ਅਤੇ ਲਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ।
18ਉੱਚੇ ਪਰਬਤ ਜੰਗਲੀ ਬੱਕਰੀਆਂ ਲਈ ਹਨ, ਢਿੱਗਾਂ ਪਹਾੜੀ ਖਰਗੋਸ਼ਾਂ ਲਈ ਓਟ ਹਨ।
19ਉਹ ਨੇ ਚੰਦ ਨੂੰ ਥਿਤਾਂ ਲਈ ਬਣਾਇਆ, ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।
20ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਜੰਗਲੀ ਜਾਨਵਰ ਦੱਬੀਂ ਪੈਰੀਂ ਨਿੱਕਲਦੇ ਹਨ।
21ਜੁਆਨ ਬੱਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ,
22ਸੂਰਜ ਚੜਦੇ ਹੀ ਓਹ ਖਿਸਕ ਜਾਂਦੇ ਹਨ, ਅਤੇ ਆਪਣਿਆਂ ਘੁਰਨਿਆਂ ਵਿੱਚ ਜਾ ਬਹਿੰਦੇ ਹਨ।
23ਇਨਸਾਨ ਆਪਣੇ ਕੰਮ ਧੰਦੇ ਨੂੰ ਨਿੱਕਲਦਾ ਹੈ, ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ।
24ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੂੰ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!
25ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, ਓਹ ਨਿੱਕੇ-ਨਿੱਕੇ ਤੇ ਵੱਡੇ-ਵੱਡੇ ਜੀਵ ਹਨ!
26ਉੱਥੇ ਜਹਾਜ਼ ਚੱਲਦੇ ਹਨ, ਅਤੇ ਤੂੰ ਲਿਵਯਾਥਾਨ ਨੂੰ ਉਹ ਦੇ ਖੇਡਣ ਲਈ ਰਚਿਆ।
27ਇਹ ਸਾਰੇ ਤੇਰੀ ਉਡੀਕ ਵਿੱਚ ਹਨ, ਕਿ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ।
28ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ।
29ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਬਰਾ ਜਾਂਦੇ ਹਨ, ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ।
30ਤੂੰ ਆਪਣਾ ਆਤਮਾ ਭੇਜਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾ ਦਿੰਦਾ ਹੈਂ।
31ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ,
32ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਟੁੰਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ!
33ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾਂ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!
34ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ।
35ਪਾਪੀ ਧਰਤੀ ਤੋਂ ਮਿਟ ਜਾਣ, ਅਤੇ ਦੁਸ਼ਟ ਬਾਕੀ ਨਾ ਰਹਿਣ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹਲਲੂਯਾਹ!।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath