ਕਹਾਉਤਾਂ 3
1ਹੇ ਮੇਰੇ ਪੁੱਤਰ, ਤੂੰ ਮੇਰੀ ਸਿੱਖਿਆ ਨੂੰ ਨਾ ਭੁੱਲ, ਸਗੋਂ ਆਪਣਾ ਮਨ ਲਗਾ ਕੇ ਮੇਰੇ ਹੁਕਮਾਂ ਦੀ ਪਾਲਣਾ ਕਰ,
2ਕਿਉਂ ਜੋ ਅਜਿਹਾ ਕਰਨ ਨਾਲ ਤੇਰੀ ਉਮਰ ਅਤੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਂਤੀ ਵਿੱਚ ਵੱਸੇਂਗਾ।
3ਦਯਾ ਅਤੇ ਸਚਿਆਈ ਤੇਰੇ ਤੋਂ ਅਲੱਗ ਨਾ ਹੋਣ, ਸਗੋਂ ਤੂੰ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ, ਉਹਨਾਂ ਨੂੰ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲੈ,
4ਤਦ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪਾਵੇਂਗਾ।
5ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।
6ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।
7ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈਅ ਰੱਖ ਅਤੇ ਬੁਰਿਆਈ ਤੋਂ ਦੂਰ ਰਹਿ।
8ਇਸ ਤੋਂ ਤੇਰਾ ਸਰੀਰ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।
9ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,
10ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ।
11ਹੇ ਮੇਰੇ ਪੁੱਤਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਬੁਰਾ ਨਾ ਮੰਨੀ,
12ਕਿਉਂ ਜੋ ਯਹੋਵਾਹ ਉਸੇ ਨੂੰ ਤਾੜਦਾ ਹੈ, ਜਿਸ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ।
13ਧੰਨ ਹੈ ਉਹ ਮਨੁੱਖ ਜਿਸ ਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ,
14ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ।
15ਉਹ ਤਾਂ ਹੀਰੇ-ਮੋਤੀਆਂ ਨਾਲੋਂ ਵੀ ਬੇਸ਼ਕੀਮਤੀ ਹਨ ਅਤੇ ਜਿੰਨ੍ਹੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ।
16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ।
17ਉਹ ਦੇ ਰਾਹ ਮਨਭਾਉਂਦੇ ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ।
18ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ, ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਅਤੇ ਜੋ ਕੋਈ ਉਹ ਨੂੰ ਫੜ੍ਹੀ ਰੱਖਦਾ ਹੈ, ਉਹ ਖੁਸ਼ ਰਹਿੰਦਾ ਹੈ।
19ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।
20ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ ਨਿੱਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।
21ਹੇ ਮੇਰੇ ਪੁੱਤਰ, ਬੁੱਧ ਅਤੇ ਵਿਵੇਕ ਨੂੰ ਸੰਭਾਲ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ।
22ਤਦ ਇਨ੍ਹਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਤੇਰੇ ਗਲ਼ ਲਈ ਸ਼ਿੰਗਾਰ ਹੋਣਗੀਆਂ।
23ਤਦ ਤੂੰ ਆਪਣੇ ਰਾਹ ਵਿੱਚ ਨਿਡਰ ਚੱਲੇਂਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ।
24ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ।
25ਅਚਾਨਕ ਆਉਣ ਵਾਲੇ ਭੈਅ ਤੋਂ ਨਾ ਡਰੀਂ ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਬਿਪਤਾ ਤੋਂ,
26ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।
27ਜੇ ਤੇਰੇ ਵੱਸ ਵਿੱਚ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਦਾ ਭਲਾ ਕਰਨ ਤੋਂ ਨਾ ਰੁਕੀਂ।
28ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਕਿ ਤੂੰ ਜਾ, ਫੇਰ ਆਵੀਂ, ਮੈਂ ਕੱਲ ਤੈਨੂੰ ਦਿਆਂਗਾ।
29ਜਦ ਤੇਰਾ ਗੁਆਂਢੀ ਨਿਸ਼ਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਹਾਨੀ ਦੀ ਜੁਗਤ ਨਾ ਕਰ।
30ਜਿਸ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ, ਉਸ ਦੇ ਨਾਲ ਐਂਵੇਂ ਹੀ ਝਗੜਾ ਨਾ ਕਰ।
31ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਉੱਤੇ ਨਾ ਚੱਲ,
32ਕਿਉਂ ਜੋ ਟੇਡੇ ਮਨੁੱਖਾਂ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।
33ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ।
34ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਹਲੀਮਾਂ ਉੱਤੇ ਉਹ ਕਿਰਪਾ ਕਰਦਾ ਹੈ।
35ਬੁੱਧਵਾਨ ਆਦਰ ਦੇ ਵਾਰਿਸ ਹੋਣਗੇ, ਪਰ ਮੂਰਖਾਂ ਦੀ ਤਰੱਕੀ ਸਿਰਫ਼ ਸ਼ਰਮ ਹੀ ਹੋਵੇਗੀ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath