ਈਸਾਈ
ਪਿੱਛੇ

ਕਹਾਉਤਾਂ 29

1ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।

2ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ।

3ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।

4ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ।

5ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।

6ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ, ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ।

7ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।

8ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ।

9ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ, ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ।

10ਖੂਨੀ ਮਨੁੱਖ ਖ਼ਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ।

11ਮੂਰਖ ਆਪਣੇ ਮਨ ਦੀ ਸਾਰੀ ਗੱਲ ਖੋਲ੍ਹ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦਾ ਅਤੇ ਸ਼ਾਂਤ ਕਰ ਦਿੰਦਾ ਹੈ।

12ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ।

13ਕੰਗਾਲ ਅਤੇ ਅਨ੍ਹੇਰ ਕਰਨ ਵਾਲਾ ਮਨੁੱਖ ਇੱਕੋ ਜਿਹੇ ਹਨ, ਯਹੋਵਾਹ ਉਹਨਾਂ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।

14ਜਿਹੜਾ ਰਾਜਾ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ।

15ਤਾੜਨਾ ਅਤੇ ਸੋਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।

16ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।

17ਆਪਣੇ ਪੁੱਤਰ ਨੂੰ ਤਾੜਨਾ ਦੇਹ ਤਾਂ ਉਹ ਤੈਨੂੰ ਸੁੱਖ ਦੇਵੇਗਾ, ਅਤੇ ਉਹ ਤੇਰੇ ਮਨ ਨੂੰ ਨਿਹਾਲ ਕਰੇਗਾ।

18ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।

19ਸੇਵਕ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਸੁਧਾਰਿਆ ਜਾਂਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।

20ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।

21ਜਿਹੜਾ ਆਪਣੇ ਦਾਸ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਅਖ਼ੀਰ ਨੂੰ ਉਸ ਦਾ ਵਾਰਿਸ ਬਣ ਬੈਠੇਗਾ।

22ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਬਹੁਤ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।

23ਆਦਮੀ ਦਾ ਹੰਕਾਰ ਉਹ ਨੂੰ ਨੀਵਾਂ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।

24ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸਹੁੰ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ।

25ਮਨੁੱਖ ਦਾ ਭੈਅ ਫਾਹੀ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁੱਖ-ਸਾਂਦ ਨਾਲ ਰਹੇਗਾ।

26ਹਾਕਮ ਨੂੰ ਮਿਲਣਾ ਬਹੁਤੇ ਚਾਹੁੰਦੇ ਹਨ, ਪਰ ਮਨੁੱਖ ਦਾ ਨਿਆਂ ਯਹੋਵਾਹ ਵੱਲੋਂ ਕੀਤਾ ਜਾਂਦਾ ਹੈ।

27ਧਰਮੀ ਕੁਨਿਆਈਂ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath