ਕਹਾਉਤਾਂ 28
1ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂੰ ਨਿਡਰ ਰਹਿੰਦੇ ਹਨ।
2ਦੇਸ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।
3ਜੋ ਕੰਗਾਲ ਮਨੁੱਖ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ।
4ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਿਵਸਥਾ ਦੀ ਪਾਲਣਾ ਕਰਨ ਵਾਲੇ ਉਨ੍ਹਾਂ ਦਾ ਵਿਰੋਧ ਕਰਦੇ ਹਨ।
5ਬੁਰੇ ਮਨੁੱਖ ਨਿਆਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੀ ਭਾਲ ਕਰਨ ਵਾਲੇ ਸਭ ਕੁਝ ਸਮਝਦੇ ਹਨ।
6ਕੰਗਾਲ ਜੋ ਖਰਿਆਈ ਨਾਲ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਵੇਂ ਉਹ ਧਨੀ ਵੀ ਹੋਵੇ।
7ਬਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਤਾ ਦਾ ਮੂੰਹ ਕਾਲਾ ਕਰਦਾ ਹੈ।
8ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ।
9ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਠਹਿਰਦੀ ਹੈ।
10ਜਿਹੜਾ ਸਚਿਆਰ ਨੂੰ ਕੁਰਾਹੇ ਪਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ।
11ਧਨਵਾਨ ਮਨੁੱਖ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ ਪਰ ਮੱਤ ਵਾਲਾ ਗਰੀਬ ਉਹ ਨੂੰ ਸਮਝ ਲੈਂਦਾ ਹੈ।
12ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਆਪਣੇ ਆਪ ਨੂੰ ਲੁਕੋ ਲੈਂਦੇ ਹਨ।
13ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਿਮ ਕੀਤਾ ਜਾਵੇਗਾ।
14ਧੰਨ ਹੈ ਉਹ ਮਨੁੱਖ ਜਿਹੜਾ ਸਦਾ ਯਹੋਵਾਹ ਦਾ ਭੈਅ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ
15ਗਰੀਬ ਪਰਜਾ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੇਰ, ਅਤੇ ਫਿਰਦੇ ਰਿੱਛ ਵਰਗਾ ਹੈ।
16ਸਮਝਹੀਣ ਹਾਕਮ ਬਹੁਤਾ ਅਨ੍ਹੇਰ ਕਰਨ ਵਾਲਾ ਹੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ।
17ਜਿਸ ਆਦਮੀ ਉੱਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ, ਕੋਈ ਉਹ ਨੂੰ ਨਾ ਰੋਕੇ!
18ਜਿਹੜਾ ਖਰੀ ਚਾਲ ਚੱਲਦਾ ਹੈ ਉਹ ਬਚਾਇਆ ਜਾਵੇਗਾ, ਪਰ ਜਿਹ ਦੇ ਰਾਹ ਪੁੱਠੇ ਹਨ ਉਹ ਅਚਾਨਕ ਡਿੱਗ ਪਵੇਗਾ।
19ਜਿਹੜਾ ਆਦਮੀ ਜ਼ਮੀਨ ਵਾਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ। ਪਰ ਜਿਹੜਾ ਨਿਕੰਮਿਆਂ ਦੀ ਸੰਗਤ ਕਰਦਾ ਹੈ ਉਹ ਗਰੀਬੀ ਨਾਲ ਰੱਜੇਗਾ,
20ਸੱਚੇ ਮਨੁੱਖ ਉੱਤੇ ਵਧੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ।
21ਪੱਖਪਾਤ ਕਰਨਾ ਚੰਗਾ ਨਹੀਂ, ਅਤੇ ਇਹ ਵੀ ਚੰਗਾ ਨਹੀਂ ਕਿ ਮਨੁੱਖ ਰੋਟੀ ਦੀ ਇੱਕ ਬੁਰਕੀ ਦੇ ਲਈ ਅਪਰਾਧ ਕਰੇ।
22ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ
23ਆਦਮੀ ਨੂੰ ਤਾੜਨਾ ਦੇਣ ਵਾਲਾ ਅੰਤ ਨੂੰ ਉਸ ਨਾਲੋਂ ਜੋ ਚਾਪਲੂਸੀ ਕਰਦਾ ਹੈ, ਬਾਹਲੀ ਕਿਰਪਾ ਪਾਵੇਗਾ
24ਜਿਹੜਾ ਆਪਣੇ ਪਿਉ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਨਾਸ ਕਰਨ ਵਾਲਿਆਂ ਦਾ ਸਾਥੀ ਠਹਿਰਦਾ ਹੈ।
25ਲੋਭੀ ਮਨੁੱਖ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਰਿਸ਼ਟ-ਪੁਸ਼ਟ ਕੀਤਾ ਜਾਵੇਗਾ।
26ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਬੁੱਧ ਨਾਲ ਚੱਲਦਾ ਹੈ ਉਹ ਛੁਡਾਇਆ ਜਾਵੇਗਾ।
27ਜਿਹੜਾ ਕੰਗਾਲ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਉਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ।
28ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁੱਕ ਜਾਂਦੇ ਹਨ, ਪਰ ਜਦੋਂ ਓਹ ਮਿਟ ਜਾਂਦੇ ਹਨ ਤਾਂ ਧਰਮੀ ਤਰੱਕੀ ਕਰਦੇ ਹਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath