ਗਿਣਤੀ 5
1ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲਾਸ਼ਾਂ ਤੋਂ ਅਸ਼ੁੱਧ ਹੋਣ,
3ਭਾਵੇਂ ਪੁਰਖ ਭਾਵੇਂ ਇਸਤਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਉਹ ਉਨ੍ਹਾਂ ਦੇ ਡੇਰਿਆਂ ਨੂੰ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ।
4ਤਦ ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਆਖਿਆ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ।
5ਯਹੋਵਾਹ ਨੇ ਮੂਸਾ ਨੂੰ ਆਖਿਆ,
6ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ,
7ਤਦ ਉਹ ਆਪਣੇ ਪਾਪ ਦਾ ਇਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾ ਕੇ ਉਹ ਨੂੰ ਦੇਵੇ ਜਿਸ ਦੇ ਵਿਰੁੱਧ ਉਹ ਦੋਸ਼ੀ ਹੋਇਆ।
8ਜੇ ਉਸ ਮਨੁੱਖ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਜਿਸ ਨੂੰ ਉਸ ਦੇ ਦੋਸ਼ ਦਾ ਹਰਜ਼ਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜ਼ਾਨਾ ਜਿਹੜਾ ਯਹੋਵਾਹ ਦਾ ਹੈ, ਜਾਜਕ ਨੂੰ ਦਿੱਤਾ ਜਾਵੇ ਨਾਲੇ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ।
9ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਜਿਹੜੀਆਂ ਉਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ।
10ਹਰ ਮਨੁੱਖ ਦੀਆਂ ਪਵਿੱਤਰ ਚੀਜ਼ਾਂ ਉਸ ਦੀਆਂ ਹੋਣ। ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸਦਾ ਹੋਵੇ।
11ਯਹੋਵਾਹ ਨੇ ਮੂਸਾ ਨੂੰ ਆਖਿਆ,
12ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕਿਸੇ ਮਨੁੱਖ ਦੀ ਪਤਨੀ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ।
13ਜੇ ਕੋਈ ਮਨੁੱਖ ਉਸ ਨਾਲ ਲੇਟੇ ਅਤੇ ਬਦਕਾਰੀ ਕਰੇ, ਭਾਵੇਂ ਇਹ ਗੱਲ ਉਸ ਦੇ ਪਤੀ ਦੀਆਂ ਅੱਖਾਂ ਤੋਂ ਲੁੱਕੀ ਰਹੇ ਅਤੇ ਉਹ ਇਸ ਬਾਰੇ ਨਾ ਜਾਣਦਾ ਹੋਵੇ, ਭਾਵੇਂ ਕੋਈ ਉਸ ਦੇ ਵਿਰੁੱਧ ਗਵਾਹ ਨਾ ਹੋਵੇ ਅਤੇ ਉਹ ਫੜੀ ਨਾ ਗਈ ਹੋਵੇ, ਤਾਂ ਵੀ ਉਹ ਭਰਿਸ਼ਟ ਹੋ ਚੁੱਕੀ ਹੈ।
14ਪਰ ਉਸ ਦੇ ਪਤੀ ਦੇ ਮਨ ਵਿੱਚ ਜਲਣ ਪੈਦਾ ਹੋਵੇ ਅਤੇ ਉਹ ਆਪਣੀ ਪਤਨੀ ਨਾਲ ਜਲਣ ਕਰੇ ਕਿਉਂ ਜੋ ਉਹ ਭਰਿਸ਼ਟ ਹੋ ਗਈ, ਜਾਂ ਉਸ ਨਾਲ ਫਿਰ ਵੀ ਜਲਣ ਕਰੇ ਕਿ ਉਹ ਆਪਣੀ ਪਤਨੀ ਨਾਲ ਜਲਣ ਰੱਖੇ ਪਰ ਉਹ ਭਰਿਸ਼ਟ ਨਾ ਹੋਈ ਹੋਵੇ।
15ਤਦ ਉਹ ਮਨੁੱਖ ਆਪਣੀ ਪਤਨੀ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਦੇ ਉੱਤੇ ਤੇਲ ਨਾ ਡੋਲ੍ਹੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਣ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਂਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ।
16ਤਦ ਜਾਜਕ ਉਸ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜ੍ਹੀ ਕਰੇ।
17ਫੇਰ ਜਾਜਕ ਪਵਿੱਤਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਰੇ ਦੇ ਫ਼ਰਸ਼ ਦੀ ਧੂੜ ਲੈ ਕੇ ਉਸ ਜਲ ਵਿੱਚ ਪਾਵੇ।
18ਫੇਰ ਜਾਜਕ ਉਸ ਇਸਤਰੀ ਨੂੰ ਯਹੋਵਾਹ ਦੇ ਅੱਗੇ ਖੜ੍ਹੀ ਕਰੇ ਅਤੇ ਉਸ ਦੇ ਸਿਰ ਦੇ ਵਾਲ਼ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾਂ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਣ ਦੀ ਭੇਟ ਵੀ ਹੈ, ਅਤੇ ਜਾਜਕ ਦੇ ਹੱਥ ਵਿੱਚ ਕੁੱੜਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ।
19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ।
20ਪਰੰਤੂ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇਕਰ ਆਪਣੇ ਪਤੀ ਤੋਂ ਬਿਨ੍ਹਾਂ ਕਿਸੇ ਹੋਰ ਮਨੁੱਖ ਦੇ ਸੰਗ ਲੇਟ ਕੇ ਭਰਿਸ਼ਟ ਹੋ ਗਈ ਹੈਂ।
21ਤਦ ਜਾਜਕ ਉਸ ਔਰਤ ਨੂੰ ਸਰਾਪ ਦੀ ਸਹੁੰ ਦੇਵੇ ਅਤੇ ਜਾਜਕ ਉਸ ਔਰਤ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸਹੁੰ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੇ ਪੱਟ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ।
22ਇਸ ਤਰ੍ਹਾਂ ਇਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੇ ਪੱਟ ਨੂੰ ਸਾੜੇ ਤਾਂ ਇਸਤਰੀ ਆਖੇ, “ਆਮੀਨ, ਆਮੀਨ।”
23ਤਦ ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮਿਟਾਵੇ।
24ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ, ਉਸ ਇਸਤਰੀ ਨੂੰ ਪਿਆਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਇਸਤਰੀ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ।
25ਫੇਰ ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ।
26ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਉਸ ਔਰਤ ਨੂੰ ਪਿਲਾਵੇ।
27ਜਦ ਉਹ ਜਲ ਔਰਤ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਔਰਤ ਭਰਿਸ਼ਟੀ ਗਈ ਹੈ ਅਤੇ ਉਸ ਨੇ ਆਪਣੇ ਪਤੀ ਦੇ ਵਿਰੁੱਧ ਦੋਸ਼ ਕੀਤਾ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਤੇ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾਂ ਵਿੱਚ ਸਰਾਪਣ ਹੋਵੇਗੀ।
28ਪਰ ਜੇ ਔਰਤ ਭਰਿਸ਼ਟ ਨਹੀਂ ਹੋਈ ਹੋਵੇ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ।
29ਇਹ ਬਿਵਸਥਾ ਉਸ ਜਲਣ ਦੀ ਹੈ ਜਦ ਔਰਤ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਚਲੀ ਜਾਵੇ।
30ਜਦ ਕਿਸੇ ਮਨੁੱਖ ਦਾ ਜਲਣ ਦਾ ਸੁਭਾਅ ਹੋ ਜਾਵੇ ਅਤੇ ਉਸ ਨੂੰ ਆਪਣੀ ਔਰਤ ਦੀ ਜਲਣ ਹੋਵੇ ਤਾਂ ਉਹ ਮਨੁੱਖ ਉਸ ਔਰਤ ਨੂੰ ਯਹੋਵਾਹ ਅੱਗੇ ਖੜ੍ਹੀ ਕਰੇ ਅਤੇ ਜਾਜਕ ਉਸ ਉੱਤੇ ਇਹ ਸਾਰੀ ਬਿਵਸਥਾ ਵਰਤੇ।
31ਇਸ ਤਰ੍ਹਾਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਔਰਤ ਆਪਣੀ ਬਦੀ ਨੂੰ ਆਪ ਚੁੱਕੇਗੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath