ਗਿਣਤੀ 20
1ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਵਿੱਚ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ਼ ਵਿੱਚ ਰਹਿਣ ਲੱਗੀ ਅਤੇ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ।
2ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਇਸ ਕਾਰਨ ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ।
3ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਵੀ ਮਰ ਜਾਂਦੇ ਜਦੋਂ ਸਾਡੇ ਭਰਾ ਯਹੋਵਾਹ ਅੱਗੇ ਮਰ ਗਏ ਸਨ!
4ਤੁਸੀਂ ਯਹੋਵਾਹ ਦੀ ਸਭਾ ਨੂੰ ਕਿਉਂ ਇਸ ਉਜਾੜ ਵਿੱਚ ਲੈ ਕੇ ਆਏ ਹੋ, ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?
5ਤੁਸੀਂ ਕਿਉਂ ਸਾਨੂੰ ਮਿਸਰ ਤੋਂ ਕੱਢ ਕੇ ਲਿਆਏ? ਤੁਸੀਂ ਸਾਨੂੰ ਇਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀਜ ਨਾ ਹੰਜ਼ੀਰ, ਨਾ ਦਾਖ ਦੀ ਵੇਲ, ਨਾ ਅਨਾਰ ਅਤੇ ਨਾ ਪੀਣ ਲਈ ਪਾਣੀ ਹੈ।
6ਤਾਂ ਮੂਸਾ ਅਤੇ ਹਾਰੂਨ, ਸਭਾ ਦੇ ਅੱਗੋਂ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਜਾ ਕੇ ਮੂੰਹ ਦੇ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ।
7ਯਹੋਵਾਹ ਨੇ ਮੂਸਾ ਨੂੰ ਆਖਿਆ,
8ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ, ਉਨ੍ਹਾਂ ਦੇ ਵੇਖਦਿਆਂ ਪੱਥਰੀਲੀ ਚੱਟਾਨ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਚੱਟਾਨ ਤੋਂ ਪਾਣੀ ਕੱਢੇਂਗਾ। ਇਸ ਤਰ੍ਹਾਂ ਤੂੰ ਇਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਵੇਂਗਾ।
9ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
10ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਚੱਟਾਨ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾ ਕਰਨ ਵਾਲਿਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਤੋਂ ਪਾਣੀ ਕੱਢੀਏ?
11ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਚੱਟਾਨ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ ਤਾਂ ਮੰਡਲੀ ਦੇ ਲੋਕ ਅਤੇ ਉਨ੍ਹਾਂ ਦੇ ਪਸ਼ੂਆਂ ਨੇ ਪੀਤਾ।
12ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਅਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਨਹੀਂ ਠਹਿਰਾਇਆ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਕੇ ਜਾ ਸਕੋਗੇ।
13ਇਸ ਲਈ ਇਸ ਸਥਾਨ ਦਾ ਨਾਮ ਮਰੀਬਾਹ ਪਿਆ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਅਤੇ ਉਹ ਉਨ੍ਹਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ।
14ਫੇਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰਾ ਕਸ਼ਟ ਜਾਣਦੇ ਹੋ, ਜੋ ਸਾਡੇ ਉੱਤੇ ਆਇਆ ਹੈ।
15ਕਿਵੇਂ ਸਾਡੇ ਪਿਉ-ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੱਕ ਰਹੇ ਅਤੇ ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬੁਰਾ ਵਿਵਹਾਰ ਕੀਤਾ।
16ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ।
17ਸਾਨੂੰ ਆਪਣੇ ਦੇਸ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਜਾਂ ਅੰਗੂਰੀ ਬਾਗ਼ਾਂ ਦੇ ਵਿੱਚ ਦੀ ਹੋ ਕੇ ਨਾ ਲੰਘਾਂਗੇ ਅਤੇ ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ, ਅਸੀਂ ਰਾਜੇ ਦੀ ਬਣਾਈ ਹੋਈ ਸੜਕ ਤੋਂ ਹੀ ਲੰਘ ਜਾਂਵਾਂਗੇ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਜਦ ਤੱਕ ਅਸੀਂ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ।
18ਪਰ ਅਦੋਮ ਦੇ ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮੇਰੇ ਦੇਸ ਵਿੱਚੋਂ ਨਹੀਂ ਲੰਘੋਗੇ ਨਹੀਂ ਤਾਂ ਮੈਂ ਤੁਹਾਡਾ ਤਲਵਾਰ ਨਾਲ ਸਾਹਮਣਾ ਕਰਾਂਗਾ।
19ਤਦ ਇਸਰਾਏਲੀਆਂ ਨੇ ਉਹਨਾਂ ਦੇ ਕੋਲ ਫੇਰ ਸੁਨੇਹਾ ਭੇਜਿਆ, ਅਸੀਂ ਰਸਤੇ ਤੋਂ ਹੁੰਦੇ ਹੋਏ ਜਾਂਵਾਂਗੇ, ਜੇਕਰ ਅਸੀਂ ਅਤੇ ਸਾਡੇ ਪਸ਼ੂਆਂ ਨੇ ਤੁਹਾਡਾ ਪਾਣੀ ਪੀਤਾ ਤਾਂ ਅਸੀਂ ਉਸ ਦਾ ਮੁੱਲ ਦੇ ਦੇਵਾਂਗੇ। ਕੁਝ ਹੋਰ ਨਹੀਂ ਸਿਰਫ਼ ਸਾਨੂੰ ਪੈਦਲ ਲੰਘ ਜਾਣ ਦੇ।
20ਪਰ ਉਸ ਨੇ ਆਖਿਆ, ਤੁਸੀਂ ਲੰਘ ਨਹੀਂ ਸਕੋਗੇ। ਅਦੋਮ ਵੱਡੀ ਸੈਨਾਂ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲਿਆ।
21ਇਸ ਤਰ੍ਹਾਂ ਅਦੋਮ ਨੇ ਇਸਰਾਏਲ ਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਾ ਦਿੱਤੀ, ਇਸ ਲਈ ਇਸਰਾਏਲੀ ਉੱਥੋਂ ਮੁੜ੍ਹ ਗਏ।
22ਤਦ ਇਸਰਾਏਲੀਆਂ ਦੀ ਸਾਰੀ ਮੰਡਲੀ ਕਾਦੇਸ਼ ਤੋਂ ਕੂਚ ਕਰਕੇ, ਹੋਰ ਨਾਮ ਦੇ ਪਰਬਤ ਨੂੰ ਆਈ।
23ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮ ਦੇ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ, ਆਖਿਆ,
24ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਿਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ।
25ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ।
26ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ।
27ਤਦ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਉਹ ਸਾਰੀ ਮੰਡਲੀ ਦੇ ਵੇਖਦਿਆਂ ਹੀ ਹੋਰ ਨਾਮ ਦੇ ਪਰਬਤ ਉੱਤੇ ਚੜ੍ਹ ਗਏ।
28ਤਦ ਮੂਸਾ ਨੇ ਹਾਰੂਨ ਦੇ ਬਸਤਰ ਉਤਾਰ ਕੇ, ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾਏ ਅਤੇ ਹਾਰੂਨ ਉਸ ਪਰਬਤ ਦੀ ਟੀਸੀ ਉੱਤੇ ਮਰ ਗਿਆ ਫੇਰ ਮੂਸਾ ਅਤੇ ਅਲਆਜ਼ਾਰ ਪਰਬਤ ਤੋਂ ਹੇਠਾਂ ਉਤਰ ਆਏ।
29ਜਦ ਇਸਰਾਏਲ ਦੀ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਮਰ ਗਿਆ ਹੈ ਤਦ ਇਸਰਾਏਲ ਦੇ ਸਾਰੇ ਪਰਿਵਾਰ ਹਾਰੂਨ ਦੇ ਲਈ ਤੀਹ ਦਿਨ ਤੱਕ ਸੋਗ ਕਰਦੇ ਰਹੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath