ਗਿਣਤੀ 16
1ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤਰ ਓਨ ਨੇ ਜਿਹੜੇ ਰਊਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ।
2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ, ਮੂਸਾ ਦੇ ਅੱਗੇ ਉੱਠੇ।
3ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਆਖਿਆ, ਹੁਣ ਤਾਂ ਬਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?
4ਜਦ ਮੂਸਾ ਨੇ ਸੁਣਿਆ ਤਾਂ ਉਹ ਆਪਣੇ ਮੂੰਹ ਦੇ ਭਾਰ ਡਿੱਗਿਆ।
5ਉਹ ਕੋਰਹ ਅਤੇ ਉਹ ਦੀ ਸਾਰੀ ਟੋਲੀ ਨੂੰ ਬੋਲਿਆ ਕਿ ਸਵੇਰ ਨੂੰ ਯਹੋਵਾਹ ਦੱਸੇਗਾ ਕਿ ਕੌਣ ਉਸ ਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸਨੂੰ ਆਪਣੇ ਨੇੜੇ ਲਿਆਵੇਗਾ, ਜਿਸ ਨੂੰ ਉਹ ਚੁਣੇਗਾ ਉਹ ਨੂੰ ਨੇੜੇ ਲਿਆਵੇਗਾ।
6ਇਹ ਕਰੋ ਕਿ ਕੋਰਹ ਅਤੇ ਉਸ ਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ।
7ਅਤੇ ਕੱਲ ਨੂੰ ਉਨ੍ਹਾਂ ਵਿੱਚ ਅੱਗ ਪਾਓ ਅਤੇ ਉਨ੍ਹਾਂ ਦੇ ਵਿੱਚ ਯਹੋਵਾਹ ਦੇ ਅੱਗੇ ਧੂਪ ਪਾਓ ਤਾਂ ਅਜਿਹਾ ਹੋਵੇਗਾ ਕਿ ਉਹ ਮਨੁੱਖ ਜਿਸ ਨੂੰ ਯਹੋਵਾਹ ਚੁਣੇਗਾ ਉਹ ਪਵਿੱਤਰ ਹੋਵੇਗਾ। ਹੁਣ ਲੇਵੀਓ, ਤੁਸੀਂ ਵੀ ਬਸ ਕਰੋ!
8ਤਾਂ ਮੂਸਾ ਨੇ ਕੋਰਹ ਨੂੰ ਆਖਿਆ, ਹੇ ਲੇਵੀਓ ਸੁਣੋ!
9ਕਿ ਇਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਸਰਾਏਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਹੋਵਾਹ ਦੇ ਡੇਰੇ ਦੀ ਟਹਿਲ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ?
10ਨਾਲੇ ਉਹ ਤੈਨੂੰ ਅਤੇ ਤੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੇਵੀ ਹਨ ਤੇਰੇ ਨੇੜੇ ਲਿਆਇਆ? ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ?
11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾਹ ਦੇ ਵਿਰੁੱਧ ਇਕੱਠੀ ਹੋਈ ਅਤੇ ਹਾਰੂਨ, ਉਹ ਵਿਚਾਰਾ ਕੌਣ ਹੈ ਜੋ ਤੁਸੀਂ ਉਹ ਦੇ ਵਿਰੁੱਧ ਬੁੜ-ਬੁੜਾਉਂਦੇ ਹੋ?
12ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਾ ਭੇਜਿਆ ਪਰ ਉਨ੍ਹਾਂ ਨੇ ਆਖਿਆ, ਅਸੀਂ ਨਹੀਂ ਆਵਾਂਗੇ।
13ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ?
14ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ ? ਅਸੀਂ ਤਾਂ ਅੱਗੇ ਨਹੀਂ ਜਾਣਾ!
15ਤਦ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ।
16ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ।
17ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ।
18ਤਾਂ ਹਰ ਮਨੁੱਖ ਨੇ ਆਪਣਾ-ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਨ੍ਹਾਂ ਉੱਤੇ ਧੂਪ ਵੀ ਪਾਈ ਅਤੇ ਮੂਸਾ ਅਤੇ ਹਾਰੂਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ।
19ਤਾਂ ਕੋਰਹ ਨੇ ਸਾਰੀ ਟੋਲੀ ਨੂੰ ਉਨ੍ਹਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ ਤਦ ਯਹੋਵਾਹ ਦਾ ਪਰਤਾਪ ਸਾਰੀ ਮੰਡਲੀ ਉੱਤੇ ਪਰਗਟ ਹੋਇਆ।
20ਤਾਂ ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ,
21ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੇਰ ਵਿੱਚ ਭੱਖ ਲਵਾਂ।
22ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ?
23ਤਾਂ ਯਹੋਵਾਹ ਮੂਸਾ ਨਾਲ ਬੋਲਿਆ,
24ਮੰਡਲੀ ਨੂੰ ਬੋਲ ਕਿ ਉਹ ਕੋਰਹ ਅਤੇ ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਚੱਲੇ ਜਾਣ।
25ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਏਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ-ਪਿੱਛੇ ਗਏ
26ਉਹ ਮੰਡਲੀ ਨੂੰ ਬੋਲਿਆ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਦੂਰ ਹੋ ਜਾਓ ਅਤੇ ਉਨ੍ਹਾਂ ਦੀ ਕਿਸੇ ਵੀ ਵਸਤੂ ਨੂੰ ਨਾ ਛੂਹਣਾ, ਕਿਤੇ ਤੁਸੀਂ ਵੀ ਉਨ੍ਹਾਂ ਦੇ ਸਾਰੇ ਪਾਪਾਂ ਵਿੱਚ ਸਾਂਝੀ ਹੋਵੋ!
27ਸੋ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਨੂੰ ਚੱਲੇ ਗਏ ਤਾਂ ਦਾਥਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜਿਆਂ ਵਿੱਚ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਬਾਲ-ਬੱਚਿਆਂ ਦੇ ਨਾਲ ਖੜ੍ਹੇ ਹੋ ਗਏ।
28ਫੇਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਵੋਗੇ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੈ, ਨਾ ਕਿ ਮੈਂ ਆਪਣੇ ਮਨ ਨਾਲ ਆਇਆ ਹਾਂ, ਜੋ ਮੈਂ ਇਨ੍ਹਾਂ ਸਾਰਿਆਂ ਕੰਮਾਂ ਨੂੰ ਕਰਾਂ।
29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾਂ ਮਨੁੱਖਾਂ ਦੇ ਵਾਲੀ ਹੋਵੇ, ਅਖ਼ੀਰ ਇਸ ਗੱਲ ਨੂੰ ਜਾਣੋ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੀ ਨਹੀਂ।
30ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ, ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਸਭਨਾਂ ਵਸਤੂਆਂ ਨੂੰ ਨਿਗਲ ਲਵੇ ਅਤੇ ਉਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਨਿਰਾਦਰ ਕੀਤਾ ਹੈ!
31ਤਦ ਅਜਿਹਾ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ ਤਾਂ ਭੂਮੀ ਜਿਹੜੀ ਉਨ੍ਹਾਂ ਦੇ ਹੇਠ ਸੀ, ਫੱਟ ਗਈ
32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਹ ਵੱਲ ਸਨ, ਉਨ੍ਹਾਂ ਦਾ ਸਭ ਕੁਝ ਨਿਗਲ ਲਿਆ।
33ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਸਭਾ ਵਿੱਚੋਂ ਨਾਸ ਹੋ ਗਏ।
34ਤਦ ਸਾਰੇ ਇਸਰਾਏਲੀ ਜਿਹੜੇ ਉਨ੍ਹਾਂ ਦੇ ਆਲੇ-ਦੁਆਲੇ ਸਨ, ਉਨ੍ਹਾਂ ਦੀਆਂ ਚੀਕਾਂ ਸੁਣ ਕੇ ਇਹ ਕਹਿੰਦੇ ਹੋਏ ਦੌੜ ਗਏ ਕਿਤੇ ਅਜਿਹਾ ਨਾ ਹੋਵੇ ਕਿ ਧਰਤੀ ਸਾਨੂੰ ਵੀ ਨਿਗਲ ਲਵੇ!
35ਤਦ ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਹ ਉਨ੍ਹਾਂ ਧੂਪ ਧੁਖਾਉਣ ਵਾਲੇ ਢਾਈ ਸੌ ਮਨੁੱਖਾਂ ਨੂੰ ਭਸਮ ਕਰ ਗਈ।
36ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
37ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹਨਾਂ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲੈ ਅਤੇ ਤੂੰ ਅੱਗ ਨੂੰ ਖਿਲਾਰ ਦੇ, ਕਿਉਂ ਜੋ ਉਹ ਪਵਿੱਤਰ ਹਨ।
38ਜਿਹਨਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨਾਂ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਸੀ, ਇਸ ਲਈ ਉਹ ਪਵਿੱਤਰ ਹਨ ਅਤੇ ਉਹ ਇਸਰਾਏਲੀਆਂ ਦੇ ਲਈ ਇੱਕ ਨਿਸ਼ਾਨ ਹੋਵੇਗਾ।
39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਲੈ ਕੇ, ਜਿਹੜੇ ਭਸਮ ਹੋਇਆਂ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ।
40ਇਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਅਤੇ ਜੇਕਰ ਕੋਈ ਮਨੁੱਖ ਜੋ ਹਾਰੂਨ ਦੀ ਅੰਸ ਦਾ ਨਾ ਹੋਵੇ, ਉਹ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਜਿਹਾ ਨਾ ਹੋਵੇ ਕਿ ਕੋਰਹ ਅਤੇ ਉਸ ਦੀ ਟੋਲੀ ਵਾਂਗੂੰ ਉਹ ਨਾਸ ਨਾ ਹੋ ਜਾਵੇ, ਜਿਵੇਂ ਯਹੋਵਾਹ ਨੇ ਉਸ ਨੂੰ ਮੂਸਾ ਦੇ ਰਾਹੀਂ ਆਖਿਆ ਸੀ।
41ਦੂਸਰੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਇਹ ਆਖ ਕੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਤੁਸੀਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ!
42ਜਦ ਮੰਡਲੀ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ, ਤਦ ਉਨ੍ਹਾਂ ਨੇ ਮੰਡਲੀ ਦੇ ਤੰਬੂ ਵੱਲ ਵੇਖਿਆ ਅਤੇ ਵੇਖੋ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਇਆ।
43ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੱਗੇ ਆਏ।
44ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
45ਤੁਸੀਂ ਇਸ ਮੰਡਲੀ ਵਿੱਚੋਂ ਨਿੱਕਲ ਜਾਓ ਤਾਂ ਜੋ ਮੈਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਨਾਸ ਕਰ ਦੇਵਾਂ! ਤਦ ਉਹ ਮੂੰਹ ਦੇ ਭਾਰ ਡਿੱਗੇ।
46ਮੂਸਾ ਨੇ ਹਾਰੂਨ ਨੂੰ ਆਖਿਆ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੂਪ ਪਾ ਕੇ ਛੇਤੀ ਮੰਡਲੀ ਦੇ ਕੋਲ ਲੈ ਜਾ ਅਤੇ ਉਨ੍ਹਾਂ ਲਈ ਪ੍ਰਾਸਚਿਤ ਕਰ, ਕਿਉਂ ਜੋ ਯਹੋਵਾਹ ਦਾ ਕ੍ਰੋਧ ਭੜਕਿਆ ਹੈ ਅਤੇ ਬਵਾ ਸ਼ੁਰੂ ਹੋ ਚੁੱਕੀ ਹੈ!
47ਤਦ ਮੂਸਾ ਦੇ ਆਖਣ ਅਨੁਸਾਰ ਹਾਰੂਨ ਧੂਪਦਾਨ ਲੈ ਕੇ ਸਭਾ ਵਿੱਚ ਦੌੜ ਗਿਆ ਅਤੇ ਵੇਖੋ, ਪਰਜਾ ਵਿੱਚ ਬਵਾ ਫੈਲੀ ਹੋਈ ਸੀ ਅਤੇ ਉਸ ਨੇ ਧੂਪ ਪਾ ਕੇ ਪਰਜਾ ਲਈ ਪ੍ਰਾਸਚਿਤ ਕੀਤਾ।
48ਉਹ ਮੁਰਦਿਆਂ ਅਤੇ ਜੀਉਂਦਿਆਂ ਦੇ ਵਿਚਕਾਰ ਖੜ੍ਹਾ ਸੀ, ਤਦ ਬਵਾ ਰੁਕ ਗਈ।
49ਜਿਹੜੇ ਕੋਰਹ ਦੀ ਮੰਡਲੀ ਨਾਲ ਮਰੇ, ਉਹਨਾਂ ਤੋਂ ਇਲਾਵਾ ਬਵਾ ਨਾਲ ਮਰਨ ਵਾਲਿਆਂ ਦੀ ਗਿਣਤੀ ਚੌਦਾਂ ਹਜ਼ਾਰ ਸੱਤ ਸੌ ਸੀ।
50ਫੇਰ ਹਾਰੂਨ ਮੂਸਾ ਦੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਮੁੜ ਆਇਆ, ਤਦ ਬਵਾ ਰੁਕ ਗਈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath