ਈਸਾਈ
ਪਿੱਛੇ

ਗਿਣਤੀ 14

1ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ, ਰੌਲ਼ਾ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ।

2ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਨਾ ਕਿ ਇਸ ਉਜਾੜ ਵਿੱਚ ਮਰ ਮੁੱਕਦੇ।

3ਯਹੋਵਾਹ ਸਾਨੂੰ ਕਿਉਂ ਇਸ ਦੇਸ ਵਿੱਚ ਲਿਆਇਆ ਕਿ ਅਸੀਂ ਤਲਵਾਰ ਨਾਲ ਡਿੱਗੀਏ ਅਤੇ ਸਾਡੀਆਂ ਪਤਨੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ? ਕੀ ਸਾਡੇ ਲਈ ਚੰਗਾ ਨਹੀਂ, ਜੋ ਅਸੀਂ ਮਿਸਰ ਨੂੰ ਮੁੜ ਜਾਈਏ?

4ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਅਸੀਂ ਇੱਕ ਆਗੂ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ।

5ਤਦ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਦੇ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ।

6ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ।

7ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਸ ਦੇ ਵਿੱਚ ਦੀ ਅਸੀਂ ਭੇਤ ਲੈਣ ਲਈ ਗਏ, ਬਹੁਤ ਚੰਗੀ ਹੈ।

8ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

9ਤੁਸੀਂ ਸਿਰਫ਼ ਯਹੋਵਾਹ ਦੇ ਵਿਰੁੱਧ ਗਵਾਹੀ ਨਾ ਦੇਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਉਹ ਤਾਂ ਸਾਡੇ ਲਈ ਮਾਮੂਲੀ ਹੀ ਹਨ। ਉਹਨਾਂ ਦੀ ਸੁਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ ਉਹਨਾਂ ਤੋਂ ਤੁਸੀਂ ਨਾ ਡਰੋ!

10ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦੀ ਮਹਿਮਾ ਸਾਰੇ ਇਸਰਾਏਲੀਆਂ ਦੀ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਈ।

11ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ?

12ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਅਤੇ ਤੈਨੂੰ ਇੱਕ ਕੌਮ ਬਣਾਵਾਂਗਾ ਜੋ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਹੋਵੇਗੀ।

13ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਫੇਰ ਮਿਸਰੀ ਇਹ ਸੁਣਨਗੇ ਕਿਉਂ ਜੋ ਤੂੰ ਇਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ।

14ਅਤੇ ਉਹ ਇਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ। ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਇਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ-ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜ੍ਹਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ-ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ।

15ਜੇ ਤੂੰ ਇਸ ਪਰਜਾ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ ਹੈ, ਆਖਣਗੀਆਂ,

16ਇਸ ਲਈ ਕਿ ਯਹੋਵਾਹ ਇਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸਕਿਆ ਜਿਸ ਦੇ ਦੇਣ ਦੀ ਸਹੁੰ ਖਾਧੀ ਸੀ ਤਾਂ ਹੀ ਤਾਂ ਉਸਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ।

17ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ।

18ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖ਼ਸ਼ਣਹਾਰ ਹੈ ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ। ਉਹ ਪਿਤਾ ਦੇ ਕੁਧਰਮ ਦਾ ਬਦਲਾ ਉਨ੍ਹਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।

19ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ।

20ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ।

21ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ।

22ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ।

23ਉਹ ਉਸ ਧਰਤੀ ਨੂੰ ਨਾ ਵੇਖਣਗੇ ਜਿਸ ਦੀ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ।

24ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦਾ ਵੰਸ਼ ਇਸ ਉੱਤੇ ਕਬਜ਼ਾ ਕਰੇਗਾ ਇਸ ਲਈ ਕਿ ਉਹ ਦੇ ਵਿੱਚ ਹੋਰ ਸੁਭਾਅ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਸ ਦੇ ਵਿੱਚ ਉਹ ਗਿਆ ਸੀ ਲੈ ਜਾਂਵਾਂਗਾ।

25ਅਮਾਲੇਕੀ ਅਤੇ ਕਨਾਨੀ ਘਾਟੀ ਵਿੱਚ ਵੱਸਦੇ ਹਨ। ਕੱਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਦੁਆਰਾ ਉਜਾੜ ਨੂੰ ਕੂਚ ਕਰੋ।

26ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,

27ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ-ਬੁੜਾਉਂਦੀ ਹੈ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ।

28ਉਨ੍ਹਾਂ ਨੂੰ ਆਖੋ ਕਿ ਮੈਨੂੰ ਮੇਰੀ ਜਾਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਸੱਚ-ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਰਾਂਗਾ।

29ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ-ਬੁੜਾਏ।

30ਯਫ਼ੁੰਨਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਛੁੱਟ, ਤੁਹਾਡੇ ਵਿੱਚੋਂ ਕੋਈ ਉਸ ਦੇਸ ਨਾ ਵੜੋਂਗੇ ਜਿਸ ਦੀ ਮੈਂ ਸਹੁੰ ਖਾਧੀ ਸੀ, ਕਿ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ।

31ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਪਾਉਣਗੇ ਜਿਸ ਨੂੰ ਤੁਸੀਂ ਰੱਦਿਆ ਹੈ।

32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ!

33ਤੁਹਾਡੇ ਪੁੱਤਰ ਉਜਾੜ ਵਿੱਚ ਚਾਲੀਆਂ ਸਾਲ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਕੁਕਰਮ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲਾਸ਼ਾਂ ਉਜਾੜ ਵਿੱਚ ਗਲ਼ ਸੜ ਨਾ ਜਾਣ।

34ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!

35ਮੈਂ ਯਹੋਵਾਹ ਬੋਲ ਚੁੱਕਿਆ ਹਾਂ। ਮੈਂ ਜ਼ਰੂਰ ਇਹ ਸਭ ਕੁਝ ਇਸ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ। ਉਹ ਇਸ ਉਜਾੜ ਵਿੱਚ ਗਲ਼ ਸੜ ਜਾਣਗੇ ਅਤੇ ਇੱਥੇ ਹੀ ਉਹ ਮਰ ਜਾਣਗੇ।

36ਫੇਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਭੇਤ ਜਾਣਨ ਲਈ ਭੇਜਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖ਼ਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ,

37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ।

38ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਭੇਤ ਪਾਉਣ ਨੂੰ ਗਏ ਸਨ ਜੀਉਂਦੇ ਬਚੇ ਰਹੇ।

39ਤਦ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ।

40ਤਦ ਉਹ ਸਵੇਰੇ ਹੀ ਉੱਠ ਕੇ ਪਰਬਤ ਦੀ ਟੀਸੀ ਉੱਤੇ ਇਹ ਕਹਿ ਕੇ ਗਏ ਕਿ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਂਵਾਂਗੇ ਜਿਸ ਦੇ ਲਈ ਯਹੋਵਾਹ ਨੇ ਫ਼ਰਮਾਇਆ ਹੈ ਕਿਉਂ ਜੋ ਅਸੀਂ ਪਾਪ ਕੀਤਾ ਹੈ।

41ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ? ਕਿਉਂ ਜੋ ਇਹ ਸਫ਼ਲ ਨਹੀਂ ਹੋਵੇਗਾ।

42ਤੁਸੀਂ ਉੱਪਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ।

43ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤਲਵਾਰ ਨਾਲ ਡਿੱਗ ਪਓਗੇ। ਇਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ।

44ਪਰੰਤੂ ਉਹ ਢਿਠਾਈ ਨਾਲ ਪਰਬਤ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ।

45ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਰਬਤ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਮਾਰਦੇ ਗਏ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath