ਗਿਣਤੀ 11
1ਹੁਣ ਪਰਜਾ ਦੇ ਲੋਕ ਯਹੋਵਾਹ ਦੇ ਸੁਣਦੇ ਹੋਏ ਬੁੜ-ਬੁੜਾਉਣ ਲੱਗੇ। ਯਹੋਵਾਹ ਨੇ ਸੁਣਿਆ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦੀ ਅੱਗ ਉਨ੍ਹਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਉੱਤੇ ਉਨ੍ਹਾਂ ਨੂੰ ਭਸਮ ਕਰਨ ਲੱਗੀ।
2ਫੇਰ ਪਰਜਾ ਨੇ ਮੂਸਾ ਅੱਗੇ ਦੁਹਾਈ ਦਿੱਤੀ ਅਤੇ ਮੂਸਾ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਾਂ ਅੱਗ ਬੁਝ ਗਈ।
3ਇਸ ਲਈ ਉਸ ਥਾਂ ਦਾ ਨਾਮ ਤਬਏਰਾਹ ਪੈ ਗਿਆ ਕਿਉਂ ਜੋ ਯਹੋਵਾਹ ਦੀ ਅੱਗ ਉਨ੍ਹਾਂ ਵਿੱਚ ਬਲ ਉੱਠੀ ਸੀ।
4ਫੇਰ ਰਲੀ ਮਿਲੀ ਭੀੜ ਜਿਹੜੀ ਉਨ੍ਹਾਂ ਨਾਲ ਸੀ ਬਹੁਤ ਹਾਬੜ ਗਈ ਅਤੇ ਇਸਰਾਏਲੀ ਰੋਏ ਅਤੇ ਆਖਣ ਲੱਗੇ, ਕੌਣ ਸਾਨੂੰ ਮਾਸ ਕੌਣ ਖਾਣ ਲਈ ਦੇਵੇਗਾ?
5ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਫ਼ਤ ਖਾਂਦੇ ਸੀ ਅਤੇ ਖੀਰੇ, ਖ਼ਰਬੂਜੇ, ਹਰਾ ਪਿਆਜ਼, ਪਿਆਜ਼ ਅਤੇ ਲੱਸਣ।
6ਪਰ ਹੁਣ ਸਾਡੀ ਭੁੱਖ ਮਰ ਗਈ ਹੈ। ਹੁਣ ਤਾਂ ਸਾਨੂੰ ਮੰਨੇ ਤੋਂ ਇਲਾਵਾ ਕੁਝ ਵੀ ਨਹੀਂ ਦਿਸਦਾ!
7ਉਹ ਮੰਨਾ ਤਾਂ ਧਨੀਏ ਵਰਗਾ ਸੀ ਅਤੇ ਦੇਖਣ ਵਿੱਚ ਮੋਤੀ ਦੀ ਤਰ੍ਹਾਂ ਦਿਸਦਾ ਸੀ।
8ਲੋਕ ਇੱਧਰ-ਉੱਧਰ ਜਾ ਕੇ ਉਸ ਨੂੰ ਇਕੱਠਾ ਕਰਕੇ ਉਸ ਨੂੰ ਚੱਕੀ ਵਿੱਚ ਪੀਂਹਦੇ, ਓਖਲੀ ਵਿੱਚ ਕੁੱਟਦੇ ਸਨ, ਫੇਰ ਉਸ ਨੂੰ ਤਵੀਆਂ ਉੱਤੇ ਤਲ ਕੇ ਉਸ ਦੇ ਫੁਲਕੇ ਬਣਾ ਲੈਂਦੇ ਸਨ ਅਤੇ ਉਹ ਦਾ ਸੁਆਦ ਤੇਲ ਵਿੱਚ ਤਲੀਆਂ ਹੋਈਆਂ ਪੂੜੀਆਂ ਵਰਗਾ ਸੀ।
9ਜਦ ਰਾਤ ਨੂੰ ਡੇਰੇ ਉੱਤੇ ਤ੍ਰੇਲ ਪੈਂਦੀ ਸੀ ਤਦ ਮੰਨਾ ਵੀ ਉਸ ਨਾਲ ਉਤਰਦਾ ਸੀ।
10ਮੂਸਾ ਨੇ ਪਰਜਾ ਵਿੱਚੋਂ ਹਰ ਮਨੁੱਖ ਨੂੰ ਆਪਣੇ ਪਰਿਵਾਰ ਨਾਲ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਰੋਂਦੇ ਸੁਣਿਆ ਤਾਂ ਯਹੋਵਾਹ ਦਾ ਕ੍ਰੋਧ ਬਹੁਤ ਭੜਕਿਆ ਅਤੇ ਮੂਸਾ ਇਸ ਗੱਲ ਤੋਂ ਪਰੇਸ਼ਾਨ ਹੋਇਆ।
11ਤਦ ਮੂਸਾ ਨੇ ਯਹੋਵਾਹ ਨੂੰ ਪੁੱਛਿਆ, ਤੂੰ ਆਪਣੇ ਦਾਸ ਉੱਤੇ ਇਹ ਬਿਪਤਾ ਕਿਉਂ ਲਿਆਂਦੀ ਹੈ? ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਕਿਉਂ ਨਹੀਂ ਰਹੀ? ਜੋ ਤੂੰ ਇਸ ਸਾਰੀ ਪਰਜਾ ਦਾ ਭਾਰ ਮੇਰੇ ਉੱਤੇ ਪਾਉਂਦਾ ਹੈ?
12ਕੀ ਮੈਂ ਹੀ ਇਸ ਪਰਜਾ ਨੂੰ ਗਰਭ ਵਿੱਚ ਲਿਆ? ਕੀ ਮੈਂ ਹੀ ਉਨ੍ਹਾਂ ਨੂੰ ਜੰਮਿਆ ਜੋ ਤੂੰ ਮੈਨੂੰ ਆਖਦਾ ਹੈ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਤੇ ਚੁੱਕ ਕੇ ਲਈ ਫਿਰ, ਜਿਵੇਂ ਪਿਤਾ ਦੁੱਧ ਪੀਂਦੇ ਬੱਚੇ ਨੂੰ ਚੁੱਕੀ ਫਿਰਦਾ ਹੈ ਤੇ ਇਨ੍ਹਾਂ ਨੂੰ ਉਸ ਦੇਸ ਨੂੰ ਲੈ ਜਾਂਵਾਂ, ਜਿਸ ਦੇ ਦੇਣ ਦੀ ਸਹੁੰ ਤੂੰ ਉਨ੍ਹਾਂ ਦੇ ਪੁਰਖਿਆਂ ਨਾਲ ਖਾਧੀ ਹੈ?
13ਮੈਂ ਐਨਾ ਮਾਸ ਕਿੱਥੋਂ ਲਿਆਵਾਂ ਕਿ ਮੈਂ ਇਸ ਸਾਰੀ ਪਰਜਾ ਨੂੰ ਖਾਣ ਲਈ ਦੇਵਾਂ? ਕਿਉਂ ਜੋ ਉਹ ਇਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਕਿ ਸਾਨੂੰ ਮਾਸ ਦੇ, ਤਾਂ ਜੋ ਅਸੀਂ ਖਾਈਏ।
14ਮੈਂ ਇਕੱਲਾ ਇਸ ਸਾਰੀ ਪਰਜਾ ਨੂੰ ਨਹੀਂ ਸੰਭਾਲ ਸਕਦਾ, ਕਿਉਂ ਜੋ ਇਹ ਮੇਰੇ ਸਹਿਣ ਤੋਂ ਬਾਹਰ ਹੈ।
15ਜੇਕਰ ਤੂੰ ਮੇਰੇ ਨਾਲ ਅਜਿਹਾ ਹੀ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ, ਤਾਂ ਮੈਨੂੰ ਮਾਰ ਸੁੱਟ ਕਿ ਮੈਂ ਆਪਣੀ ਦੁਰਦਸ਼ਾ ਨਾ ਵੇਖਾਂ!
16ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ।
17ਤਦ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ, ਉਨ੍ਹਾਂ ਉੱਤੇ ਪਾਵਾਂਗਾ ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।
18ਅਤੇ ਪਰਜਾ ਨੂੰ ਆਖ ਕਿ ਕੱਲ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਤਦ ਤੁਹਾਨੂੰ ਮਾਸ ਖਾਣ ਲਈ ਮਿਲੇਗਾ, ਕਿਉਂ ਜੋ ਤੁਸੀਂ ਯਹੋਵਾਹ ਦੇ ਸੁਣਨ ਵਿੱਚ ਇਹ ਆਖ ਕੇ ਰੋਂਦੇ ਸੀ ਕਿ ਕੌਣ ਸਾਨੂੰ ਮਾਸ ਖੁਆਵੇਗਾ? ਅਸੀਂ ਮਿਸਰ ਵਿੱਚ ਸੁਖਾਲੇ ਸੀ। ਇਸ ਲਈ ਯਹੋਵਾਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਖਾਓਗੇ।
19ਫਿਰ ਇੱਕ ਦਿਨ, ਦੋ ਦਿਨ, ਪੰਜ ਦਿਨ, ਦਸ ਦਿਨ, ਜਾਂ ਵੀਹ ਦਿਨ ਤੱਕ ਨਹੀਂ,
20ਪਰ ਸਾਰਾ ਮਹੀਨਾ ਖਾਂਦੇ ਰਹੋਗੇ, ਜਦ ਤੱਕ ਉਹ ਤੁਹਾਡੀਆਂ ਨਾਸਾਂ ਦੇ ਵਿੱਚੋਂ ਦੀ ਬਾਹਰ ਨਾ ਨਿੱਕਲੇ ਅਤੇ ਉਹ ਤੁਹਾਡੇ ਲਈ ਘਿਣਾਉਣਾ ਨਾ ਹੋ ਜਾਵੇ, ਕਿਉਂ ਜੋ ਤੁਸੀਂ ਯਹੋਵਾਹ ਨੂੰ ਜਿਹੜਾ ਤੁਹਾਡੇ ਵਿੱਚ ਹੈ, ਤੁੱਛ ਗਿਣਿਆ ਹੈ ਅਤੇ ਤੁਸੀਂ ਉਹ ਦੇ ਅੱਗੇ ਇਹ ਆਖ ਕੇ ਰੋਂਦੇ ਸੀ ਕਿ ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?
21ਤਦ ਮੂਸਾ ਨੇ ਆਖਿਆ ਕਿ ਇਹ ਪਰਜਾ ਜਿਸ ਦੇ ਵਿੱਚ ਮੈਂ ਹਾਂ, ਛੇ ਲੱਖ ਪਿਆਦੇ ਹੀ ਹਨ ਅਤੇ ਤੂੰ ਮੈਨੂੰ ਆਖਦਾ ਹੈਂ ਕਿ ਮੈਂ ਉਨ੍ਹਾਂ ਨੂੰ ਮਾਸ ਦਿਆਂਗਾ ਅਤੇ ਉਹ ਪੂਰਾ ਮਹੀਨਾ ਖਾਣਗੇ!
22ਕੀ ਉਹ ਇੱਜੜ ਅਤੇ ਵੱਗ ਉਨ੍ਹਾਂ ਲਈ ਮਾਰੇ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ? ਜਾਂ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਨ੍ਹਾਂ ਲਈ ਇਕੱਠੀਆਂ ਕੀਤੀਆਂ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ?
23ਯਹੋਵਾਹ ਨੇ ਮੂਸਾ ਨੂੰ ਆਖਿਆ, ਕੀ ਯਹੋਵਾਹ ਦਾ ਹੱਥ ਛੋਟਾ ਹੋ ਗਿਆ ਹੈ? ਹੁਣ, ਤੂੰ ਵੇਖੇਂਗਾ ਕਿ ਮੇਰੀ ਗੱਲ ਤੇਰੇ ਲਈ ਪੂਰੀ ਹੈ ਜਾਂ ਨਹੀਂ!
24ਫੇਰ ਮੂਸਾ ਨੇ ਬਾਹਰ ਜਾ ਕੇ ਯਹੋਵਾਹ ਦੀਆਂ ਗੱਲਾਂ ਪਰਜਾ ਨੂੰ ਸੁਣਾਈਆਂ ਅਤੇ ਉਸ ਨੇ ਸੱਤਰ ਮਨੁੱਖ, ਜਿਹੜੇ ਪਰਜਾ ਦੇ ਬਜ਼ੁਰਗ ਸਨ, ਇਕੱਠੇ ਕਰਕੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ।
25ਤਦ ਯਹੋਵਾਹ ਬੱਦਲ ਵਿੱਚ ਉਤਰਿਆ ਅਤੇ ਉਸ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੇ ਉਸ ਆਤਮਾ ਤੋਂ ਲੈ ਕੇ, ਜਿਹੜਾ ਉਹ ਦੇ ਉੱਤੇ ਸੀ, ਉਹਨਾਂ ਸੱਤਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਜਦ ਆਤਮਾ ਉਹਨਾਂ ਉੱਤੇ ਉਤਰਿਆ, ਤਦ ਉਹ ਭਵਿੱਖਬਾਣੀ ਕਰਨ ਲੱਗ ਪਏ ਪਰ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਭਵਿੱਖਬਾਣੀ ਨਾ ਕੀਤੀ।
26ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ। ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ।
27ਤਾਂ ਇੱਕ ਜਵਾਨ ਨੇ ਭੱਜ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰਦੇ ਹਨ!
28ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੁਣੇ ਹੋਇਆਂ ਵਿੱਚੋਂ ਸੀ, ਉਹ ਨੇ ਮੂਸਾ ਨੂੰ ਆਖਿਆ ਹੇ ਮੇਰੇ ਸੁਆਮੀ, ਉਨ੍ਹਾਂ ਨੂੰ ਮਨ੍ਹਾ ਕਰ ਦਿਓ!
29ਮੂਸਾ ਨੇ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਅਜਿਹਾ ਹੁੰਦਾ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਘੱਲਦਾ!
30ਉਪਰੰਤ ਮੂਸਾ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵੱਲ ਨੂੰ ਮੁੜੇ।
31ਤਦ ਯਹੋਵਾਹ ਵੱਲੋਂ ਇੱਕ ਵੱਡੀ ਹਨੇਰੀ ਵਗੀ ਅਤੇ ਸਮੁੰਦਰੋਂ ਬਟੇਰੇ ਉਡਾ ਕੇ ਡੇਰੇ ਉੱਤੇ ਸੁੱਟ ਗਈ। ਉਹ ਇੱਕ ਦਿਨ ਦੇ ਪੈਂਡੇ ਤੱਕ ਇੱਧਰ ਅਤੇ ਇੱਕ ਦਿਨ ਦੇ ਪੈਂਡੇ ਤੱਕ ਉੱਧਰ ਡੇਰੇ ਦੇ ਆਲੇ-ਦੁਆਲੇ ਦੋ-ਦੋ ਹੱਥ ਤੇ ਜ਼ਮੀਨ ਦੀ ਪਰਤ ਉੱਤੇ ਸਨ।
32ਤਦ ਪਰਜਾ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਅਤੇ ਸਾਰੇ ਦੂਜੇ ਦਿਨ ਉੱਠ ਕੇ ਉਨ੍ਹਾਂ ਬਟੇਰਿਆਂ ਨੂੰ ਇਕੱਠਾ ਕੀਤਾ ਅਤੇ ਜਿਸ ਘੱਟੋ-ਘੱਟ ਇਕੱਠੇ ਕੀਤੇ ਸਨ ਉਹ ਦੇ ਦਸ ਹੋਮਾਰ ਹੋਏ ਅਤੇ ਉਨ੍ਹਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ।
33ਜਦ ਉਹ ਮਾਸ ਅਜੇ ਉਨ੍ਹਾਂ ਦੇ ਦੰਦਾਂ ਵਿੱਚ ਹੀ ਸੀ ਅਤੇ ਉਹ ਨੂੰ ਚੱਬਿਆ ਵੀ ਨਹੀਂ ਸੀ ਤਦ ਯਹੋਵਾਹ ਦਾ ਕ੍ਰੋਧ ਪਰਜਾ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਪਰਜਾ ਨੂੰ ਅੱਤ ਵੱਡੀ ਬਵਾ ਨਾਲ ਮਾਰਿਆ।
34ਉਪਰੰਤ ਉਨ੍ਹਾਂ ਨੇ ਉਸ ਥਾਂ ਦਾ ਨਾਮ ਕਿਬਰੋਥ-ਹੱਤਾਵਾਹ ਰੱਖਿਆ ਕਿਉਂ ਜੋ ਉੱਥੇ ਉਨ੍ਹਾਂ ਨੇ ਉਸ ਪਰਜਾ ਨੂੰ ਦੱਬਿਆ ਜਿਹਨਾਂ ਨੇ ਹੋਰ ਭੋਜਨ ਦੀ ਮੰਗ ਕੀਤੀ ਸੀ।
35ਕਿਬਰੋਥ-ਹੱਤਾਵਾਹ ਤੋਂ ਇਸਰਾਏਲ ਨੇ ਹਸੇਰੋਥ ਨੂੰ ਕੂਚ ਕੀਤਾ ਅਤੇ ਹਸੇਰੋਥ ਵਿੱਚ ਠਹਿਰ ਗਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath