ਈਸਾਈ
ਪਿੱਛੇ

ਨਹਮਯਾਹ 9

1ਫਿਰ ਉਸੇ ਮਹੀਨੇ ਦੀ ਚੌਵੀ ਤਾਰੀਖ਼ ਨੂੰ ਇਸਰਾਏਲੀ ਵਰਤ ਰੱਖ ਕੇ, ਤੱਪੜ ਪਾ ਕੇ ਅਤੇ ਆਪਣੇ ਸਿਰਾਂ ਉੱਤੇ ਸੁਆਹ ਪਾ ਕੇ ਇਕੱਠੇ ਹੋ ਗਏ।

2ਤਦ ਇਸਰਾਏਲ ਦੇ ਵੰਸ਼ ਦੇ ਲੋਕਾਂ ਨੇ ਸਾਰੀਆਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਖੜ੍ਹੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪੁਰਖਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ।

3ਤਦ ਉਹ ਆਪਣੇ-ਆਪਣੇ ਸਥਾਨ ਤੇ ਖੜ੍ਹੇ ਹੋ ਕੇ ਦਿਨ ਦੇ ਇੱਕ ਪਹਿਰ ਤੱਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਬਿਵਸਥਾ ਦੀ ਪੁਸਤਕ ਨੂੰ ਪੜ੍ਹਦੇ ਰਹੇ ਅਤੇ ਦੂਸਰੇ ਪਹਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਰਹੇ।

4ਤਦ ਲੇਵੀਆਂ ਵਿੱਚੋਂ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ, ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ।

5ਫਿਰ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਲੇਵੀਆਂ ਨੇ ਕਿਹਾ, “ਖੜ੍ਹੇ ਹੋਵੋ, ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜੁੱਗੋ-ਜੁੱਗ ਮੁਬਾਰਕ ਆਖੋ। ਤੇਰਾ ਪ੍ਰਤਾਪੀ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਤੋਂ ਉੱਚਾ ਹੈ!”

6“ਤੂੰ, ਹਾਂ ਤੂੰ ਹੀ ਕੇਵਲ ਇੱਕ ਯਹੋਵਾਹ ਹੈਂ, ਤੂੰ ਸਵਰਗ ਸਗੋਂ ਸਭ ਤੋਂ ਉੱਚੇ ਸਵਰਗ ਅਤੇ ਉਨ੍ਹਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਸਵਰਗ ਦੀ ਸਾਰੀ ਸੈਨਾਂ ਤੈਨੂੰ ਹੀ ਮੱਥਾ ਟੇਕਦੀ ਹੈ,

7ਤੂੰ ਉਹ ਯਹੋਵਾਹ ਪਰਮੇਸ਼ੁਰ ਹੈਂ, ਜਿਸ ਨੇ ਅਬਰਾਮ ਨੂੰ ਚੁਣ ਕੇ ਕਸਦੀਆਂ ਦੇ ਊਰ ਨਗਰ ਵਿੱਚੋਂ ਕੱਢ ਲਿਆ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ,

8ਤੂੰ ਉਸ ਦਾ ਮਨ ਆਪਣੇ ਸਨਮੁਖ ਵਿਸ਼ਵਾਸਯੋਗ ਪਾਇਆ ਅਤੇ ਉਸ ਦੇ ਨਾਲ ਨੇਮ ਬੰਨ੍ਹਿਆ ਕਿ ਮੈਂ ਤੇਰੇ ਵੰਸ਼ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦਾ ਦੇਸ਼ ਦਿਆਂਗਾ, ਅਤੇ ਤੂੰ ਆਪਣਾ ਬਚਨ ਪੂਰਾ ਕੀਤਾ ਹੈ ਕਿਉਂ ਜੋ ਤੂੰ ਧਰਮੀ ਹੈਂ।”

9“ਤੂੰ ਸਾਡੇ ਪੁਰਖਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਨੂੰ ਸੁਣਿਆ।

10ਤੂੰ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੀ ਕਿ ਮਿਸਰੀ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਉ ਕਰਦੇ ਸਨ, ਇਸ ਲਈ ਤੂੰ ਆਪਣੇ ਲਈ ਇੱਕ ਅਜਿਹਾ ਵੱਡਾ ਨਾਮ ਬਣਾਇਆ, ਜਿਵੇਂ ਅੱਜ ਦੇ ਦਿਨ ਹੈ।

11ਤੂੰ ਉਨ੍ਹਾਂ ਦੇ ਅੱਗੇ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਉਹ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਉੱਤੋਂ ਪਾਰ ਲੰਘ ਗਏ, ਅਤੇ ਜੋ ਉਨ੍ਹਾਂ ਦਾ ਪਿੱਛਾ ਕਰਦੇ ਸਨ, ਉਨ੍ਹਾਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ।

12ਫਿਰ ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਹੋ ਕੇ ਉਨ੍ਹਾਂ ਦੀ ਅਗਵਾਈ ਕੀਤੀ ਕਿ ਜਿਸ ਰਾਹ ਵਿੱਚ ਉਨ੍ਹਾਂ ਨੂੰ ਚੱਲਣਾ ਸੀ, ਉਸ ਵਿੱਚ ਉਨ੍ਹਾਂ ਲਈ ਚਾਨਣ ਹੋਵੇ।

13ਫਿਰ ਤੂੰ ਸੀਨਈ ਪਰਬਤ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਨ੍ਹਾਂ ਨੂੰ ਦਿੱਤੇ।

14ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਤੋਂ ਜਾਣੂ ਕਰਾਇਆ ਅਤੇ ਆਪਣੇ ਦਾਸ ਮੂਸਾ ਦੇ ਰਾਹੀਂ ਹੁਕਮ, ਬਿਧੀਆਂ ਅਤੇ ਬਿਵਸਥਾ ਉਨ੍ਹਾਂ ਨੂੰ ਦਿੱਤੀ।

15ਉਨ੍ਹਾਂ ਦੀ ਭੁੱਖ ਮਿਟਾਉਣ ਲਈ ਤੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ, ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ।”

16ਪਰ ਉਨ੍ਹਾਂ ਨੇ ਅਤੇ ਸਾਡੇ ਪੁਰਖਿਆਂ ਨੇ ਹੰਕਾਰ ਕੀਤਾ ਅਤੇ ਢੀਠ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ,

17ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਜੋ ਅਚਰਜ਼ ਕੰਮ ਤੂੰ ਉਨ੍ਹਾਂ ਵਿੱਚ ਕੀਤੇ ਸਨ, ਉਨ੍ਹਾਂ ਨੂੰ ਯਾਦ ਨਾ ਰੱਖਿਆ ਪਰ ਢੀਠ ਬਣ ਗਏ ਅਤੇ ਵਿਦਰੋਹੀ ਹੋ ਕੇ ਆਪਣੇ ਲਈ ਇੱਕ ਆਗੂ ਠਹਿਰਾ ਲਿਆ ਤਾਂ ਜੋ ਫਿਰ ਗ਼ੁਲਾਮੀ ਵਿੱਚ ਮੁੜਨ ਪਰ ਤੂੰ ਇੱਕ ਮਾਫ਼ ਕਰਨ ਵਾਲਾ, ਦਿਆਲੂ, ਕਿਰਪਾਲੂ, ਕ੍ਰੋਧ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਪਰਮੇਸ਼ੁਰ ਹੈਂ, ਇਸ ਲਈ ਤੂੰ ਉਨ੍ਹਾਂ ਨੂੰ ਨਹੀਂ ਤਿਆਗਿਆ,

18ਜਦ ਕਿ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਕਿਹਾ, “ਇਹ ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ!” ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ।

19ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ।

20ਸਗੋਂ, ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਨ੍ਹਾਂ ਨੂੰ ਦਿੱਤਾ ਅਤੇ ਆਪਣਾ ਮੰਨਾ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਜਲ ਦਿੰਦਾ ਰਿਹਾ।

21ਚਾਲ੍ਹੀ ਸਾਲ ਤੱਕ ਤੂੰ ਜੰਗਲ ਵਿੱਚ ਉਨ੍ਹਾਂ ਦੀ ਪਾਲਣਾ ਕੀਤੀ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਨ੍ਹਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।

22ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਨ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਨ੍ਹਾਂ ਨੇ ਹਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।

23ਤੂੰ ਉਨ੍ਹਾਂ ਦੇ ਵੰਸ਼ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦਿੱਤਾ ਜਿਸ ਦੇ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ ਕਿ ਉਹ ਉੱਥੇ ਜਾ ਕੇ ਉਸ ਦੇ ਅਧਿਕਾਰੀ ਬਣ ਜਾਣਗੇ।

24ਇਸ ਤਰ੍ਹਾਂ ਉਨ੍ਹਾਂ ਦਾ ਵੰਸ਼ ਆ ਕੇ ਉਸ ਦੇਸ਼ ਦਾ ਅਧਿਕਾਰੀ ਬਣ ਗਿਆ ਅਤੇ ਤੂੰ ਉਨ੍ਹਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਅਰਥਾਤ ਕਨਾਨੀਆਂ ਨੂੰ ਦਬਾਇਆ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਉਨ੍ਹਾਂ ਨਾਲ ਕਰਨ।

25ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਭੂਮੀ ਨੂੰ ਲੈ ਲਿਆ ਅਤੇ ਸਭ ਪ੍ਰਕਾਰ ਦੀਆਂ ਚੰਗੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਦੇ ਅਤੇ ਪੁੱਟੇ ਹੋਏ ਖੂਹਾਂ ਦੇ ਅਤੇ ਅੰਗੂਰੀ ਬਾਗ਼ਾਂ ਦੇ ਅਤੇ ਜ਼ੈਤੂਨ ਦੇ ਬਾਗ਼ਾਂ ਅਤੇ ਫਲਾਂ ਨਾਲ ਭਰੇ ਹੋਏ ਰੁੱਖਾਂ ਦੇ ਅਧਿਕਾਰੀ ਹੋ ਗਏ। ਉਹ ਖਾ-ਖਾ ਕੇ ਰੱਜ ਗਏ ਅਤੇ ਤਕੜੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ।

26“ਪਰ ਉਹ ਤੇਰੇ ਤੋਂ ਬੇਮੁੱਖ ਹੋ ਕੇ ਵਿਦਰੋਹੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਅਤੇ ਤੇਰੇ ਨਬੀਆਂ ਨੂੰ ਜੋ ਉਨ੍ਹਾਂ ਨੂੰ ਤੇਰੇ ਵੱਲ ਮੁੜਨ ਲਈ ਚਿਤਾਉਣੀ ਦਿੰਦੇ ਸਨ, ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ।

27ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ, ਫਿਰ ਵੀ ਜਦ ਉਨ੍ਹਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ,

28ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ, ਤਦ ਉਨ੍ਹਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ, ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ, ਜੋ ਉਨ੍ਹਾਂ ਦੇ ਉੱਤੇ ਰਾਜ ਕਰਦੇ ਸਨ ਪਰ ਜਦ ਵੀ ਉਹ ਮੁੜ ਕੇ ਤੇਰੀ ਦੁਹਾਈ ਦਿੰਦੇ ਸਨ, ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣਦਾ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,

29ਅਤੇ ਤੂੰ ਉਨ੍ਹਾਂ ਨੂੰ ਚਿਤਾਉਣੀ ਦਿੰਦਾ ਸੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਵੱਲ ਮੋੜ ਲਿਆਵੇ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ ਅਤੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਮਨੁੱਖ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਹਠੀਲੇ ਬਣ ਕੇ ਆਪਣੀ ਪਿੱਠ ਤੇਰੇ ਵੱਲ ਮੋੜ ਲਈ ਅਤੇ ਢੀਠ ਹੋ ਗਏ ਅਤੇ ਉਨ੍ਹਾਂ ਨੇ ਨਾ ਸੁਣਿਆ।

30ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ।

31ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਨਹੀਂ ਛੱਡਿਆ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ।”

32“ਹੁਣ ਹੇ ਸਾਡੇ ਪਰਮੇਸ਼ੁਰ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈਅ ਯੋਗ ਪਰਮੇਸ਼ੁਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈਂ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪੁਰਖਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ,

33ਤਾਂ ਵੀ ਜੋ ਕੁਝ ਸਾਡੇ ਉੱਤੇ ਬੀਤਿਆ ਹੈ ਉਸ ਵਿੱਚ ਤੂੰ ਧਰਮੀ ਹੈਂ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ।

34ਸਾਡੇ ਰਾਜਿਆਂ ਨੇ, ਹਾਕਮਾਂ ਨੇ, ਜਾਜਕਾਂ ਨੇ ਅਤੇ ਸਾਡੇ ਪੁਰਖਿਆਂ ਨੇ ਨਾ ਤਾਂ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਕੀਤਾ, ਨਾ ਤੇਰੇ ਹੁਕਮਾਂ ਨੂੰ ਮੰਨਿਆ ਅਤੇ ਨਾ ਹੀ ਤੇਰੀਆਂ ਚਿਤਾਉਣੀਆਂ ਵੱਲ ਜਿਹੜੀ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ, ਧਿਆਨ ਦਿੱਤਾ।

35ਉਨ੍ਹਾਂ ਨੇ ਆਪਣੇ ਰਾਜ ਵਿੱਚ, ਅਤੇ ਤੇਰੀਆਂ ਬਹੁਤੀਆਂ ਭਲਿਆਈਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਉੱਤੇ ਕੀਤੀਆਂ, ਅਤੇ ਇਸ ਵੱਡੇ ਅਤੇ ਉਪਜਾਊ ਦੇਸ਼ ਜਿਹੜਾ ਤੂੰ ਉਨ੍ਹਾਂ ਨੂੰ ਦਿੱਤਾ, ਤੇਰੀ ਸੇਵਾ ਨਾ ਕੀਤੀ ਅਤੇ ਨਾ ਹੀ ਆਪਣੀਆਂ ਬੁਰਿਆਈਆਂ ਤੋਂ ਮੁੜੇ।”

36“ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ, ਇਹ ਦੇਸ਼ ਜਿਹੜਾ ਤੂੰ ਸਾਡੇ ਪੁਰਖਿਆਂ ਨੂੰ ਦਿੱਤਾ ਸੀ ਕਿ ਉਹ ਇਸ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਅਸੀਂ ਇਸੇ ਵਿੱਚ ਗੁਲਾਮ ਹਾਂ!

37ਇਸ ਧਰਤੀ ਦੀ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡੇ ਪਾਪਾਂ ਦੇ ਕਾਰਨ ਠਹਿਰਾਇਆ ਹੈ, ਅਤੇ ਉਹ ਸਾਡੇ ਸਰੀਰਾਂ ਉੱਤੇ ਅਤੇ ਸਾਡੇ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ, ਇਸ ਕਾਰਨ ਅਸੀਂ ਵੱਡੇ ਦੁੱਖ ਵਿੱਚ ਹਾਂ।”

38ਇਸ ਸਭ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਕੇ ਵੀ ਦਿੰਦੇ ਹਾਂ ਅਤੇ ਹਾਕਮ, ਸਾਡੇ ਲੇਵੀ ਅਤੇ ਸਾਡੇ ਜਾਜਕ ਉਸ ਦੇ ਉੱਤੇ ਮੋਹਰ ਲਾਉਂਦੇ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath