ਈਸਾਈ
ਪਿੱਛੇ

ਨਹਮਯਾਹ 6

1ਫਿਰ ਜਦ ਸਨਬੱਲਟ ਅਤੇ ਤੋਬਿਆਹ ਅਤੇ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਇਹ ਖ਼ਬਰ ਹੋਈ ਕਿ ਮੈਂ ਸ਼ਹਿਰਪਨਾਹ ਬਣਾ ਲਈ ਹੈ ਅਤੇ ਕੋਈ ਦਰਾਰ ਬਾਕੀ ਨਹੀਂ ਰਹੀ ਭਾਵੇਂ ਮੈਂ ਅਜੇ ਤੱਕ ਫਾਟਕਾਂ ਦੇ ਦਰਵਾਜ਼ੇ ਨਹੀਂ ਲਾਏ ਸਨ।

2ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੰਦੇਸ਼ ਭੇਜਿਆ, “ਆ, ਅਸੀਂ ਓਨੋ ਦੀ ਮੈਦਾਨ ਦੇ ਕਿਸੇ ਪਿੰਡ ਵਿੱਚ ਇੱਕ ਦੂਜੇ ਨੂੰ ਮਿਲੀਏ।” ਪਰ ਉਹ ਮੇਰੀ ਹਾਨੀ ਕਰਨਾ ਚਾਹੁੰਦੇ ਸਨ।

3ਇਸ ਲਈ ਮੈਂ ਉਨ੍ਹਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਉੱਤਰ ਦਿੱਤਾ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?”

4ਉਨ੍ਹਾਂ ਨੇ ਚਾਰ ਵਾਰੀ ਇਹੋ ਸੰਦੇਸ਼ ਮੇਰੇ ਕੋਲ ਭੇਜਿਆ, ਅਤੇ ਹਰ ਵਾਰੀ ਮੈਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਉੱਤਰ ਦਿੱਤਾ।

5ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ,

6ਜਿਸ ਵਿੱਚ ਇਹ ਲਿਖਿਆ ਹੋਇਆ ਸੀ, “ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗਸ਼ਮ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਸ਼ਹਿਰਪਨਾਹ ਨੂੰ ਬਣਵਾਉਂਦਾ ਹੈਂ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨਾ ਚਾਹੁੰਦਾ ਹੈ।

7ਤੂੰ ਨਬੀਆਂ ਨੂੰ ਵੀ ਖੜ੍ਹਾ ਕੀਤਾ ਹੈ ਤਾਂ ਜੋ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਕਿ ‘ਯਹੂਦਾਹ ਵਿੱਚ ਇੱਕ ਰਾਜਾ ਹੈ।’ ਹੁਣ ਇਨ੍ਹਾਂ ਗੱਲਾਂ ਦੀ ਖ਼ਬਰ ਰਾਜਾ ਨੂੰ ਦਿੱਤੀ ਜਾਵੇਗੀ। ਇਸ ਲਈ ਹੁਣ ਆ, ਅਸੀਂ ਆਪਸ ਵਿੱਚ ਸਲਾਹ ਕਰੀਏ।”

8ਤਦ ਮੈਂ ਉਸ ਨੂੰ ਇਹ ਉੱਤਰ ਭੇਜਿਆ, “ਜਿਵੇਂ ਤੂੰ ਕਿਹਾ ਹੈ, ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ!”

9ਉਹ ਸਾਰੇ ਇਹ ਸੋਚ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਕਿ ਕੰਮ ਤੋਂ ਉਨ੍ਹਾਂ ਦੇ ਹੱਥ ਢਿੱਲੇ ਪੈ ਜਾਣ ਤਾਂ ਜੋ ਉਹ ਪੂਰਾ ਨਾ ਹੋਵੇ। ਹੁਣ ਹੇ ਪਰਮੇਸ਼ੁਰ! ਮੇਰੇ ਹੱਥਾਂ ਨੂੰ ਤਕੜੇ ਕਰ!

10ਫਿਰ ਮੈਂ ਮਹੇਟਬਏਲ ਦੇ ਪੋਤਰੇ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਵਿੱਚ ਗਿਆ। ਉਹ ਤਾਂ ਘਰ ਵਿੱਚ ਬੰਦ ਸੀ, ਉਸ ਨੇ ਕਿਹਾ, “ਆ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਮੰਦਰ ਦੇ ਅੰਦਰ ਮਿਲੀਏ ਅਤੇ ਮੰਦਰ ਦੇ ਦਰਵਾਜਿਆਂ ਨੂੰ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਲਈ ਆਉਣਗੇ, ਹਾਂ ਉਹ ਰਾਤ ਨੂੰ ਤੈਨੂੰ ਮਾਰਨ ਲਈ ਆਉਣਗੇ।”

11ਪਰ ਮੈਂ ਕਿਹਾ, “ਕੀ ਮੇਰੇ ਵਰਗਾ ਮਨੁੱਖ ਭੱਜੇ? ਅਤੇ ਕੀ ਮੇਰੇ ਵਰਗਾ ਮਨੁੱਖ ਮੰਦਰ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਂਵਾਂਗਾ।”

12ਫਿਰ ਮੈਂ ਜਾਣ ਲਿਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ ਪਰ ਉਸ ਨੇ ਮੇਰੇ ਵਿਰੁੱਧ ਭਵਿੱਖਬਾਣੀ ਇਸ ਲਈ ਕੀਤੀ ਕਿਉਂ ਜੋ ਤੋਬਿਆਹ ਅਤੇ ਸਨਬੱਲਟ ਨੇ ਉਸ ਨੂੰ ਭਾੜੇ ਤੇ ਰੱਖਿਆ ਸੀ।

13ਉਨ੍ਹਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਕਿ ਮੈਂ ਡਰ ਜਾਂਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣਾਂ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ।

14“ਹੇ ਮੇਰੇ ਪਰਮੇਸ਼ੁਰ, ਤੋਬਿਆਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ।”

15ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ਼ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਸ਼ਹਿਰਪਨਾਹ ਬਣ ਕੇ ਪੂਰੀ ਹੋ ਗਈ।

16ਫਿਰ ਅਜਿਹਾ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਇਹ ਸੁਣਿਆ ਤਦ ਸਾਡੇ ਚੁਫ਼ੇਰੇ ਰਹਿਣ ਵਾਲੀਆਂ ਸਾਰੀਆਂ ਕੌਮਾਂ ਦੇ ਲੋਕ ਡਰ ਗਏ ਅਤੇ ਉਹ ਬਹੁਤ ਹੀ ਸ਼ਰਮਿੰਦੇ ਹੋਏ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਇਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਹੋਇਆ ਹੈ।

17ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦੀ ਸਾਮੰਤਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਗਈਆਂ ਅਤੇ ਤੋਬਿਆਹ ਦੀਆਂ ਚਿੱਠੀਆਂ ਉਨ੍ਹਾਂ ਕੋਲ ਆਈਆਂ।

18ਕਿਉਂ ਜੋ ਉਹ ਆਰਹ ਦੇ ਪੁੱਤਰ ਸ਼ਕਨਯਾਹ ਦਾ ਜੁਵਾਈ ਸੀ, ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕਰ ਲਿਆ ਸੀ, ਇਸ ਲਈ ਬਹੁਤ ਸਾਰੇ ਯਹੂਦੀਆਂ ਨੇ ਉਸ ਦੇ ਪੱਖ ਵਿੱਚ ਹੋਣ ਦੀ ਸਹੁੰ ਖਾਧੀ ਸੀ।

19ਉਹ ਉਸ ਦੀਆਂ ਨੇਕੀਆਂ ਮੈਨੂੰ ਦੱਸਦੇ ਰਹਿੰਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਕੇ ਦੱਸਦੇ ਸਨ ਅਤੇ ਤੋਬਿਆਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਹੁੰਦਾ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath