ਈਸਾਈ
ਪਿੱਛੇ

ਨਹਮਯਾਹ 5

1ਤਦ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਵੱਲੋਂ ਉਨ੍ਹਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ।

2ਕੁਝ ਤਾਂ ਕਹਿੰਦੇ ਸਨ, “ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ। ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ।”

3ਅਤੇ ਕੁਝ ਹੋਰ ਸਨ ਜਿਹੜੇ ਕਹਿੰਦੇ ਸਨ, “ਅਸੀਂ ਆਪਣੇ ਖੇਤ, ਆਪਣੇ ਅੰਗੂਰੀ ਬਾਗ਼ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ ਤਾਂ ਜੋ ਅਸੀਂ ਕਾਲ ਦੇ ਸਮੇਂ ਅੰਨ ਲੈ ਸਕੀਏ।”

4ਪਰ ਕੁਝ ਹੋਰ ਕਹਿੰਦੇ ਸਨ, “ਅਸੀਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗ਼ਾਂ ਨੂੰ ਗਿਰਵੀ ਰੱਖ ਕੇ ਰਾਜਾ ਦਾ ਲਗਾਨ ਚੁਕਾਉਣ ਲਈ ਚਾਂਦੀ ਉਧਾਰ ਲਈ ਹੈ।

5ਹੁਣ ਸਾਡਾ ਸਰੀਰ, ਸਾਡੇ ਭਰਾਵਾਂ ਦੇ ਸਰੀਰ ਵਰਗਾ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਤਾਂ ਵੀ ਅਸੀਂ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਦਿੰਦੇ ਹਾਂ ਸਗੋਂ ਸਾਡੀਆਂ ਧੀਆਂ ਵਿੱਚੋਂ ਕੁਝ ਦਾਸੀਆਂ ਵੀ ਬਣ ਚੁੱਕੀਆਂ ਹਨ ਅਤੇ ਸਾਡਾ ਕੁਝ ਵੱਸ ਨਹੀਂ ਚਲਦਾ ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ਼ ਦੂਜਿਆਂ ਦੇ ਹੱਥ ਵਿੱਚ ਹਨ।”

6ਜਦੋਂ ਮੈਂ ਉਨ੍ਹਾਂ ਦੀ ਦੁਹਾਈ ਨੂੰ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਿਆ

7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ।” ਤਦ ਮੈਂ ਉਨ੍ਹਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ

8ਅਤੇ ਉਨ੍ਹਾਂ ਨੂੰ ਕਿਹਾ, “ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵੇਚੇ ਗਏ ਸਨ ਛੁਡਾਇਆ ਹੈ, ਹੁਣ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚੋਗੇ? ਕੀ ਉਹ ਫਿਰ ਸਾਡੇ ਹੱਥਾਂ ਤੋਂ ਵੇਚੇ ਜਾਣਗੇ?” ਤਦ ਉਹ ਚੁੱਪ ਹੋ ਗਏ ਅਤੇ ਕੁਝ ਨਾ ਬੋਲੇ

9ਮੈਂ ਫਿਰ ਕਿਹਾ, “ਇਹ ਕੰਮ ਜੋ ਤੁਸੀਂ ਕਰਦੇ ਹੋ ਉਹ ਚੰਗਾ ਨਹੀਂ ਹੈ, ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ੁਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜੁਆਨ ਵੀ ਉਨ੍ਹਾਂ ਨੂੰ ਰੁਪਿਆ ਅਤੇ ਅੰਨ ਉਧਾਰ ਦਿੰਦੇ ਹਾਂ। ਪਰ ਬਿਆਜ ਲੈਣਾ ਬੰਦ ਕੀਤਾ ਜਾਵੇ!

11ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰੀ ਬਾਗ਼, ਜ਼ੈਤੂਨ ਦੇ ਬਾਗ਼ ਅਤੇ ਨਾਲ ਹੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮੋੜ ਦਿਉ, ਅਤੇ ਜੋ ਰੁਪਿਆ, ਅੰਨ, ਨਵੀਂ ਮਧ ਅਤੇ ਤੇਲ ਜੋ ਤੁਸੀਂ ਜ਼ਬਰਦਸਤੀ ਉਨ੍ਹਾਂ ਤੋਂ ਲਿਆ ਹੈ, ਉਸ ਦਾ ਸੌਵਾਂ ਹਿੱਸਾ ਉਨ੍ਹਾਂ ਨੂੰ ਮੋੜ ਦਿਉ।”

12ਤਦ ਉਨ੍ਹਾਂ ਨੇ ਕਿਹਾ, “ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਲਵਾਂਗੇ, ਜਿਵੇਂ ਤੁਸੀਂ ਕਿਹਾ ਹੈ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ।” ਤਦ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਸਹੁੰ ਖੁਆਈ ਕਿ ਉਹ ਇਸੇ ਵਾਇਦੇ ਦੇ ਅਨੁਸਾਰ ਕਰਨ।

13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ੁਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਹੋਵਾਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।

14ਫਿਰ ਜਦ ਤੋਂ ਮੈਂ ਯਹੂਦਾਹ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ ਅਰਥਾਤ ਅਰਤਹਸ਼ਸ਼ਤਾ ਦੇ ਰਾਜ ਦੇ ਵੀਹਵੇਂ ਸਾਲ ਤੋਂ ਲੈ ਕੇ ਬੱਤੀਵੇਂ ਸਾਲ ਤੱਕ, ਇਨ੍ਹਾਂ ਬਾਰਾਂ ਸਾਲਾਂ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮ ਦੇ ਹੱਕ ਦੀ ਰੋਟੀ ਨਾ ਖਾਧੀ,

15ਪਰ ਜਿਹੜੇ ਹਾਕਮ ਮੇਰੇ ਤੋਂ ਪਹਿਲਾਂ ਸਨ, ਉਹ ਲੋਕਾਂ ਉੱਤੇ ਬੋਝ ਪਾਉਂਦੇ ਸਨ, ਅਤੇ ਉਹ ਉਨ੍ਹਾਂ ਤੋਂ ਰੋਟੀ ਅਤੇ ਮਧ, ਨਾਲੇ ਚਾਲ੍ਹੀ ਸ਼ਕੇਲ ਚਾਂਦੀ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ੁਰ ਦਾ ਭੈਅ ਮੰਨਦਾ ਸੀ।

16ਨਾਲੇ ਮੈਂ ਸ਼ਹਿਰ ਪਨਾਹ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ, ਅਤੇ ਅਸੀਂ ਕੋਈ ਖੇਤ ਮੁੱਲ ਨਾ ਲਿਆ ਅਤੇ ਮੇਰੇ ਸਾਰੇ ਜੁਆਨ ਕੰਮ ਕਰਨ ਲਈ ਉੱਥੇ ਇਕੱਠੇ ਰਹਿੰਦੇ ਸਨ।

17ਮੇਰੀ ਮੇਜ਼ ਤੋਂ ਖਾਣ ਵਾਲੇ ਇੱਕ ਸੌ ਪੰਜਾਹ ਯਹੂਦੀ ਅਤੇ ਹਾਕਮ ਸਨ, ਅਤੇ ਉਹ ਵੀ ਜਿਹੜੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਸਾਡੇ ਕੋਲ ਆਏ ਸਨ।

18ਜਿਹੜਾ ਭੋਜਨ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, - ਇੱਕ ਬਲ਼ਦ, ਛੇ ਪਲੀਆਂ ਹੋਇਆਂ ਭੇਡਾਂ ਜਾਂ ਬੱਕਰੀਆਂ ਅਤੇ ਕੁਝ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ ਦਸ ਦਿਨਾਂ ਵਿੱਚ ਇੱਕ ਵਾਰੀ ਹਰ ਕਿਸਮ ਦੀ ਮਧ ਭਰਪੂਰ ਮਾਤਰਾ ਵਿੱਚ ਦਿੱਤੀ ਜਾਂਦੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮ ਦੇ ਹੱਕ ਦੀ ਰੋਟੀ ਨਾ ਮੰਗੀ ਕਿਉਂਕਿ ਲੋਕਾਂ ਉੱਤੇ ਇਸ ਕੰਮ ਦਾ ਵੱਡਾ ਭਾਰ ਸੀ।

19ਹੇ ਮੇਰੇ ਪਰਮੇਸ਼ੁਰ, ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਨਾਲ ਕੀਤੀ ਹੈ, ਮੈਨੂੰ ਯਾਦ ਰੱਖੀਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath