ਨਹਮਯਾਹ 3
1ਤਦ ਅਲਯਾਸ਼ੀਬ ਪ੍ਰਧਾਨ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ। ਉਨ੍ਹਾਂ ਨੇ ਉਸ ਦਾ ਸਮਰਪਣ ਕੀਤਾ ਅਤੇ ਉਸ ਦੇ ਦਰਵਾਜ਼ੇ ਵੀ ਲਗਾਏ, ਇਸ ਦੇ ਨਾਲ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੱਕ ਸ਼ਹਿਰਪਨਾਹ ਦਾ ਸਮਰਪਣ ਕੀਤਾ।
2ਉਸ ਤੋਂ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਸ ਤੋਂ ਅੱਗੇ ਇਮਰੀ ਦੇ ਪੁੱਤਰ ਜ਼ੱਕੂਰ ਨੇ ਬਣਾਇਆ।
3ਫੇਰ ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਨੇ ਬਣਾਇਆ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ।
4ਉਨ੍ਹਾਂ ਤੋਂ ਅੱਗੇ ਹਕੋਸ ਦੇ ਪੋਤਰੇ ਅਤੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਮੁਰੰਮਤ ਕੀਤੀ। ਫਿਰ ਉਨ੍ਹਾਂ ਤੋਂ ਅੱਗੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ, ਇਸ ਤੋਂ ਅੱਗੇ ਬਆਨਾਹ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ।
5ਇਸ ਤੋਂ ਅੱਗੇ ਤਕੋਈਆਂ ਨੇ ਮੁਰੰਮਤ ਕੀਤੀ, ਪਰ ਉਨ੍ਹਾਂ ਦੇ ਸ਼ਰੀਫਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ।
6ਫਿਰ ਪੁਰਾਣੇ ਫਾਟਕ ਦੀ ਮੁਰੰਮਤ ਪਾਸੇਆਹ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਨ੍ਹਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
7ਉਨ੍ਹਾਂ ਤੋਂ ਅੱਗੇ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਜੋ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੀ ਰਾਜ ਗੱਦੀ ਵਿੱਚੋਂ ਸਨ, ਮੁਰੰਮਤ ਕੀਤੀ।
8ਉਨ੍ਹਾਂ ਤੋਂ ਅੱਗੇ ਹਰਹਯਾਹ ਦੇ ਪੁੱਤਰ ਉੱਜ਼ੀਏਲ ਅਤੇ ਹੋਰ ਸੁਨਿਆਰਾਂ ਨੇ ਮੁਰੰਮਤ ਕੀਤੀ, ਉਨ੍ਹਾਂ ਤੋਂ ਅੱਗੇ ਅਤਾਰਾਂ (ਅੱਤਰ ਬਣਾਉਣ ਵਾਲੇ) ਦੇ ਪੁੱਤਰਾਂ ਵਿੱਚੋਂ ਹਨਨਯਾਹ ਨੇ ਮੁਰੰਮਤ ਕੀਤੀ, ਅਤੇ ਉਨ੍ਹਾਂ ਨੇ ਚੌੜੀ ਕੰਧ ਤੱਕ ਯਰੂਸ਼ਲਮ ਨੂੰ ਬਣਾ ਦਿੱਤਾ।
9ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫ਼ਾਯਾਹ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤੀ।
10ਇਸ ਤੋਂ ਅੱਗੇ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਹੀ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹੱਟੂਸ਼ ਨੇ ਮੁਰੰਮਤ ਕੀਤੀ।
11ਹਾਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਦੀ ਅਤੇ ਤੰਦੂਰਾਂ ਦੇ ਬੁਰਜ਼ ਦੀ ਮੁਰੰਮਤ ਕੀਤੀ।
12ਇਸ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਅਤੇ ਉਸ ਦੀਆਂ ਧੀਆਂ ਨੇ ਮੁਰੰਮਤ ਕੀਤੀ।
13ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਅਤੇ ਜ਼ਾਨੋਅਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਣਾਇਆ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਕੂੜਾ-ਫਾਟਕ ਤੱਕ ਇੱਕ ਹਜ਼ਾਰ ਹੱਥ ਲੰਮੀ ਕੰਧ ਬਣਾਈ।
14ਕੂੜਾ-ਫਾਟਕ ਦੀ ਮੁਰੰਮਤ ਰਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਬੈਤ ਹੱਕਾਰਮ ਦੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
15ਚਸ਼ਮੇ ਫਾਟਕ ਨੂੰ ਕਾਲਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਜੋ ਮਿਸਪਾਹ ਦੇ ਜ਼ਿਲ੍ਹੇ ਦਾ ਹਾਕਮ ਸੀ, ਮੁਰੰਮਤ ਕੀਤਾ। ਉਸ ਨੇ ਉਹ ਨੂੰ ਬਣਾਇਆ, ਛੱਤਿਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਉਸ ਨੇ ਹੀ ਸ਼ਾਹੀ ਬਾਗ਼ ਦੇ ਕੋਲ ਸ਼ੱਲਹ ਦੇ ਤਲਾਬ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ, ਬਣਾਇਆ।
16ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਤ ਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਿਸਤਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ।
17ਇਸ ਤੋਂ ਅੱਗੇ ਬਾਨੀ ਦੇ ਪੁੱਤਰ ਰਹੂਮ ਨੇ ਲੇਵੀਆਂ ਦੇ ਨਾਲ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਹਸ਼ਬਯਾਹ ਨੇ ਜੋ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਆਪਣੇ ਇਲਾਕੇ ਦੀ ਮੁਰੰਮਤ ਕੀਤੀ।
18ਉਸ ਤੋਂ ਬਾਅਦ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਸਰਦਾਰ ਸੀ, ਮੁਰੰਮਤ ਕੀਤੀ।
19ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।
20ਉਸ ਤੋਂ ਅੱਗੇ ਦੂਜੇ ਹਿੱਸੇ ਦੀ ਮੁਰੰਮਤ ਜੋ ਉਸੇ ਮੋੜ ਤੋਂ ਲੈ ਕੇ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਘਰ ਦੇ ਦਰਵਾਜ਼ੇ ਤੱਕ ਸੀ, ਜ਼ੱਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਕੀਤੀ।
21ਇਸ ਤੋਂ ਅੱਗੇ ਇੱਕ ਹੋਰ ਹਿੱਸੇ ਦੀ ਮੁਰੰਮਤ ਅਰਥਾਤ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਉਸੇ ਦੇ ਘਰ ਦੇ ਆਖਿਰ ਤੱਕ, ਹਕੋਸ ਦੇ ਪੋਤਰੇ ਊਰਿੱਯਾਹ ਦੇ ਪੁੱਤਰ ਮਰੇਮੋਥ ਨੇ ਕੀਤੀ।
22ਇਸ ਤੋਂ ਬਾਅਦ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨੀ ਇਲਾਕਿਆਂ ਦੇ ਮਨੁੱਖ ਸਨ।
23ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਅਨਨਯਾਹ ਦੇ ਪੋਤਰੇ ਮਅਸੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਆਲੇ-ਦੁਆਲੇ ਮੁਰੰਮਤ ਕੀਤੀ।
24ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਸ਼ਹਿਰਪਨਾਹ ਦੇ ਮੋੜ ਤੱਕ ਸਗੋਂ ਉਸ ਦੀ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
25ਫਿਰ ਊਜ਼ਈ ਦੇ ਪੁੱਤਰ ਪਲਾਲ ਨੇ ਉਸੇ ਮੋੜ ਤੋਂ ਲੈ ਕੇ ਉਸ ਬੁਰਜ ਦੇ ਸਾਹਮਣੇ ਤੱਕ ਜੋ ਰਾਜਾ ਦੇ ਉੱਪਰਲੇ ਮਹਿਲ ਦੇ ਸਾਹਮਣਿਓਂ ਨਿੱਕਲਦਾ ਸੀ, ਜਿਹੜਾ ਕੈਦਖ਼ਾਨੇ ਦੇ ਵਿਹੜੇ ਦੇ ਨਾਲ ਸੀ, ਮੁਰੰਮਤ ਕੀਤੀ। ਉਸ ਤੋਂ ਬਾਅਦ ਪਰੋਸ਼ ਦੇ ਪੁੱਤਰ ਪਦਾਯਾਹ ਨੇ
26ਅਤੇ ਨਥੀਨੀਮ (ਭਵਨ ਦੇ ਸੇਵਕ) ਜੋ ਓਫ਼ਲ ਵਿੱਚ ਵੱਸਦੇ ਸਨ, ਉਨ੍ਹਾਂ ਨੇ ਜਲ-ਫਾਟਕ ਦੇ ਸਾਹਮਣੇ ਤੱਕ ਅਤੇ ਪੂਰਬ ਵੱਲ ਬਾਹਰ ਨਿੱਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ।
27ਉਨ੍ਹਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫ਼ਲ ਦੀ ਕੰਧ ਤੱਕ ਸੀ।
28ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ।
29ਉਨ੍ਹਾਂ ਤੋਂ ਬਾਅਦ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਤੋਂ ਅੱਗੇ ਪੂਰਬੀ ਫਾਟਕ ਦੇ ਰਾਖੇ ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਨੇ ਮੁਰੰਮਤ ਕੀਤੀ।
30ਇਸ ਤੋਂ ਅੱਗੇ ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਨੂਨ ਨੇ ਜਿਹੜਾ ਸਾਲਾਫ਼ ਦਾ ਛੇਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ।
31ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ,
32ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਲੈ ਕੇ ਭੇਡ-ਫਾਟਕ ਤੱਕ ਸੁਨਿਆਰਿਆਂ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath