ਈਸਾਈ
ਪਿੱਛੇ

ਨਹਮਯਾਹ 2

1ਫਿਰ ਇਸ ਤਰ੍ਹਾਂ ਹੋਇਆ ਕਿ ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਦੇ ਨੀਸਾਨ ਮਹੀਨੇ ਵਿੱਚ ਜਦ ਮਧ ਉਸ ਦੇ ਸਾਹਮਣੇ ਲਿਆਂਦੀ ਗਈ, ਤਦ ਮੈਂ ਮਧ ਚੁੱਕ ਕੇ ਰਾਜਾ ਨੂੰ ਦਿੱਤੀ ਪਰ ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ।

2ਤਦ ਰਾਜਾ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਮੂੰਹ ਕਿਉਂ ਉਤਰਿਆ ਹੈ? ਇਹ ਤੇਰੇ ਦਿਲ ਦੀ ਉਦਾਸੀ ਬਿਨ੍ਹਾਂ ਹੋਰ ਕੁਝ ਨਹੀਂ।” ਤਦ ਮੈਂ ਬਹੁਤ ਹੀ ਡਰ ਗਿਆ।

3ਮੈਂ ਰਾਜਾ ਨੂੰ ਕਿਹਾ, “ਰਾਜਾ ਜੁੱਗੋ-ਜੁੱਗ ਜੀਉਂਦਾ ਰਹੇ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਉਜਾੜ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ?”

4ਰਾਜਾ ਨੇ ਮੈਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈਂ?” ਤਦ ਮੈਂ ਸਵਰਗ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ

5ਅਤੇ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਅਤੇ ਜੇਕਰ ਤੁਸੀਂ ਆਪਣੇ ਦਾਸ ਤੋਂ ਪ੍ਰਸੰਨ ਹੋ, ਤਾਂ ਤੁਸੀਂ ਮੈਨੂੰ ਯਹੂਦਾਹ ਨੂੰ ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਭੇਜ ਦਿਉ ਤਾਂ ਜੋ ਮੈਂ ਉਨ੍ਹਾਂ ਨੂੰ ਬਣਾਵਾਂ।”

6ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, “ਤੇਰਾ ਸਫ਼ਰ ਕਿੰਨ੍ਹੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ?” ਤਦ ਮੈਨੂੰ ਭੇਜਣਾ ਰਾਜਾ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ।

7ਫਿਰ ਮੈਂ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ।

8ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖ਼ਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।” ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ।

9ਤਦ ਮੈਂ ਦਰਿਆ ਪਾਰ ਦੇ ਹਾਕਮਾਂ ਕੋਲ ਗਿਆ ਅਤੇ ਸ਼ਾਹੀ ਹੁਕਮਨਾਮੇ ਉਨ੍ਹਾਂ ਨੂੰ ਦਿੱਤੇ। ਰਾਜਾ ਨੇ ਮੇਰੇ ਨਾਲ ਫ਼ੌਜੀ ਸਰਦਾਰ ਅਤੇ ਸਵਾਰ ਵੀ ਭੇਜੇ ਸਨ।

10ਜਦ ਸਨਬੱਲਟ ਹੋਰੋਨੀ ਅਤੇ ਤੋਬਿਆਹ ਅੰਮੋਨੀ ਨੇ ਜੋ ਕਰਮਚਾਰੀ ਸਨ, ਇਹ ਸੁਣਿਆ ਕਿ ਇੱਕ ਮਨੁੱਖ ਆਇਆ ਹੈ ਜੋ ਇਸਰਾਏਲੀਆਂ ਦੀ ਭਲਿਆਈ ਚਾਹੁੰਦਾ ਹੈ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮੰਨਿਆ।

11ਜਦ ਮੈਂ ਯਰੂਸ਼ਲਮ ਪਹੁੰਚ ਗਿਆ, ਤਾਂ ਤਿੰਨ ਦਿਨ ਉੱਥੇ ਰਿਹਾ।

12ਤਦ ਮੈਂ ਆਪਣੇ ਨਾਲ ਦੇ ਕੁਝ ਹੋਰ ਮਨੁੱਖਾਂ ਨੂੰ ਲੈ ਕੇ ਰਾਤ ਨੂੰ ਉੱਠਿਆ, ਅਤੇ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਉਹ ਮੈਂ ਕਿਸੇ ਨੂੰ ਨਾ ਦੱਸਿਆ। ਮੇਰੀ ਸਵਾਰੀ ਦੇ ਪਸ਼ੂ ਤੋਂ ਬਿਨ੍ਹਾਂ ਹੋਰ ਕੋਈ ਪਸ਼ੂ ਮੇਰੇ ਨਾਲ ਨਹੀਂ ਸੀ।

13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਅਜਗਰ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਜਲੇ ਹੋਏ ਫਾਟਕਾਂ ਨੂੰ ਵੇਖਿਆ।

14ਫੇਰ ਮੈਂ ਅੱਗੇ ਲੰਘ ਕੇ ਚਸ਼ਮਾ ਫਾਟਕ ਅਤੇ ਰਾਜਾ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ।

15ਫੇਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖਦਾ ਹੋਇਆ ਘੁੰਮ ਕੇ ਵਾਦੀ ਦੇ ਫਾਟਕ ਰਾਹੀਂ ਵਾਪਿਸ ਮੁੜ ਆਇਆ।

16ਹਾਕਮਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ

17ਤਦ ਮੈਂ ਉਨ੍ਹਾਂ ਨੂੰ ਕਿਹਾ, “ਤੁਸੀਂ ਆਪ ਵੇਖਦੇ ਹੋ ਕਿ ਅਸੀਂ ਕਿੰਨੀ ਦੁਰਦਸ਼ਾ ਵਿੱਚ ਪਏ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਆਉ, ਅਸੀਂ ਯਰੂਸ਼ਲਮ ਦੀ ਸ਼ਹਿਰਪਨਾਹ ਨੂੰ ਬਣਾਈਏ ਤਾਂ ਜੋ ਭਵਿੱਖ ਵਿੱਚ ਸਾਡੀ ਨਿੰਦਿਆ ਨਾ ਹੋਵੇ।”

18ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ੁਰ ਦਾ ਹੱਥ ਮੇਰੇ ਉੱਤੇ ਭਲਿਆਈ ਲਈ ਸੀ ਅਤੇ ਰਾਜਾ ਨੇ ਮੈਨੂੰ ਕੀ-ਕੀ ਗੱਲਾਂ ਆਖੀਆਂ ਸਨ। ਤਦ ਉਨ੍ਹਾਂ ਨੇ ਕਿਹਾ, “ਆਉ, ਅਸੀਂ ਉੱਠੀਏ ਅਤੇ ਬਣਾਈਏ।” ਤਾਂ ਉਨ੍ਹਾਂ ਨੇ ਇਸ ਭਲੇ ਕੰਮ ਲਈ ਆਪਣਿਆਂ ਹੱਥਾਂ ਨੂੰ ਤਕੜਾ ਕੀਤਾ।

19ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗਸ਼ਮ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜਾ ਦੇ ਵਿਰੁੱਧ ਹੋ ਜਾਓਗੇ?”

20ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਕਿਹਾ, “ਸਵਰਗ ਦਾ ਪਰਮੇਸ਼ੁਰ ਸਾਡਾ ਕੰਮ ਸਫ਼ਲ ਕਰੇਗਾ, ਇਸ ਲਈ ਅਸੀਂ ਉਸ ਦੇ ਦਾਸ ਉੱਠਾਂਗੇ ਅਤੇ ਬਣਾਵਾਂਗੇ ਪਰ ਯਰੂਸ਼ਲਮ ਵਿੱਚ ਨਾ ਤਾਂ ਤੁਹਾਡਾ ਕੋਈ ਹਿੱਸਾ, ਨਾ ਹੱਕ ਅਤੇ ਨਾ ਹੀ ਸਮਾਰਕ ਹੈ!”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath