ਨਹਮਯਾਹ 13
1ਉਸੇ ਦਿਨ ਮੂਸਾ ਦੀ ਪੁਸਤਕ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਕੋਈ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਕਦੇ ਵੀ ਨਾ ਆਉਣ,
2ਕਿਉਂ ਜੋ ਉਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿੱਕਲੇ ਸਗੋਂ ਬਿਲਆਮ ਨੂੰ ਉਨ੍ਹਾਂ ਦੇ ਵਿਰੁੱਧ ਭਾੜੇ ਉੱਤੇ ਲਿਆ ਕਿ ਉਹ ਉਨ੍ਹਾਂ ਨੂੰ ਸਰਾਪ ਦੇਵੇ, ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ।
3ਜਦੋਂ ਉਨ੍ਹਾਂ ਨੇ ਇਸ ਬਿਵਸਥਾ ਨੂੰ ਸੁਣਿਆ ਤਾਂ ਉਨ੍ਹਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ-ਜੁਲੀ ਭੀੜ ਨੂੰ ਵੱਖ-ਵੱਖ ਕਰ ਦਿੱਤਾ।
4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਤੋਬਿਆਹ ਦਾ ਰਿਸ਼ਤੇਦਾਰ ਸੀ,
5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।
6ਪਰ ਜਦੋਂ ਇਹ ਸਭ ਹੋ ਰਿਹਾ ਸੀ, ਮੈਂ ਯਰੂਸ਼ਲਮ ਵਿੱਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜਾ ਅਰਤਹਸ਼ਸ਼ਤਾ ਦੇ ਬੱਤੀਵੇਂ ਸਾਲ ਵਿੱਚ ਮੈਂ ਰਾਜਾ ਕੋਲ ਚਲਾ ਗਿਆ। ਫਿਰ ਕੁਝ ਦਿਨਾਂ ਬਾਅਦ ਮੈਂ ਰਾਜਾ ਕੋਲੋਂ ਛੁੱਟੀ ਮੰਗੀ,
7ਤਦ ਮੈਂ ਯਰੂਸ਼ਲਮ ਨੂੰ ਆਇਆ ਅਤੇ ਉਸ ਬੁਰਿਆਈ ਨੂੰ ਜਾਣਿਆ ਜਿਹੜੀ ਅਲਯਾਸ਼ੀਬ ਨੇ ਤੋਬਿਆਹ ਲਈ ਪਰਮੇਸ਼ੁਰ ਦੇ ਭਵਨ ਦੇ ਵੇਹੜਿਆਂ ਵਿੱਚ ਉਸ ਦੇ ਲਈ ਇੱਕ ਕੋਠੜੀ ਬਣਾ ਕੇ ਕੀਤੀ ਸੀ।
8ਇਹ ਮੈਨੂੰ ਬਹੁਤ ਹੀ ਬੁਰਾ ਲੱਗਿਆ, ਇਸ ਲਈ ਮੈਂ ਤੋਬਿਆਹ ਦਾ ਸਾਰਾ ਘਰੇਲੂ ਸਮਾਨ ਉਸ ਕੋਠੜੀ ਵਿੱਚੋਂ ਬਾਹਰ ਸੁੱਟਵਾ ਦਿੱਤਾ।
9ਤਦ ਮੇਰੇ ਹੁਕਮ ਦੇ ਅਨੁਸਾਰ ਉਹ ਕੋਠੜੀਆਂ ਸ਼ੁੱਧ ਕੀਤੀਆਂ ਗਈਆਂ ਅਤੇ ਮੈਂ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਟ ਅਤੇ ਲੁਬਾਨ ਫਿਰ ਉੱਥੇ ਰੱਖਿਆ।
10ਫਿਰ ਮੈਨੂੰ ਪਤਾ ਲੱਗਾ ਕਿ ਲੇਵੀਆਂ ਦਾ ਹਿੱਸਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਇਸ ਲਈ ਕੰਮ ਕਰਨ ਵਾਲੇ ਲੇਵੀ ਅਤੇ ਗਾਇਕ ਆਪੋ ਆਪਣੇ ਖੇਤਾਂ ਨੂੰ ਭੱਜ ਗਏ ਹਨ।
11ਤਦ ਮੈਂ ਹਾਕਮਾਂ ਨੂੰ ਝਿੜਕ ਕੇ ਕਿਹਾ, “ਪਰਮੇਸ਼ੁਰ ਦਾ ਭਵਨ ਕਿਉਂ ਤਿਆਗਿਆ ਗਿਆ ਹੈ?” ਤਦ ਮੈਂ ਉਨ੍ਹਾਂ ਨੂੰ ਇਕੱਠੇ ਕਰ ਕੇ ਇੱਕ-ਇੱਕ ਨੂੰ ਉਸ ਦੇ ਸਥਾਨ ਉੱਤੇ ਨਿਯੁਕਤ ਕੀਤਾ।
12ਤਦ ਸਾਰੇ ਯਹੂਦੀ ਅੰਨ ਅਤੇ ਨਵੀਂ ਮਧ ਅਤੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਉਣ ਲੱਗੇ।
13ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਾਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ੱਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਨ੍ਹਾਂ ਦਾ ਕੰਮ ਸੀ।
14ਹੇ ਮੇਰੇ ਪਰਮੇਸ਼ੁਰ, ਮੇਰਾ ਇਹ ਕੰਮ ਯਾਦ ਰੱਖ ਅਤੇ ਜੋ ਨੇਕ ਕੰਮ ਮੈਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀ ਸੇਵਾ ਲਈ ਕੀਤੇ ਹਨ, ਉਨ੍ਹਾਂ ਨੂੰ ਨਾ ਮਿਟਾ।
15ਉਨ੍ਹਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਹੌਦਾਂ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਮਧ, ਅੰਗੂਰ, ਹੰਜ਼ੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ। ਇਸ ਲਈ ਮੈਂ ਉਨ੍ਹਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ।
16ਉੱਥੇ ਸੂਰ ਦੇ ਲੋਕ ਵੀ ਵੱਸਦੇ ਸਨ, ਜਿਹੜੇ ਮੱਛੀ ਅਤੇ ਨਾਨਾ ਪ੍ਰਕਾਰ ਦਾ ਸੌਦਾ, ਸਬਤ ਦੇ ਦਿਨ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ।
17ਤਦ ਮੈਂ ਯਹੂਦਾਹ ਦੇ ਸਾਮੰਤਾਂ ਨੂੰ ਝਿੜਕ ਕੇ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ?
18ਕੀ ਤੁਹਾਡੇ ਪੁਰਖਿਆਂ ਨੇ ਇਸੇ ਤਰ੍ਹਾਂ ਨਹੀਂ ਕੀਤਾ? ਕੀ ਇਸੇ ਕਾਰਨ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਨਹੀਂ ਲਿਆਂਦੀ? ਫੇਰ ਵੀ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਕੇ ਇਸਰਾਏਲ ਉੱਤੇ ਪਰਮੇਸ਼ੁਰ ਦੇ ਕ੍ਰੋਧ ਨੂੰ ਹੋਰ ਭੜਕਾਉਂਦੇ ਹੋ!”
19ਇਸ ਲਈ ਸਬਤ ਦੇ ਦਿਨ ਤੋਂ ਪਹਿਲਾ ਜਦ ਹਨ੍ਹੇਰਾ ਹੋਣ ਲੱਗਿਆ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਹ ਹੁਕਮ ਵੀ ਦਿੱਤਾ ਕਿ ਜਦ ਤੱਕ ਸਬਤ ਦਾ ਦਿਨ ਪੂਰਾ ਨਾ ਹੋ ਜਾਵੇ, ਫਾਟਕ ਨਾ ਖੋਲ੍ਹੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕੁਝ ਨੂੰ ਫਾਟਕਾਂ ਉੱਤੇ ਖੜ੍ਹਾ ਕੀਤਾ ਤਾਂ ਜੋ ਸਬਤ ਦੇ ਦਿਨ ਕੋਈ ਅੰਦਰ ਨਾ ਆਵੇ।
20ਸੋ ਵਪਾਰੀ ਅਤੇ ਨਾਨਾ ਪ੍ਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਬਾਹਰ ਇੱਕ ਦੋ ਵਾਰ ਠਹਿਰੇ।
21ਤਦ ਮੈਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਅਤੇ ਕਿਹਾ, “ਤੁਸੀਂ ਸ਼ਹਿਰਪਨਾਹ ਦੇ ਨੇੜੇ ਕਿਉਂ ਠਹਿਰਦੇ ਹੋ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ!” ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ।
22ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਜਾਓ। ਹੇ ਮੇਰੇ ਪਰਮੇਸ਼ੁਰ, ਮੈਨੂੰ ਇਸ ਲਈ ਵੀ ਯਾਦ ਰੱਖ ਅਤੇ ਆਪਣੀ ਵੱਡੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ।
23ਫਿਰ ਉਨ੍ਹਾਂ ਦਿਨਾਂ ਵਿੱਚ ਮੈਂ ਅਜਿਹੇ ਯਹੂਦੀ ਮਨੁੱਖਾਂ ਨੂੰ ਵੇਖਿਆ ਜਿਨ੍ਹਾਂ ਨੇ ਅਸ਼ਦੋਦੀ, ਅੰਮੋਨੀ ਅਤੇ ਮੋਆਬੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ।
24ਉਨ੍ਹਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਜਾਂ ਦੂਜੇ ਲੋਕਾਂ ਦੀ ਭਾਸ਼ਾ ਬੋਲਦੇ ਸਨ, ਪਰ ਉਹ ਯਹੂਦੀ ਭਾਸ਼ਾ ਨਹੀਂ ਬੋਲ ਸਕਦੇ ਸਨ।
25ਤਦ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਵਾਲ਼ ਪੁੱਟਵਾਏ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ, “ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰੋਗੇ।
26ਕੀ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ? ਭਾਵੇਂ ਬਹੁਤੀਆਂ ਕੌਮਾਂ ਵਿੱਚ ਉਸ ਦੇ ਵਰਗਾ ਕੋਈ ਰਾਜਾ ਨਹੀਂ ਸੀ ਅਤੇ ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਤੇ ਰਾਜਾ ਬਣਾਇਆ ਤਾਂ ਵੀ ਗੈਰ-ਕੌਮੀ ਇਸਤਰੀਆਂ ਨੇ ਉਸ ਕੋਲੋਂ ਪਾਪ ਕਰਵਾਇਆ।
27ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਧੋਖਾ ਕਰੀਏ?”
28ਅਲਯਾਸ਼ੀਬ ਪ੍ਰਧਾਨ ਜਾਜਕ ਦੇ ਪੁੱਤਰ ਯੋਯਾਦਾ ਦਾ ਇੱਕ ਪੁੱਤਰ ਹੋਰੋਨੀ ਸਨਬੱਲਟ ਦਾ ਜਵਾਈ ਸੀ, ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ।
29ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਅਸ਼ੁੱਧ ਕੀਤਾ ਹੈ।
30ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੈਰ-ਕੌਮਾਂ ਵਿੱਚੋਂ ਸ਼ੁੱਧ ਕੀਤਾ ਅਤੇ ਹਰ ਇੱਕ ਜਾਜਕ ਅਤੇ ਲੇਵੀ ਲਈ ਉਸ ਦੇ ਕੰਮ ਅਨੁਸਾਰ ਜ਼ਿੰਮੇਵਾਰੀਆਂ ਦਿੱਤੀਆਂ।
31ਫਿਰ ਮੈਂ ਲੱਕੜੀ ਦੀਆਂ ਭੇਟਾਂ ਲਿਆਉਣ ਲਈ ਅਤੇ ਪਹਿਲਾ ਫਲ ਦੇਣ ਲਈ ਸਮਾਂ ਠਹਿਰਾ ਦਿੱਤਾ। ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਯਾਦ ਰੱਖ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath