ਈਸਾਈ
ਪਿੱਛੇ

ਨਹੂਮ 3

1ਖੂਨੀ ਸ਼ਹਿਰ ਉੱਤੇ ਹਾਏ ਹਾਏ! ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ, ਸ਼ਿਕਾਰ ਅਣਮੁੱਕ ਹੈ!

2ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ!

3ਘੋੜ ਸਵਾਰ ਚੜ੍ਹਾਈ ਕਰਦੇ, ਤਲਵਾਰ ਚਮਕਦੀ ਅਤੇ ਬਰਛੀ ਲਸ਼ਕਦੀ ਹੈ! ਵੱਢੇ ਹੋਇਆਂ ਦੀ ਭੀੜ, ਲਾਸ਼ਾਂ ਦੇ ਢੇਰ, ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ!

4ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।

5ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ!

6ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ!

7ਇਸ ਤਰ੍ਹਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ?

8ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ-ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰਪਨਾਹ ਸਮੁੰਦਰ ਅਤੇ ਉਹ ਦੀ ਕੰਧ ਪਾਣੀ ਸੀ?

9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ।

10ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।

11ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਂਗਾ!

12ਤੇਰੇ ਸਭ ਗੜ੍ਹ ਹੰਜ਼ੀਰ ਦੇ ਦਰੱਖਤਾਂ ਵਾਂਗੂੰ ਹੋਣਗੇ, ਜਦੋਂ ਹੰਜ਼ੀਰ ਪਹਿਲਾਂ ਪੱਕਦੀਆਂ ਹਨ, ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।

13ਵੇਖ, ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ।

14ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ!

15ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂੰ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!

16ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ।

17ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂੰ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂੰ ਹਨ, ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।

18ਹੇ ਅੱਸ਼ੂਰ ਦੇ ਰਾਜਾ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿੱਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ।

19ਤੇਰਾ ਕੋਈ ਇਲਾਜ਼ ਨਹੀਂ, ਤੇਰਾ ਜ਼ਖਮ ਸਖ਼ਤ ਹੈ। ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਰੋਜ਼ ਨਾ ਆਈ ਹੋਵੇ?

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath