ਈਸਾਈ
ਪਿੱਛੇ

ਮਰਕੁਸ ਦੀ ਇੰਜੀਲ 9

1ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ।

2ਅਤੇ ਛੇ ਦਿਨਾਂ ਪਿੱਛੋਂ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਅਲੱਗ ਲੈ ਗਿਆ ਅਤੇ ਉਸ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ।

3ਅਤੇ ਉਹ ਦੇ ਕੱਪੜੇ ਚਮਕਣ ਲੱਗੇ ਅਤੇ ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ।

4ਅਤੇ ਮੂਸਾ ਦੇ ਨਾਲ ਏਲੀਯਾਹ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰਦੇ ਸਨ।

5ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਗੁਰੂ ਜੀ, ਸਾਡਾ ਐਥੇ ਰਹਿਣਾ ਚੰਗਾ ਹੈ, ਇਸ ਲਈ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਦੇ ਲਈ ਅਤੇ ਇੱਕ ਏਲੀਯਾਹ ਲਈ।

6ਕਿਉਂ ਜੋ ਉਹ ਨਹੀਂ ਜਾਣਦਾ ਸੀ ਜੋ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ।

7ਤਾਂ ਇੱਕ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹ ਦੀ ਸੁਣੋ।

8ਅਤੇ ਉਨ੍ਹਾਂ ਨੇ ਅਚਾਨਕ ਚੁਫ਼ੇਰੇ ਨਜ਼ਰ ਕੀਤੀ, ਫੇਰ ਹੋਰ ਕਿਸੇ ਨੂੰ ਨਹੀਂ ਪਰ ਪ੍ਰਭੂ ਯਿਸੂ ਨੂੰ ਇਕੱਲਾ ਹੀ ਆਪਣੇ ਨਾਲ ਵੇਖਿਆ।

9ਜਦੋਂ ਉਹ ਪਹਾੜੋਂ ਉੱਤਰੇ ਆਉਂਦੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਤਦ ਤੱਕ ਜੋ ਕੁਝ ਤੁਸੀਂ ਵੇਖਿਆ ਕਿਸੇ ਨੂੰ ਨਾ ਦੱਸਣਾ।

10ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ ਜੋ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ?

11ਅਤੇ ਉਨ੍ਹਾਂ ਨੇ ਉਸ ਅੱਗੇ ਅਰਜ਼ ਕੀਤੀ ਕਿ ਉਪਦੇਸ਼ਕ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?

12ਉਸ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਏਲੀਯਾਹ ਤਾਂ ਠੀਕ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਇਹ ਕਿਉਂ ਲਿਖਿਆ ਹੈ ਜੋ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ?

13ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ, ਨਾਲੇ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ, ਉਨ੍ਹਾਂ ਨੇ ਉਹ ਦੇ ਨਾਲ ਜੋ ਚਾਹਿਆ ਸੋਈ ਕੀਤਾ।

14ਜਦੋਂ ਪ੍ਰਭੂ ਯਿਸੂ ਚੇਲਿਆਂ ਦੇ ਕੋਲ ਆਏ ਤਾਂ ਉਨ੍ਹਾਂ ਦੇ ਚੁਫ਼ੇਰੇ ਵੱਡੀ ਭੀੜ ਅਤੇ ਉਨ੍ਹਾਂ ਨਾਲ ਉਪਦੇਸ਼ਕਾਂ ਨੂੰ ਵਾਦ-ਵਿਵਾਦ ਕਰਦੇ ਵੇਖਿਆ।

15ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸਦਾ ਸਵਾਗਤ ਕੀਤਾ।

16ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਸਵਾਲ-ਜ਼ਵਾਬ ਕਰਦੇ ਹੋ?

17ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ।

18ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ।

19ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ? ਅਤੇ ਕਦ ਤੱਕ ਤੁਹਾਡੀ ਸਹਾਂਗਾ? ਉਹ ਨੂੰ ਮੇਰੇ ਕੋਲ ਲਿਆਓ!

20ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ।

21ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ।

22ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।

23ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ! ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸੱਭੋ ਕੁਝ ਹੋ ਸਕਦਾ ਹੈ।

24ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ!

25ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ!

26ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ!

27ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ।

28ਜਦੋਂ ਪ੍ਰਭੂ ਯਿਸੂ ਘਰ ਵਿੱਚ ਆਏ ਤਾਂ ਉਹ ਦੇ ਚੇਲਿਆਂ ਨੇ ਇਕਾਂਤ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ?

29ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ।

30ਫੇਰ ਉਹ ਉੱਥੋਂ ਤੁਰ ਪਏ, ਅਤੇ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖ਼ਬਰ ਹੋਵੇ।

31ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਅਤੇ ਉਨ੍ਹਾਂ ਨੂੰ ਕਹਿੰਦਾ ਸੀ ਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ, ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫਿਰ ਜੀ ਉੱਠੇਗਾ।

32ਉਨ੍ਹਾਂ ਨੇ ਇਹ ਗੱਲ ਨਾ ਸਮਝੀ ਪਰ ਉਹ ਦੇ ਪੁੱਛਣ ਤੋਂ ਡਰਦੇ ਸਨ।

33ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਬਾਤ ਕਰਦੇ ਸੀ?

34ਪਰ ਉਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ, ਜੋ ਸਾਡੇ ਵਿੱਚੋਂ ਵੱਡਾ ਕੌਣ ਹੈ?

35ਫੇਰ ਉਹ ਨੇ ਬੈਠ ਕੇ ਉਨ੍ਹਾਂ ਬਾਰਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਕਿਹਾ, ਜੇ ਕੋਈ ਵੱਡਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਛੋਟਾ ਅਤੇ ਸਭਨਾਂ ਦਾ ਸੇਵਕ ਬਣੇ।

36ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ। ਫੇਰ ਉਸ ਨੂੰ ਗੋਦੀ ਚੁੱਕ ਕੇ ਉਨ੍ਹਾਂ ਨੂੰ ਕਿਹਾ,

37ਜੋ ਕੋਈ ਮੇਰੇ ਨਾਮ ਕਰ ਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।

38ਯੂਹੰਨਾ ਨੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ।

39ਪਰ ਯਿਸੂ ਨੇ ਉਨ੍ਹਾ ਨੂੰ ਕਿਹਾ, ਉਹ ਨੂੰ ਨਾ ਰੋਕੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਚਮਤਕਾਰ ਕਰੇ ਅਤੇ ਛੇਤੀ ਮੈਨੂੰ ਬੁਰਾ ਕਹਿ ਸਕੇ।

40ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ।

41ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਗਿਲਾਸ ਪਾਣੀ ਦਾ ਪੀਣ ਨੂੰ ਦੇਵੇ ਇਸ ਕਰ ਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾਏ ਬਿਨ੍ਹਾਂ ਕਦੇ ਨਾ ਰਹੇਗਾ।

42ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ!

43ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ।

44ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ।

46ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

47ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ। ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ।

48ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

49ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ।

50ਲੂਣ ਚੰਗਾ ਹੈ, ਪਰ ਜੇ ਲੂਣ ਬੇਸੁਆਦ ਜੋ ਜਾਏ ਤਾਂ ਤੁਸੀਂ ਉਹ ਨੂੰ ਕਿਵੇਂ ਸਲੂਣਾ ਕਰੋਗੇ? ਇਸ ਲਈ ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮੇਲ-ਮਿਲਾਪ ਰੱਖੋ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath