ਈਸਾਈ
ਪਿੱਛੇ

ਮਰਕੁਸ ਦੀ ਇੰਜੀਲ 8

1ਉਨ੍ਹਾਂ ਦਿਨਾਂ ਵਿੱਚ, ਜਦੋਂ ਫੇਰ ਵੱਡੀ ਭੀੜ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਨੂੰ ਕੁਝ ਨਾ ਸੀ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ,

2ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂ ਜੋ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹੇ ਹਨ, ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ।

3ਜੇ ਮੈਂ ਉਨ੍ਹਾਂ ਨੂੰ ਘਰ ਵੱਲ ਭੁੱਖਿਆਂ ਹੀ ਤੋਰ ਦੇਵਾਂ ਤਾਂ ਉਹ ਰਸਤੇ ਵਿੱਚ ਥੱਕ-ਹਾਰ ਜਾਣਗੇ ਅਤੇ ਕਈ ਉਨ੍ਹਾਂ ਵਿੱਚੋਂ ਦੂਰੋਂ ਆਏ ਹਨ।

4ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚ ਕੋਈ ਐਨੀਆਂ ਰੋਟੀਆਂ ਕਿੱਥੋਂ ਲਿਆਵੇ ਕਿ ਉਹ ਸਭ ਖਾ ਕੇ ਤ੍ਰਿਪਤ ਹੋਣ?

5ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, ਸੱਤ।

6ਫੇਰ ਉਸ ਨੇ ਲੋਕਾਂ ਨੂੰ ਆਗਿਆ ਦਿੱਤੀ ਕਿ ਉਹ ਹੇਠਾਂ ਬੈਠ ਜਾਣ, ਤਾਂ ਉਸ ਨੇ ਉਹ ਸੱਤ ਰੋਟੀਆਂ ਲਈਆਂ ਅਤੇ ਧੰਨਵਾਦ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਅੱਗੇ ਰੱਖਣ ਸੋ ਉਨ੍ਹਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ।

7ਉਨ੍ਹਾਂ ਦੇ ਕੋਲ ਥੋੜੀਆਂ ਜਿਹੀਆਂ ਛੋਟੀਆਂ ਮੱਛੀਆਂ ਵੀ ਸਨ, ਸੋ ਉਸ ਨੇ ਉਨ੍ਹਾਂ ਉੱਤੇ ਬਰਕਤ ਦੇ ਕੇ ਕਿਹਾ, ਇਹ ਵੀ ਉਨ੍ਹਾਂ ਦੇ ਅੱਗੇ ਰੱਖੋ।

8ਉਹ ਖਾ ਕੇ ਰੱਜ ਗਏ ਅਤੇ ਬਚਿਆਂ ਹੋਇਆਂ ਟੁੱਕੜਿਆਂ ਦੇ ਉਨ੍ਹਾਂ ਨੇ ਸੱਤ ਟੋਕਰੇ ਭਰ ਕੇ ਚੁੱਕੇ।

9ਅਤੇ ਲੋਕ ਲੱਗਭਗ ਚਾਰ ਹਜ਼ਾਰ ਸਨ, ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ।

10ਅਤੇ ਉਸੇ ਵੇਲੇ ਉਹ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।

11ਤਦ ਫ਼ਰੀਸੀ ਨਿੱਕਲੇ ਅਤੇ ਉਸ ਦੇ ਪਰਤਾਉਣ ਲਈ ਸਵਰਗ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਵਾਦ-ਵਿਵਾਦ ਕਰਨ ਲੱਗੇ।

12ਅਤੇ ਉਸ ਨੇ ਆਪਣੇ ਆਤਮਾ ਵਿੱਚ ਹਾਉਕਾ ਭਰ ਕੇ ਕਿਹਾ, ਇਸ ਪੀੜ੍ਹੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ।

13ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਉੱਤੇ ਚੜੇ ਅਤੇ ਪਾਰ ਚਲੇ ਗਏ।

14ਉਹ ਰੋਟੀ ਲੈਣੀ ਭੁੱਲ ਗਏ ਸਨ ਅਤੇ ਬੇੜੀ ਵਿੱਚ ਉਨ੍ਹਾਂ ਕੋਲ ਇੱਕੋ ਹੀ ਰੋਟੀ ਸੀ, ਬਿਨ੍ਹਾਂ ਇਸ ਦੇ ਉਨ੍ਹਾਂ ਕੋਲ ਹੋਰ ਕੁਝ ਵੀ ਨਾ ਸੀ।

15ਉਸ ਨੇ ਉਨ੍ਹਾਂ ਨੂੰ ਚਿਤਾਵਨੀ ਨਾਲ ਆਖਿਆ ਕਿ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ!

16ਤਦ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਸਾਡੇ ਕੋਲ ਰੋਟੀ ਨਹੀਂ ਹੈ।

17ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ? ਕੀ ਤੁਹਾਡਾ ਮਨ ਕਠੋਰ ਹੋ ਗਿਆ ਹੈ?

18ਅੱਖਾਂ ਦੇ ਹੁੰਦੇ ਹੋਏ ਵੀ, ਕੀ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆਂ ਹੋਇਆ ਵੀ ਕੀ ਤੁਸੀਂ ਨਹੀਂ ਸੁਣਦੇ ਅਤੇ ਚੇਤੇ ਨਹੀਂ ਰੱਖਦੇ?

19ਕਿ ਜਦੋਂ ਮੈਂ ਉਹ ਪੰਜ ਰੋਟੀਆਂ ਪੰਜਾਂ ਹਜ਼ਾਰਾਂ ਲਈ ਤੋੜੀਆਂ ਤਦ ਤੁਸੀਂ ਟੁੱਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ? ਉਨ੍ਹਾਂ ਨੇ ਉਸ ਨੂੰ ਆਖਿਆ, ਬਾਰਾਂ।

20ਅਤੇ ਜਦ ਸੱਤ ਰੋਟੀਆਂ ਚਾਰ ਹਜ਼ਾਰ ਲਈ ਤੋੜੀਆਂ ਤਦ ਤੁਸੀਂ ਟੁੱਕੜਿਆਂ ਦੇ ਕਿੰਨੇ ਟੋਕਰੇ ਭਰੇ ਹੋਏ ਚੁੱਕੇ? ਫੇਰ ਉਨ੍ਹਾਂ ਨੇ ਉਸ ਨੂੰ ਆਖਿਆ, ਸੱਤ।

21ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤੁਹਾਨੂੰ ਅਜੇ ਤੱਕ ਸਮਝ ਨਹੀਂ ਆਈ?

22ਫੇਰ ਉਹ ਬੈਤਸੈਦਾ ਵਿੱਚ ਆਏ, ਅਤੇ ਲੋਕ ਇੱਕ ਅੰਨ੍ਹੇ ਨੂੰ ਉਹ ਦੇ ਕੋਲ ਲਿਆਏ ਅਤੇ ਉਹ ਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੂਹੇ।

23ਉਹ ਉਸ ਅੰਨ੍ਹੇ ਦਾ ਹੱਥ ਫੜ੍ਹ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੁਝ ਦਿਸਦਾ ਹੈ?

24ਉਸ ਨੇ ਨਜ਼ਰਾਂ ਚੁੱਕ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂੰ ਦਿਸਦੇ ਹਨ।

25ਤਦ ਉਹ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ਼-ਸਾਫ਼ ਵੇਖਣ ਲੱਗਾ।

26ਉਹ ਨੇ ਇਹ ਕਹਿ ਕੇ ਉਸ ਨੂੰ ਘਰ ਭੇਜਿਆ ਕਿ ਇਸ ਪਿੰਡ ਵਿੱਚ ਹੁਣ ਪੈਰ ਵੀ ਨਾ ਰੱਖੀਂ।

27ਤਦ ਯਿਸੂ ਅਤੇ ਉਹ ਦੇ ਚੇਲੇ ਕੈਸਰਿਯਾ ਫ਼ਿਲਿੱਪੀ ਦੇ ਪਿੰਡਾਂ ਵਿੱਚ ਗਏ, ਅਤੇ ਰਾਹ ਵਿੱਚ ਉਹ ਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ, ਲੋਕ ਮੈਨੂੰ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?

28ਉਹਨਾਂ ਉਸ ਨੂੰ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ, ਅਤੇ ਕਈ ਨਬੀਆਂ ਵਿੱਚੋਂ ਕੋਈ।

29ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਤੁਸੀਂ ਮਸੀਹ ਹੋ!

30ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਆਖਿਆ ਜੋ ਮੇਰੇ ਵਿਖੇ ਕਿਸੇ ਨੂੰ ਨਾ ਦੱਸੋ!

31ਫੇਰ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ ਅਤੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਤੁੱਛ ਸਮਝ ਕੇ ਜਾਨੋਂ ਮਾਰਿਆ ਜਾਏ ਅਤੇ ਤਿੰਨਾਂ ਦਿਨਾਂ ਪਿੱਛੋਂ ਫ਼ੇਰ ਜੀ ਉੱਠੇ।

32ਅਤੇ ਉਹ ਨੇ ਇਹ ਗੱਲ ਖੋਲ੍ਹ ਕੇ ਕਹਿ ਦਿੱਤੀ। ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ।

33ਪਰ ਉਹ ਨੇ ਮੂੰਹ ਫੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ, ਹੇ ਸ਼ੈਤਾਨ ਮੇਰੇ ਕੋਲੋਂ ਦੂਰ ਹੋ ਜਾ! ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ।

34ਤਦ ਪ੍ਰਭੂ ਯਿਸੂ ਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

35ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਖੁਸ਼ਖਬਰੀ ਦੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।

36ਭਾਵੇਂ ਮਨੁੱਖ ਸਾਰੇ ਸੰਸਾਰ ਨੂੰ ਕਮਾ ਲਵੇ, ਅਤੇ ਆਪਣੀ ਹੀ ਜਾਨ ਨੂੰ ਗੁਆ ਲਵੇ ਤਾਂ ਉਸ ਨੂੰ ਕੀ ਲਾਭ ਹੋਵੇਗਾ?

37ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?

38ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath