ਮੀਕਾਹ 6
1ਸੁਣੋ ਕਿ ਹੁਣ ਯਹੋਵਾਹ ਕੀ ਆਖਦਾ ਹੈ, ਉੱਠ, ਪਹਾੜਾਂ ਦੇ ਅੱਗੇ ਮੁਕੱਦਮਾ ਲੜ, ਅਤੇ ਟਿੱਲੇ ਤੇਰੀ ਅਵਾਜ਼ ਸੁਣਨ!
2ਹੇ ਪਰਬਤੋਂ, ਯਹੋਵਾਹ ਦਾ ਮੁਕੱਦਮਾ ਸੁਣੋ, ਤੁਸੀਂ ਵੀ, ਹੇ ਧਰਤੀ ਦੀਓ ਅਟੱਲ ਨੀਂਹੋ! ਕਿਉਂ ਜੋ ਯਹੋਵਾਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ, ਅਤੇ ਉਹ ਇਸਰਾਏਲ ਨਾਲ ਝਗੜੇਗਾ।
3ਹੇ ਮੇਰੀ ਪਰਜਾ, ਮੈਂ ਤੇਰਾ ਕੀ ਵਿਗਾੜਿਆ ਹੈ? ਮੈਂ ਕਿਵੇਂ ਤੈਨੂੰ ਥਕਾ ਦਿੱਤਾ ਹੈ? ਮੈਨੂੰ ਉੱਤਰ ਦੇ!
4ਮੈਂ ਤਾਂ ਤੈਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਅਤੇ ਤੈਨੂੰ ਗੁਲਾਮੀ ਦੇ ਘਰ ਤੋਂ ਛੁਡਾ ਲਿਆ, ਮੈਂ ਤੇਰੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ।
5ਹੇ ਮੇਰੀ ਪਰਜਾ, ਯਾਦ ਕਰ ਕਿ ਮੋਆਬ ਦੇ ਰਾਜੇ ਬਾਲਾਕ ਨੇ ਤੇਰੇ ਵਿਰੁੱਧ ਕੀ ਜੁਗਤੀ ਕੀਤੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਉਹ ਨੂੰ ਕੀ ਉੱਤਰ ਦਿੱਤਾ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੱਕ ਕੀ ਹੋਇਆ, ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮਾਂ ਨੂੰ ਜਾਣੋ!
6ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ, ਅਤੇ ਮਹਾਨ ਪਰਮੇਸ਼ੁਰ ਦੇ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ-ਇੱਕ ਸਾਲ ਦੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ?
7ਭਲਾ, ਯਹੋਵਾਹ ਹਜ਼ਾਰਾਂ ਭੇਡੂਆਂ ਨਾਲ, ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਹਿਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਅਤੇ ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ?
8ਹੇ ਮਨੁੱਖ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਹੈ, ਸਿਰਫ਼ ਇਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?
9ਯਹੋਵਾਹ ਦੀ ਅਵਾਜ਼ ਸ਼ਹਿਰ ਨੂੰ ਪੁਕਾਰਦੀ ਹੈ, ਅਤੇ ਬੁੱਧ ਤੇਰੇ ਨਾਮ ਦਾ ਭੈਅ ਮੰਨੇਗੀ, ਰਾਜ-ਡੰਡੇ ਦੀ ਅਤੇ ਉਹ ਦੀ ਜਿਸ ਨੇ ਉਸ ਨੂੰ ਠਹਿਰਾਇਆ, ਸੁਣੋ!
10ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ? ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪੀ ਹਨ?
11ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਡੰਡੀ, ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?
12ਉਸ ਦੇ ਧਨੀ ਲੋਕ ਅਨ੍ਹੇਰ ਨਾਲ ਭਰੇ ਹੋਏ ਹਨ, ਉਸ ਦੇ ਵਾਸੀ ਝੂਠ ਬੋਲਦੇ ਹਨ, ਅਤੇ ਉਨ੍ਹਾਂ ਦੀ ਜੀਭ ਫ਼ਰੇਬ ਦੀਆਂ ਗੱਲਾਂ ਬਕਦੀ ਹੈ।
13ਇਸ ਲਈ ਮੈਂ ਤੈਨੂੰ ਦੁੱਖਦਾਈ ਜ਼ਖਮਾਂ ਨਾਲ ਮਾਰਿਆ ਹੈ, ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵਿਰਾਨ ਕੀਤਾ ਹੈ।
14ਤੂੰ ਖਾਵੇਂਗਾ ਪਰ ਰੱਜੇਂਗਾ ਨਹੀਂ, ਅਤੇ ਤੇਰੇ ਅੰਦਰ ਭੁੱਖ ਰਹੇਗੀ, ਤੂੰ ਜਮਾਂ ਤਾਂ ਕਰੇਂਗਾ ਪਰ ਬਚਾਵੇਂਗਾ ਨਹੀਂ, ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦੇ ਦਿਆਂਗਾ।
15ਤੂੰ ਬੀਜੇਂਗਾ ਪਰ ਵੱਢੇਂਗਾ ਨਹੀਂ, ਤੂੰ ਜ਼ੈਤੂਨ ਦਾ ਤੇਲ ਕੱਢੇਂਗਾ ਪਰ ਉਸ ਨੂੰ ਮਲੇਂਗਾ ਨਹੀਂ, ਤੂੰ ਅੰਗੂਰ ਮਿੱਧੇਂਗਾ ਪਰ ਦਾਖਰਸ ਨਾ ਪੀਵੇਂਗਾ।
16ਕਿਉਂ ਜੋ ਆਮਰੀ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ ਹਨ, ਨਾਲੇ ਅਹਾਬ ਦੇ ਘਰਾਣੇ ਦੇ ਸਾਰੇ ਕੰਮ, ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ, ਇਸ ਲਈ ਮੈਂ ਤੈਨੂੰ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਵਾਸੀਆਂ ਨੂੰ ਮਖ਼ੌਲ ਦਾ ਕਾਰਨ ਬਣਾਵਾਂਗਾ, ਅਤੇ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath