ਮੱਤੀ ਦੀ ਇੰਜੀਲ 25
1ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ।
2ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ।
3ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ।
4ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ।
5ਅਤੇ ਜਦ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹ ਸਭ ਊਂਘ ਪਈਆਂ ਅਤੇ ਸੌਂ ਗਈਆਂ।
6ਅਤੇ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ!
7ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ।
8ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ।
9ਪਰ ਸਮਝਦਾਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ।
10ਅਤੇ ਜਦ ਉਹ ਮੁੱਲ ਲੈਣ ਗਈਆਂ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ।
11ਅਤੇ ਬਾਅਦ ਵਿੱਚ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਦਰਵਾਜ਼ਾ ਖੋਲ੍ਹ ਦਿਓ!
12ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।
13ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।
14ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਸ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਨੌਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।
15ਅਤੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ, ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।
16ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ।
17ਇਸੇ ਤਰ੍ਹਾਂ ਜਿਸ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਕਮਾ ਲਏ।
18ਪਰ ਜਿਸ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ।
19ਬਹੁਤ ਸਮੇਂ ਬਾਅਦ, ਉਨ੍ਹਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।
20ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ।
21ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।
22ਅਤੇ ਜਿਸ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ। ਵੇਖੋ ਮੈਂ ਦੋ ਤੋੜੇ ਹੋਰ ਵੀ ਕਮਾਏ।
23ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।
24ਫੇਰ ਜਿਸ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ।
25ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਆਪਣਾ ਤੋੜਾ ਵਾਪਸ ਲੈ ਲਵੋ।
26ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਨੌਕਰ! ਕੀ ਤੂੰ ਜਾਣਦਾ ਹੈਂ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ?
27ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਾਹੂਕਾਰਾਂ ਨੂੰ ਦਿੰਦਾ ਤਾਂ ਮੈਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈਂਦਾ।
28ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ।
29ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਉਹ ਵੀ ਲੈ ਲਿਆ ਜਾਵੇਗਾ।
30ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
31ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।
32ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ।
33ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ।
34ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ।
35ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ,
36ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ।
37ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਵੇਖਿਆ ਤੇ ਤੈਨੂੰ ਪਿਲਾਇਆ?
38ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ?
39ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ?
40ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।
41ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ।
42ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ।
43ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ।
44ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ?
45ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ।
46ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath