ਈਸਾਈ
ਪਿੱਛੇ

ਮੱਤੀ ਦੀ ਇੰਜੀਲ 17

1ਯਿਸੂ ਛੇ ਦਿਨਾਂ ਤੋਂ ਬਾਅਦ ਪਤਰਸ, ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ।

2ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ। ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ।

3ਅਤੇ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਦਿਖਾਈ ਦਿੱਤੇ।

4ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਡਾ ਇੱਥੇ ਰਹਿਣਾ ਚੰਗਾ ਹੈ। ਜੇ ਤੂੰ ਚਾਹੇਂ ਤਾਂ ਇੱਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।

5ਉਹ ਬੋਲ ਹੀ ਰਿਹਾ ਸੀ ਕਿ ਵੇਖੋ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ। ਉਹ ਦੀ ਸੁਣੋ!

6ਅਤੇ ਚੇਲੇ ਇਹ ਸੁਣ ਕੇ ਮੂੰਹ ਦੇ ਭਾਰ ਡਿੱਗ ਪਏ ਅਤੇ ਬਹੁਤ ਡਰ ਗਏ।

7ਪਰ ਯਿਸੂ ਨੇ ਨੇੜੇ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ।

8ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਦੇਖਿਆ।

9ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ।

10ਤਦ ਉਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਫੇਰ ਉਪਦੇਸ਼ਕ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?

11ਉਸ ਨੇ ਉੱਤਰ ਦਿੱਤਾ ਕਿ ਸੱਚ-ਮੁੱਚ ਏਲੀਯਾਹ ਠੀਕ ਪਹਿਲਾਂ ਆਉਂਦਾ ਹੈ ਅਤੇ ਸਭ ਕੁਝ ਬਹਾਲ ਕਰੇਗਾ।

12ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ ਅਤੇ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ ਪਰ ਜੋ ਕੁਝ ਉਨ੍ਹਾਂ ਨੇ ਚਾਹਿਆ ਸੋ ਉਸ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਦੇ ਹੱਥੋਂ ਦੁੱਖ ਪਾਵੇਗਾ।

13ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।

14ਜਦ ਉਹ ਭੀੜ ਦੇ ਕੋਲ ਪਹੁੰਚੇ, ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ,

15ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਯਾ ਕਰੋ! ਕਿਉਂ ਜੋ ਉਹ ਮਿਰਗੀ ਦੀ ਬਿਮਾਰੀ ਕਾਰਨ ਬਹੁਤ ਦੁੱਖੀ ਹੈ, ਉਹ ਤਾਂ ਬਹੁਤ ਵਾਰੀ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ।

16ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ।

17ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਹ ਨੂੰ ਇੱਥੇ ਮੇਰੇ ਕੋਲ ਲਿਆਓ।

18ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਤੇ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ।

19ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆ ਕੇ ਆਖਿਆ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ?

20ਉਸ ਨੇ ਉਨ੍ਹਾਂ ਨੂੰ ਕਿਹਾ, ਆਪਣੇ ਥੋੜ੍ਹੇ ਵਿਸ਼ਵਾਸ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਜੋ ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਮੁਸ਼ਕਿਲ ਨਾ ਹੋਵੇਗਾ।

21ਪਰ ਇਹ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ।

22ਜਦ ਉਹ ਗਲੀਲ ਵਿੱਚ ਇਕੱਠੇ ਹੋਏ, ਯਿਸੂ ਨੇ ਉਨ੍ਹਾਂ ਨੂੰ ਕਿਹਾ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ।

23ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਜੀ ਉੱਠੇਗਾ। ਤਦ ਉਹ ਬਹੁਤ ਉਦਾਸ ਹੋਏ।

24ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦੀ ਚੁੰਗੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆ ਕੇ ਕਿਹਾ, ਕੀ ਤੁਹਾਡਾ ਗੁਰੂ ਚੁੰਗੀ ਨਹੀਂ ਦਿੰਦਾ ਹੈ? ਉਹ ਨੇ ਕਿਹਾ, ਹਾਂ ਦਿੰਦਾ ਹੈ।

25ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਸ ਤੋਂ ਕਰ ਜਾਂ ਮਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ?

26ਤਦ ਉਹ ਬੋਲਿਆ, ਪਰਾਇਆਂ ਤੋਂ, ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤਰ ਤਾਂ ਮਾਫ਼ ਹੋਏ।

27ਪਰ ਇਸ ਲਈ ਜੋ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਸਿੱਕਾ ਪਾਏਂਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਵੀਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath