ਈਸਾਈ
ਪਿੱਛੇ

ਮੱਤੀ ਦੀ ਇੰਜੀਲ 13

1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।

2ਅਤੇ ਬਹੁਤ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਗਈ, ਸੋ ਉਹ ਬੇੜੀ ਤੇ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ।

3ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਆਖੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ, ਬੀਜਣ ਨੂੰ ਨਿੱਕਲਿਆ।

4ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀ ਆ ਕੇ ਉਸ ਨੂੰ ਚੁਗ ਲੈ ਗਏ

5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਾਰਨ ਉਹ ਛੇਤੀ ਉੱਗ ਪਿਆ।

6ਪਰ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।

7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ।

8ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।

9ਜਿਸ ਦੇ ਕੰਨ ਹੋਣ ਉਹ ਸੁਣੇ।

10ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?

11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।

12ਕਿਉਂਕਿ ਜਿਸ ਦੇ ਕੋਲ ਹੈ, ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ; ਪਰ ਜਿਸ ਦੇ ਕੋਲ ਨਹੀਂ ਹੈ, ਉਸ ਤੋਂ ਜੋ ਕੁਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।

13ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਸਮਝਦੇ ਹਨ।

14ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ, ਤੁਸੀਂ ਸੁਣੋਗੇ ਪਰ ਸਮਝੋਗੇ ਨਹੀਂ, ਅਤੇ ਤੁਸੀਂ ਵੇਖੋਗੇ ਪਰ ਬੁਝੋਗੇ ਨਹੀਂ,

15ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ।

16ਪਰ ਧੰਨ ਹਨ ਤੁਹਾਡੀਆਂ ਅੱਖਾਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ।

17ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਧਰਮੀ ਚਾਹੁੰਦੇ ਸਨ ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।

18ਹੁਣ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।

19ਹਰ ਕੋਈ ਜਿਹੜਾ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ, ਦੁਸ਼ਟ ਆ ਕੇ ਜੋ ਕੁਝ ਉਸ ਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ।

20ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ।

21ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ।

22ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁਝ ਵੀ ਫਲ ਨਹੀਂ ਦਿੰਦਾ।

23ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ।

24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।

25ਪਰ ਜਦੋਂ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।

26ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿੱਖ ਪਈ।

27ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ?

28ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਨੌਕਰਾਂ ਨੇ ਉਹ ਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਪੁੱਟ ਦੇਈਏ?

29ਪਰ ਉਹ ਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ।

30ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ ਲਵੋ, ਪਰ ਕਣਕ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ।

31ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਰਾਈ ਦੇ ਇੱਕ ਬੀਜ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਆਪਣੇ ਖੇਤ ਵਿੱਚ ਬੀਜਿਆ।

32ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਉੱਗਦਾ ਹੈ ਤਾਂ ਪੋਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਵਰਗਾ ਹੋ ਜਾਂਦਾ ਹੈ, ਕਿ ਅਕਾਸ਼ ਦੇ ਪੰਛੀ ਆ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।

33ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਿੰਨ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰਾ ਹੋ ਗਿਆ।

34ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ, ਅਤੇ ਬਿਨ੍ਹਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਵੀ ਨਹੀਂ ਬੋਲਦਾ ਸੀ।

35ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਜਗਤ ਦੇ ਮੁੱਢੋਂ ਗੁਪਤ ਰਹੀਆਂ ਹਨ।

36ਫਿਰ ਉਹ ਭੀੜ ਨੂੰ ਭੇਜ ਕੇ, ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ।

37ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ।

38ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ।

39ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ, ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗ ਦੂਤ ਹਨ।

40ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ ਉਸੇ ਤਰ੍ਹਾਂ ਇਹ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ।

41ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ।

42ਅਤੇ ਉਨ੍ਹਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।

43ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।

44ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।

45ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ।

46ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲਿਆ।

47ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ।

48ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ।

49ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ। ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ।

50ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।

51ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ? ਉਨ੍ਹਾਂ ਉਸ ਨੂੰ ਆਖਿਆ, ਹਾਂ ਜੀ।

52ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ।

53ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ।

54ਅਤੇ ਆਪਣੇ ਦੇਸ ਵਿੱਚ ਆ ਕੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਅਚਰਜ਼ ਸ਼ਕਤੀ ਕਿੱਥੋਂ ਪ੍ਰਾਪਤ ਹੋਈ?

55ਕੀ, ਇਹ ਤਰਖਾਣ ਦਾ ਪੁੱਤਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ?

56ਅਤੇ ਉਹ ਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ?

57ਇਸ ਤਰ੍ਹਾਂ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ।

58ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਅਚਰਜ਼ ਕੰਮ ਨਹੀਂ ਕੀਤੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath