ਈਸਾਈ
ਪਿੱਛੇ

ਲੂਕਾ ਦੀ ਇੰਜੀਲ 9

1ਤਦ ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਦਾ ਅਧਿਕਾਰ ਦਿੱਤਾ।

2ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਭੇਜਿਆ।

3ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ ਅਤੇ ਨਾ ਦੋ ਕੁੜਤੇ ਰੱਖੋ।

4ਜਿਸ ਘਰ ਵਿੱਚ ਜਾਓ ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਤੁਰੋ।

5ਅਤੇ ਜਿਸ ਨਗਰ ਵਿੱਚ ਤੁਹਾਡਾ ਆਦਰ ਨਾ ਹੋਵੇ, ਉਸ ਨਗਰ ਨੂੰ ਛੱਡਦੇ ਸਮੇਂ ਆਪਣੇ ਪੈਰਾਂ ਦੀ ਮਿੱਟੀ ਵੀ ਉਸ ਨਗਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦਿਓ।

6ਤਦ ਉਹ ਬਾਹਰ ਨਿੱਕਲ ਕੇ ਪਿੰਡ-ਪਿੰਡ ਜਾ ਕੇ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।

7ਸਭ ਕੁਝ ਜੋ ਹੋ ਰਿਹਾ ਸੀ, ਰਾਜਾ ਹੇਰੋਦੇਸ ਉਸ ਬਾਰੇ ਸੁਣ ਕੇ ਪਰੇਸ਼ਾਨੀ ਵਿੱਚ ਪੈ ਗਿਆ ਕਿਉਂਕਿ ਕਈ ਲੋਕ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।

8ਪਰ ਕਈਆਂ ਨੇ ਕਿਹਾ ਜੋ ਏਲੀਯਾਹ ਪਰਗਟ ਹੋਇਆ ਅਤੇ ਕਈ ਆਖਦੇ ਸਨ ਜੋ ਪਹਿਲਿਆਂ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।

9ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਤਾਂ ਮੈਂ ਵਢਾ ਦਿੱਤਾ ਸੀ, ਪਰ ਇਹ ਕੌਣ ਹੈ ਜਿਸ ਦੇ ਬਾਰੇ ਵਿੱਚ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ? ਤਦ ਉਸ ਨੇ ਉਸ ਨੂੰ ਵੇਖਣ ਦਾ ਮਨ ਬਣਾਇਆ।

10ਰਸੂਲਾਂ ਨੇ ਵਾਪਸ ਆ ਕੇ ਜੋ ਕੁਝ ਉਨ੍ਹਾਂ ਕੀਤਾ ਸੀ ਸੋ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਬੇਤਸੈਦਾ ਨਗਰ ਵਿੱਚ ਅਲੱਗ ਲੈ ਗਿਆ।

11ਪਰ ਲੋਕ ਇਹ ਜਾਣ ਕੇ ਉਸ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਜੋ ਬਿਮਾਰ ਸਨ ਉਨ੍ਹਾਂ ਨੂੰ ਚੰਗੇ ਕੀਤਾ।

12ਜਦ ਦਿਨ ਢੱਲ਼ਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਸ ਨੂੰ ਆਖਿਆ ਕਿ ਭੀੜ ਨੂੰ ਵਿਦਾ ਕਰ ਜੋ ਉਹ ਆਲੇ-ਦੁਆਲੇ ਦਿਆਂ ਪਿੰਡਾਂ ਅਤੇ ਰਹਿਣ ਬਸੇਰਿਆਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ ਕਿਉਂ ਜੋ ਅਸੀਂ ਐਥੇ ਉਜਾੜ ਥਾਂ ਵਿੱਚ ਹਾਂ।

13ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ। ਉਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਹੈ। ਇਹ ਹੋ ਸਕਦਾ ਜੋ ਅਸੀਂ ਜਾ ਕੇ ਇਨ੍ਹਾਂ ਸਭ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ। ਕਿਉਂਕਿ ਉਹ ਪੰਜ ਕੁ ਹਜ਼ਾਰ ਮਰਦ ਸਨ।

14ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਜੋ ਉਨ੍ਹਾਂ ਨੂੰ ਪੰਜਾਹਾਂ-ਪੰਜਾਹਾਂ ਦੀ ਟੋਲੀ ਕਰ ਕੇ ਬਿਠਾ ਦਿਓ।

15ਤਾਂ ਉਨ੍ਹਾਂ ਉਸ ਤਰੀਕੇ ਨਾਲ ਸਭ ਨੂੰ ਬਿਠਾ ਦਿੱਤਾ।

16ਉਸ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲਿਆ ਅਤੇ ਉਤਾਂਹ ਸਵਰਗ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਮੰਗੀ ਅਤੇ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਜੋ ਲੋਕਾਂ ਅੱਗੇ ਰੱਖਣ।

17ਜਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦਿਆਂ ਬਚਿਆਂ ਹੋਇਆਂ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰ ਕੇ ਚੁੱਕੀਆਂ ਗਈਆਂ।

18ਫੇਰ ਇਸ ਪ੍ਰਕਾਰ ਹੋਇਆ ਕਿ ਜਦ ਯਿਸੂ ਇਕਾਂਤ ਵਿੱਚ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕਰਦਾ ਸੀ। ਉਸ ਨੇ ਇਹ ਗੱਲ ਉਹਨਾਂ ਤੋਂ ਪੁੱਛੀ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?

19ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕੁਝ ਲੋਕ ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ ਅਤੇ ਕਈ ਪਹਿਲਿਆਂ ਨਬੀਆਂ ਵਿੱਚੋਂ ਜ਼ਿੰਦਾ ਹੋਇਆ ਨਬੀ।

20ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੇ ਮਸੀਹ!

21ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਕਿਸੇ ਨੂੰ ਨਾ ਦੱਸਿਓ!

22ਤਦ ਯਿਸੂ ਨੇ ਉਹਨਾਂ ਨੂੰ ਆਖਿਆ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੀ ਉੱਠੇ।

23ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

24ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।

25ਆਦਮੀ ਨੂੰ ਕੀ ਲਾਭ ਹੈ ਜੇ ਸਾਰਾ ਸੰਸਾਰ ਕਮਾਵੇ ਪਰ ਆਪਣੀ ਜਾਨ ਦਾ ਨਾਸ ਕਰੇ ਜਾਂ ਆਪ ਨੂੰ ਗੁਆਵੇ?

26ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾl

27ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ।

28ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਜੋ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ੍ਹਿਆ।

29ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ।

30ਅਤੇ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ।

31ਉਹ ਮਹਿਮਾ ਨਾਲ ਭਰਪੂਰ ਸਨ ਅਤੇ ਉਸ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਸ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ।

32ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ।

33ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।

34ਉਹ ਇਹ ਗੱਲ ਕਰ ਹੀ ਰਿਹਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਹ ਬੱਦਲ ਵਿੱਚ ਵੜਦੇ ਹੀ ਡਰ ਗਏ।

35ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਉਹ ਦੀ ਸੁਣੋ।

36ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।

37ਅਗਲੇ ਦਿਨ ਇਹ ਹੋਇਆ ਕਿ ਜਦ ਉਹ ਪਹਾੜੋਂ ਉਤਰੇ ਤਾਂ ਵੱਡੀ ਭੀੜ ਉਨ੍ਹਾਂ ਨੂੰ ਆ ਮਿਲੀ।

38ਅਤੇ ਵੇਖੋ ਭੀੜ ਵਿੱਚੋਂ ਇੱਕ ਆਦਮੀ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਗੁਰੂ ਜੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਕਿਉਂਕਿ ਉਹ ਮੇਰਾ ਇੱਕਲੌਤਾ ਹੈ।

39ਅਤੇ ਵੇਖੋ ਕਿ ਇੱਕ ਦੁਸ਼ਟ ਆਤਮਾ ਉਸ ਨੂੰ ਫੜ੍ਹਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਜਾਂਦਾ ਹੈ, ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਸ ਦੇ ਮੂੰਹ ਵਿੱਚੋਂ ਝੱਗ ਆ ਜਾਂਦੀ ਅਤੇ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਹੈ।

40ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ।

41ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਮੇਰੇ ਕੋਲ ਲਿਆ।

42ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਸ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਹ ਦੇ ਪਿਤਾ ਨੂੰ ਸੌਂਪ ਦਿੱਤਾ।

43ਅਤੇ ਸਭ ਪਰਮੇਸ਼ੁਰ ਦੀ ਵੱਡੀ ਸਮਰੱਥ ਤੋਂ ਹੈਰਾਨ ਹੋਏ ਅਤੇ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ਼ ਮੰਨਦੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,

44ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਲਓ ਕਿਉਂ ਜੋ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜ੍ਹਵਾਇਆ ਜਾਵੇਗਾ।

45ਪਰ ਉਨ੍ਹਾਂ ਇਸ ਗੱਲ ਨੂੰ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਛੁਪੀ ਰਹੀ ਜੋ ਇਸ ਨੂੰ ਜਾਣ ਨਾ ਸਕਣ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।

46ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕੌਣ ਹੈ?

47ਪਰ ਯਿਸੂ ਨੇ ਉਨ੍ਹਾਂ ਦੇ ਮਨਾਂ ਦੀ ਸੋਚ ਜਾਣ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕੀਤਾ।

48ਅਤੇ ਉਨ੍ਹਾਂ ਨੂੰ ਆਖਿਆ ਕਿ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਸਵੀਕਾਰ ਕਰੇ ਸੋ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰੇ ਸੋ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਸਵੀਕਾਰ ਕਰਦਾ ਹੈ ਕਿਉਂਕਿ ਜੋ ਕੋਈ ਤੁਹਾਡੇ ਸਭਨਾਂ ਵਿੱਚੋਂ ਦੂਜਿਆਂ ਨਾਲੋਂ ਛੋਟਾ ਹੈ, ਉਹ ਹੀ ਵੱਡਾ ਹੈ।

49ਯੂਹੰਨਾ ਨੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਵਿੱਚ ਭੂਤ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ।

50ਪਰ ਯਿਸੂ ਨੇ ਉਸ ਨੂੰ ਆਖਿਆ, ਕਿ ਉਸ ਨੂੰ ਨਾ ਰੋਕੋ ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਨਾਲ ਹੈ।

51ਇਹ ਹੋਇਆ ਕਿ ਜਦ ਉਸ ਦੇ ਸਵਰਗ ਉੱਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਪੂਰਾ ਮਨ ਬਣਾਇਆ।

52ਅਤੇ ਆਪਣੇ ਅੱਗੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੁਰ ਦੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਪਹੁੰਚੇ ਤਾਂ ਜੋ ਉਸ ਦੇ ਲਈ ਤਿਆਰੀ ਕਰਨ।

53ਪਰ ਉਨ੍ਹਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ।

54ਅਤੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ ਜੇਕਰ ਤੇਰੀ ਮਰਜ਼ੀ ਹੈ ਤਾਂ ਕਿ ਅਸੀਂ ਹੁਕਮ ਕਰੀਏ ਜੋ ਅਕਾਸ਼ ਤੋਂ ਅੱਗ ਬਰਸੇ ਅਤੇ ਇਨ੍ਹਾਂ ਦਾ ਨਾਸ ਕਰੇ?

55ਪਰ ਉਸ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ।

56ਅਤੇ ਉਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ।

57ਜਦ ਉਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਕਿਸੇ ਨੇ ਉਸ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ।

58ਯਿਸੂ ਨੇ ਉਸ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਨੂੰ ਵੀ ਥਾਂ ਨਹੀਂ।

59ਉਸ ਨੇ ਹੋਰ ਦੂਸਰੇ ਨੂੰ ਆਖਿਆ ਕਿ ਮੇਰੇ ਮਗਰ ਚੱਲਿਆ ਆ ਪਰ ਉਸ ਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ।

60ਉਸ ਨੇ ਉਸ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰ।

61ਅਤੇ ਇੱਕ ਹੋਰ ਨੇ ਆਖਿਆ, ਪ੍ਰਭੂ ਜੀ, ਮੈਂ ਤੁਹਾਡੇ ਪਿਛੇ ਚੱਲਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਾ ਹੋ ਆਵਾਂ।

62ਪਰ ਯਿਸੂ ਨੇ ਉਸ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਨਹੀਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath