ਲੂਕਾ ਦੀ ਇੰਜੀਲ 8
1ਕੁਝ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ।
2ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ। ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ।
3ਅਤੇ ਯੋਆਨਾ ਜੋ ਹੇਰੋਦੇਸ ਦੇ ਦਰਬਾਰੀ ਖੂਜ਼ਾਹ ਦੀ ਪਤਨੀ ਅਤੇ ਸੁਸੰਨਾ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਸਨ ਜੋ ਆਪਣੀ ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।
4ਜਦ ਵੱਡੀ ਭੀੜ ਇਕੱਠੀ ਸੀ ਅਤੇ ਨਗਰਾਂ ਦੇ ਲੋਕ ਉਸ ਦੇ ਕੋਲ ਆਉਂਦੇ ਸਨ, ਤਾਂ ਉਸ ਨੇ ਦ੍ਰਿਸ਼ਟਾਂਤ ਨਾਲ ਆਖਿਆ
5ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ।
6ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ।
7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ।
8ਅਤੇ ਕੁਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ। ਉਹ ਇਹ ਗੱਲਾਂ ਕਹਿ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ!
9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?
10ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ।
11ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ।
12ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ।
13ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ।
14ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ।
15ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।
16ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਟੋਰੇ ਜਾਂ ਮੰਜੇ ਦੇ ਹੇਠ ਨਹੀਂ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ।
17ਕੁਝ ਛੁੱਪਿਆ ਨਹੀਂ ਜੋ ਪਰਗਟ ਨਾ ਹੋਵੇਗਾ ਅਤੇ ਕੁਝ ਗੁਪਤ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।
18ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ।
19ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ।
20ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ।
21ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ।
22ਫਿਰ ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ੍ਹ ਦਿੱਤੀ।
23ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ।
24ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ! ਅਸੀਂ ਤਾਂ ਮਰ ਚੱਲੇ ਹਾਂ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ।
25ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?।
26ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ।
27ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ।
28ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ!
29ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਵਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।
30ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ।
31ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ!
32ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ।
33ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ।
34ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ।
35ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ।
36ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ।
37ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ। ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ।
38ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ
39ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ। ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ।
40ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ।
41ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ।
42ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ।
43ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ।
44ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ।
45ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ।
46ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।
47ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ।
48ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ।
49ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ।
50ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ।
51ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ।
52ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।
53ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ।
54ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ!
55ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।
56ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath