ਈਸਾਈ
ਪਿੱਛੇ

ਲੂਕਾ ਦੀ ਇੰਜੀਲ 6

1ਇੱਕ ਸਬਤ ਦੇ ਦਿਨ ਇਹ ਹੋਇਆ ਜਦੋਂ ਉਹ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ, ਅਤੇ ਉਸ ਦੇ ਚੇਲੇ ਸਿੱਟੇ ਤੋੜ ਕੇ ਖਾਂਦੇ ਜਾਂਦੇ ਸਨ।

2ਤਦ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ?

3ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ?

4ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ, ਜਿਨ੍ਹਾਂ ਦਾ ਖਾਣਾ ਜਾਜਕਾਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?

5ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।

6ਇੱਕ ਹੋਰ ਸਬਤ ਦੇ ਦਿਨ ਅਜਿਹਾ ਹੋਇਆ ਕਿ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ, ਉੱਥੇ ਇੱਕ ਮਨੁੱਖ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ।

7ਉਪਦੇਸ਼ਕ ਅਤੇ ਫ਼ਰੀਸੀ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ ਕਿ ਭਲਾ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ? ਇਸ ਲਈ ਜੋ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਮੌਕਾ ਮਿਲੇ।

8ਤਦ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ ਅਤੇ ਸਾਹਮਣੇ ਆ ਕੇ ਖੜ੍ਹਾ ਹੋ ਜਾ ਅਤੇ ਉਹ ਉੱਠ ਖੜ੍ਹਾ ਹੋਇਆ।

9ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ? ਜਾਨ ਬਚਾਉਣੀ ਜਾਂ ਨਾਸ ਕਰਨੀ?।

10ਤਦ ਯਿਸੂ ਨੇ ਉਨ੍ਹਾਂ ਸਭਨਾਂ ਵੱਲ ਚਾਰੋਂ ਪਾਸੇ ਵੇਖ ਕੇ ਆਖਿਆ, “ਆਪਣਾ ਹੱਥ ਵਧਾ”। ਤਦ ਉਸ ਨੇ ਆਪਣਾ ਹੱਥ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ।

11ਪਰ ਉਹ ਗੁੱਸੇ ਨਾਲ ਭਰ ਗਏ ਅਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਅਸੀਂ ਯਿਸੂ ਨਾਲ ਕੀ ਕਰੀਏ?।

12ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਤੇ ਪਰਮੇਸ਼ੁਰ ਅੱਗੇ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ।

13ਅਤੇ ਜਦ ਦਿਨ ਚੜ੍ਹਿਆ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਨੂੰ ਰਸੂਲ ਕਹਿ ਕੇ ਸੱਦਿਆ ਅਰਥਾਤ

14ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਵੀ ਰੱਖਿਆ ਅਤੇ ਉਸ ਦਾ ਭਰਾ ਅੰਦ੍ਰਿਯਾਸ ਅਤੇ ਯਾਕੂਬ ਅਤੇ ਯੂਹੰਨਾ ਅਤੇ ਫ਼ਿਲਿਪੁੱਸ ਅਤੇ ਬਰਥੁਲਮਈ

15ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਈ ਦਾ ਪੁੱਤਰ ਯਾਕੂਬ ਅਤੇ ਸ਼ਮਊਨ ਜਿਹੜਾ ਜ਼ੇਲੋਤੇਸ ਅਖਵਾਉਂਦਾ ਹੈ

16ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ ਜਿਹੜਾ ਉਸ ਦਾ ਫੜਵਾਉਣ ਵਾਲਾ ਵੀ ਸੀ।

17ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਥਾਂ ਖੜ੍ਹਾ ਹੋਇਆ, ਉਸ ਦੇ ਨਾਲ ਚੇਲਿਆਂ ਦੀ ਵੱਡੀ ਮੰਡਲੀ ਅਤੇ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਸ ਦੀ ਸੁਣਨ ਲਈ ਅਤੇ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ।

18ਅਤੇ ਜਿਹੜੇ ਅਸ਼ੁੱਧ ਆਤਮਾਵਾਂ ਤੋਂ ਦੁੱਖੀ ਸਨ ਉਹ ਚੰਗੇ ਕੀਤੇ ਗਏ।

19ਅਤੇ ਸਾਰੇ ਲੋਕ ਉਸ ਨੂੰ ਛੂਹਣਾ ਚਾਹੁੰਦੇ ਸਨ ਇਸ ਲਈ ਜੋ ਸਮਰੱਥਾ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।

20ਤਦ ਉਸ ਨੇ ਆਪਣਿਆਂ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ, ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਸਵਰਗ ਰਾਜ ਤੁਹਾਡਾ ਹੈ।

21ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਤੁਸੀਂ ਰਜਾਏ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ।

22ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਤੁਹਾਨੂੰ ਛੱਡ ਦੇਣਗੇ, ਮੰਦਾ ਆਖਣਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ।

23ਉਸ ਦਿਨ ਅਨੰਦ ਮਨਾਉਣਾ ਤੇ ਖੁਸ਼ੀ ਨਾਲ ਉੱਛਲਣਾ ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ।

24ਪਰ ਹਾਏ ਤੁਹਾਡੇ ਉੱਤੇ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ।

25ਹਾਏ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ। ਹਾਏ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।

26ਹਾਏ ਤੁਹਾਡੇ ਉੱਤੇ ਜਦ ਸਭ ਲੋਕ ਤੁਹਾਡੀ ਪ੍ਰਸੰਸਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ।

27ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ।

28ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਬਰਕਤ ਦਿਉ। ਜੋ ਤੁਹਾਡੇ ਨਾਲ ਈਰਖਾ ਰੱਖਣ, ਉਨ੍ਹਾਂ ਲਈ ਪ੍ਰਾਰਥਨਾ ਕਰੋ।

29ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜੋ ਤੇਰੀ ਚਾਦਰ ਖੋਹ ਲਵੇ ਤਾਂ ਉਸ ਨੂੰ ਕੁੜਤਾ ਲੈਣ ਤੋਂ ਵੀ ਮਨ੍ਹਾ ਨਾ ਕਰ।

30ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦਿਹ ਅਤੇ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ।

31ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰੋ।

32ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡੀ ਕੀ ਵਡਿਆਈ, ਕਿਉਂ ਜੋ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ?

33ਅਤੇ ਜੇਕਰ ਤੁਸੀਂ ਸਿਰਫ਼ ਉਹਨਾਂ ਦਾ ਹੀ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡੀ ਕੀ ਵਡਿਆਈ ਹੈ ਕਿਉਂ ਜੋ ਪਾਪੀ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ?

34ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿੰਦੇ ਹੋ ਜਿਨ੍ਹਾਂ ਕੋਲੋਂ ਲੈਣ ਦੀ ਆਸ ਹੋਵੇ ਤਾਂ ਤੁਹਾਡੀ ਕੀ ਭਲਿਆਈ ਹੈ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਕਿ ਮੁੜ ਕੇ ਉਨ੍ਹਾਂ ਤੋਂ ਉਹਨਾਂ ਹੀ ਵਾਪਸ ਲੈ ਲੈਣ।

35ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ਼ ਨਾ ਹੋ ਕੇ ਉਧਾਰ ਦੇਵੋ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ।

36ਦਿਆਲੂ ਬਣੋ ਜਿਵੇਂ ਕਿ ਤੁਹਾਡਾ ਪਿਤਾ ਦਿਆਲੂ ਹੈ।

37ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ। ਮਾਫ਼ ਕਰੋ ਤਾਂ ਤੁਸੀਂ ਮਾਫ਼ ਕੀਤੇ ਜਾਓਗੇ।

38ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਹਿਲਾ-ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।

39ਤਦ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ, ਕੀ ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸਕਦਾ ਹੈ? ਕੀ ਉਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ?

40ਚੇਲਾ ਗੁਰੂ ਨਾਲੋਂ ਵੱਡਾ ਨਹੀਂ ਪਰ ਜੋ ਕੋਈ ਸਿੱਧ ਹੋਵੇਗਾ, ਉਹ ਆਪਣੇ ਗੁਰੂ ਵਰਗਾ ਹੋਵੇਗਾ।

41ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ, ਉਸ ਵੱਲ ਧਿਆਨ ਨਹੀਂ ਦਿੰਦਾ?

42ਤੂੰ ਕਿਵੇਂ ਆਪਣੇ ਭਰਾ ਨੂੰ ਆਖ ਸਕਦਾ ਹੈਂ, ਕਿ ਲਿਆ! ਉਸ ਕੱਖ ਨੂੰ ਜੋ ਤੇਰੀ ਅੱਖ ਵਿੱਚ ਹੈ ਕੱਢ ਦਿਆਂ? ਪਰ ਤੂੰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ। ਹੇ ਕਪਟੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਚੰਗੀ ਤਰ੍ਹਾਂ ਵੇਖ ਕੇ ਤੂੰ ਉਸ ਕੱਖ ਨੂੰ ਜੋ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ।

43ਕੋਈ ਚੰਗਾ ਰੁੱਖ ਨਹੀਂ ਹੈ ਜਿਹੜਾ ਮਾੜਾ ਫਲ ਦੇਵੇ ਅਤੇ ਫੇਰ ਕੋਈ ਮਾੜਾ ਰੁੱਖ ਨਹੀਂ ਹੈ ਜਿਹੜਾ ਚੰਗਾ ਫਲ ਦੇਵੇ।

44ਹਰੇਕ ਰੁੱਖ ਆਪਣੇ ਫਲਾਂ ਤੋਂ ਪਛਾਣਿਆਂ ਜਾਂਦਾ ਹੈ। ਕਿਉਂ ਜੋ ਲੋਕ ਕੰਡਿਆਲੀਆਂ ਤੋਂ ਹੰਜ਼ੀਰ ਨਹੀਂ ਤੋੜਦੇ, ਅਤੇ ਨਾ ਹੀ ਝਾੜੀਆਂ ਤੋਂ ਦਾਖ ਤੋੜਦੇ ਹਨ।

45ਭਲਾ ਮਨੁੱਖ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਸ ਦੇ ਮੂੰਹ ਉੱਤੇ ਉਹੋ ਆਉਂਦਾ ਹੈ।

46ਤੁਸੀਂ ਮੈਨੂੰ “ਪ੍ਰਭੂ, ਪ੍ਰਭੂ” ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ?

47ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਵਰਗਾ ਹੈ।

48ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਧਰਤੀ ਡੂੰਘੀ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ ਅਤੇ ਜਦ ਹੜ੍ਹ ਆਇਆ ਤਾਂ ਲਹਿਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਸ ਨੂੰ ਹਿਲਾ ਨਾ ਸਕੀ ਇਸ ਲਈ ਜੋ ਉਹ ਚੰਗੀ ਤਰ੍ਹਾਂ ਬਣਾਇਆ ਹੋਇਆ ਸੀ।

49ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ, ਜਿਸ ਨੇ ਨੀਂਹ ਬਿਨ੍ਹਾਂ ਧਰਤੀ ਉੱਤੇ ਘਰ ਬਣਾਇਆ ਜਿਸ ਉੱਤੇ ਲਹਿਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਤੇ ਉਸ ਘਰ ਦਾ ਸੱਤਿਆਨਾਸ ਹੋ ਗਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath