ਲੂਕਾ ਦੀ ਇੰਜੀਲ 4
1ਤਦ ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਯਰਦਨ ਨਦੀ ਤੋਂ ਮੁੜਿਆ ਅਤੇ ਆਤਮਾ ਦੀ ਅਗਵਾਈ ਨਾਲ
2ਚਾਲ੍ਹੀ ਦਿਨਾਂ ਤੱਕ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਸ ਨੂੰ ਪਰਤਾਉਂਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਸ ਨੇ ਵਰਤ ਰੱਖਿਆ ਅਤੇ ਜਦ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ।
3ਤਦ ਸ਼ੈਤਾਨ ਨੇ ਉਸ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਏ।
4ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ।
5ਤਾਂ ਸ਼ੈਤਾਨ ਉਸ ਨੂੰ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਉਸ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪੱਲ ਵਿੱਚ ਵਿਖਾ ਕੇ,
6ਉਸ ਨੂੰ ਆਖਿਆ, ਮੈਂ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦਾ ਪ੍ਰਤਾਪ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਤੇ ਜਿਸ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹਾਂ।
7ਇਸ ਲਈ ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋਵੇਗਾ।
8ਯਿਸੂ ਨੇ ਉਸ ਨੂੰ ਉੱਤਰ ਦਿੱਤਾ ਇਹ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਬੰਦਗੀ ਕਰ ਅਤੇ ਉਸ ਇਕੱਲੇ ਦੀ ਸੇਵਾ ਹੀ ਕਰ।
9ਤਦ ਸ਼ੈਤਾਨ ਨੇ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਸ਼ਿਖਰ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦੇ”।
10ਕਿਉਂਕਿ ਇਹ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਖਿਆ ਕਰਨ,
11ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।
12ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਵੀ ਆਖਿਆ ਗਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈ।
13ਜਦੋਂ ਸ਼ੈਤਾਨ ਉਸ ਨੂੰ ਪਰਖ ਚੁੱਕਿਆ ਤਾਂ ਕੁਝ ਸਮੇਂ ਤੱਕ ਉਸ ਕੋਲੋਂ ਦੂਰ ਰਿਹਾ।
14ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਮੁੜਿਆ ਅਤੇ ਉਹ ਸਾਰੇ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ।
15ਅਤੇ ਉਹ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ।
16ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਉਸਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਨੇਮ ਅਨੁਸਾਰ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਪੜ੍ਹਨ ਲਈ ਖੜ੍ਹਾ ਹੋਇਆ।
17ਅਤੇ ਯਸਾਯਾਹ ਨਬੀ ਦੀ ਪੁਸਤਕ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਸ ਪਾਠ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ -
18ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਇਸ ਲਈ ਭੇਜਿਆ ਹੈ ਕਿ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ ਅਤੇ ਦੱਬੇ-ਕੁਚਲੇ ਹੋਇਆਂ ਨੂੰ ਛੁਡਾਵਾਂ।
19ਅਤੇ ਪ੍ਰਭੂ ਦੇ ਮਨਭਾਉਂਦੇ ਸਾਲ ਦਾ ਪਰਚਾਰ ਕਰਾਂ।
20ਉਸ ਨੇ ਪੁਸਤਕ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਪ੍ਰਾਰਥਨਾ ਘਰ ਵਿੱਚ ਹਾਜ਼ਰ ਲੋਕਾਂ ਦੀਆਂ ਅੱਖਾਂ ਉਸ ਤੇ ਲੱਗੀਆਂ ਹੋਈਆਂ ਸਨ।
21ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਤ ਅੱਜ ਤੁਹਾਡੇ ਸਾਹਮਣੇ ਪੂਰੀ ਹੋਈ ਹੈ।
22ਅਤੇ ਸਭ ਲੋਕਾਂ ਨੇ ਉਸ ਬਾਰੇ ਗਵਾਹੀ ਦਿੱਤੀ ਅਤੇ ਕਿਰਪਾ ਦੀਆਂ ਉਹਨਾਂ ਗੱਲਾਂ ਤੋਂ ਜੋ ਉਸ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਆਖਿਆ, ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?
23ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੈਨੂੰ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਹੈ ਐਥੇ ਆਪਣੇ ਦੇਸ ਵਿੱਚ ਵੀ ਕਰ।
24ਉਸ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਨਬੀ ਆਪਣੇ ਦੇਸ ਵਿੱਚ ਆਦਰ ਨਹੀਂ ਪਾਉਂਦਾ।
25ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ ਅਤੇ ਸਾਰੇ ਦੇਸ ਵਿੱਚ ਵੱਡਾ ਅਕਾਲ ਪਿਆ, ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ।
26ਪਰ ਏਲੀਯਾਹ ਸੈਦਾ ਦੇਸ ਦੇ ਸਾਰਪਥ ਦੀ ਇੱਕ ਵਿਧਵਾ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ।
27ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਸੀਰੀਯਾ ਦਾ, ਸਿਰਫ਼ ਨਾਮਾਨ ਹੀ ਸ਼ੁੱਧ ਕੀਤਾ ਗਿਆ।
28ਸੋ ਜਿਹੜੇ ਪ੍ਰਾਰਥਨਾ ਘਰ ਵਿੱਚ ਸਨ, ਇਹ ਗੱਲਾਂ ਸੁਣਦੇ ਹੀ ਕ੍ਰੋਧ ਨਾਲ ਭਰ ਗਏ।
29ਅਤੇ ਉਹਨਾਂ ਨੇ ਉੱਠ ਕੇ ਉਸ ਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ, ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਬਣਿਆ ਹੋਇਆ ਸੀ ਲੈ ਗਏ ਤਾਂ ਜੋ ਉਸ ਨੂੰ ਸਿਰ ਪਰਨੇ ਸੁੱਟ ਦੇਣ।
30ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਆਪਣੇ ਰਸਤੇ ਚੱਲਿਆ ਗਿਆ।
31ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਸਭਾ ਘਰ ਵਿੱਚ ਉਪਦੇਸ਼ ਦੇਣ ਲੱਗਾ।
32ਉਹ ਉਸ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋਏ ਕਿਉਂ ਜੋ ਉਹ ਅਧਿਕਾਰ ਨਾਲ ਬਚਨ ਬੋਲਦਾ ਸੀ।
33ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ,
34ਹੇ ਯਿਸੂ ਨਾਸਰੀ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰਖ ਹੈਂ।
35ਤਦ ਯਿਸੂ ਨੇ ਉਸ ਨੂੰ ਝਿੱੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ! ਤਦ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨ੍ਹਾਂ ਸੱਟ ਲਾਏ ਉਸ ਵਿੱਚੋਂ ਨਿੱਕਲ ਗਿਆ।
36ਉਹ ਹੈਰਾਨ ਹੋ ਕੇ ਇੱਕ ਦੂਜੇ ਨੂੰ ਆਖਣ ਲੱਗੇ ਜੋ ਇਹ ਕੀ ਗੱਲ ਹੈ? ਕਿਉਂਕਿ ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿੱਕਲ ਜਾਂਦੇ ਹਨ।
37ਅਤੇ ਉਸ ਇਲਾਕੇ ਦੇ ਸਭ ਥਾਵਾਂ ਵਿੱਚ ਉਸ ਦੀ ਚਰਚਾ ਫੈਲ ਗਈ।
38ਫੇਰ ਉਹ ਪ੍ਰਾਰਥਨਾ ਘਰ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਯਿਸੂ ਦੇ ਅੱਗੇ ਉਸ ਦੇ ਲਈ ਬੇਨਤੀ ਕੀਤੀ।
39ਤਦ ਯਿਸੂ ਨੇ ਬੁਖ਼ਾਰ ਨੂੰ ਝਿੱੜਕਿਆ ਅਤੇ ਬੁਖ਼ਾਰ ਉਤਰ ਗਿਆ ਤਦ ਉਸ ਨੇ ਉੱਠ ਕੇ ਉਨ੍ਹਾਂ ਦੀ ਸੇਵਾ ਕੀਤੀ।
40ਫਿਰ ਸ਼ਾਮ ਦੇ ਸਮੇਂ ਲੋਕ ਬਿਮਾਰਾਂ ਨੂੰ ਉਸ ਦੇ ਕੋਲ ਲਿਆਏ। ਉਸ ਨੇ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।
41ਅਤੇ ਬਹੁਤਿਆਂ ਵਿੱਚੋਂ ਭੂਤਾਂ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਗਈਆਂ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਉਹ ਪਛਾਣਦੇ ਸਨ ਜੋ ਇਹ ਮਸੀਹ ਹੈ।
42ਅਗਲੇ ਦਿਨ ਸਵੇਰ ਦੇ ਸਮੇਂ ਉਹ ਨਿੱਕਲ ਕੇ ਇੱਕ ਉਜਾੜ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਲੱਭਦੀਆਂ-ਲੱਭਦੀਆਂ ਉਸ ਕੋਲ ਆਈਆਂ ਅਤੇ ਰੁਕਣ ਲਈ ਬੇਨਤੀ ਕੀਤੀ।
43ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਮੇਰੇ ਲਈ ਜ਼ਰੂਰੀ ਹੈ ਜੋ ਹੋਰ ਸ਼ਹਿਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਾਂ। ਕਿਉਂਕਿ ਮੈਂ ਇਸ ਲਈ ਹੀ ਭੇਜਿਆ ਗਿਆ ਹਾਂ।
44ਤਦ ਉਹ ਗਲੀਲ ਦੇ ਪ੍ਰਾਰਥਨਾ ਘਰਾਂ ਵਿੱਚ ਪਰਚਾਰ ਕਰਦਾ ਰਿਹਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath