ਈਸਾਈ
ਪਿੱਛੇ

ਲੂਕਾ ਦੀ ਇੰਜੀਲ 1

1ਇਸ ਲਈ ਬਹੁਤਿਆਂ ਲੋਕਾਂ ਨੇ, ਉਨ੍ਹਾਂ ਗੱਲਾਂ ਦਾ ਇਤਹਾਸ ਲਿਖਣ ਦਾ ਫੈਸਲਾ ਕੀਤਾ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ।

2ਜਿਵੇਂ ਉਨ੍ਹਾਂ ਨੇ ਸਾਨੂੰ ਦੱਸਿਆ ਜਿਹੜੇ ਸ਼ੁਰੂਆਤ ਤੋਂ ਚਸ਼ਮਦੀਦ ਗਵਾਹ ਅਤੇ ਬਚਨ ਦੇ ਸੇਵਕ ਸਨ।

3ਹੇ ਆਦਰਯੋਗ ਥਿਉਫ਼ਿਲੁਸ ਮੈਂ ਵੀ ਪੂਰੇ ਯਤਨ ਨਾਲ ਖੋਜ ਕਰਕੇ ਇਸ ਗੱਲ ਨੂੰ ਚੰਗਾ ਸਮਝਿਆ ਜੋ ਤੇਰੇ ਲਈ ਸਾਰੀ ਵਾਰਤਾ ਜਿਵੇਂ ਹੋਈ, ਉਸੇ ਤਰ੍ਹਾਂ ਲਿਖਾਂ।

4ਕਿ ਤੂੰ ਉਨ੍ਹਾਂ ਗੱਲਾਂ ਦੀ ਸਚਿਆਈ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ।

5ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਸਮੇਂ ਅਬੀਯਾਹ ਦੇ ਦਲ ਵਿੱਚੋਂ, ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ ਅਤੇ ਉਸ ਦੀ ਪਤਨੀ ਇਲੀਸਬਤ ਹਾਰੂਨ ਦੇ ਘਰਾਣੇ ਦੀ ਸੀ।

6ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ।

7ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ।

8ਇਸ ਤਰ੍ਹਾਂ ਹੋਇਆ ਕਿ ਜਦ ਉਹ ਪਰਮੇਸ਼ੁਰ ਦੇ ਹਜ਼ੂਰ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰ ਰਿਹਾ ਸੀ।

9ਤਦ ਜਾਜਕ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ, ਜੋ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ।

10ਧੂਪ ਧੁਖਾਉਣ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।

11ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਨਜ਼ਰ ਆਇਆ।

12ਅਤੇ ਜ਼ਕਰਯਾਹ ਇਹ ਵੇਖ ਕੇ ਡਰ ਗਿਆ ਤੇ ਘਬਰਾ ਗਿਆ।

13ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ।

14ਅਤੇ ਤੈਨੂੰ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਖੁਸ਼ ਹੋਣਗੇ।

15ਕਿਉਂਕਿ ਉਹ ਪਰਮੇਸ਼ੁਰ ਸਾਹਮਣੇ ਮਹਾਨ ਹੋਵੇਗਾ ਅਤੇ ਨਾ ਮੈਅ, ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ।

16ਅਤੇ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਪਰਮੇਸ਼ੁਰ ਦੀ ਵੱਲ ਮੋੜ ਲਿਆਵੇਗਾ।

17ਉਹ ਉਨ੍ਹਾਂ ਦੇ ਅੱਗੇ-ਅੱਗੇ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਨਾਲ ਚੱਲੇਗਾ ਤਾਂ ਜੋ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੀ ਵੱਲ ਅਤੇ ਆਗਿਆ ਨਾ ਮੰਨਣ ਵਾਲਿਆ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ, ਜੋ ਪ੍ਰਭੂ ਦੇ ਯੋਗ ਕੌਮ ਨੂੰ ਤਿਆਰ ਕਰੇ।

18ਤਦ ਜ਼ਕਰਯਾਹ ਨੇ ਸਵਰਗ ਦੂਤ ਨੂੰ ਆਖਿਆ, ਮੈਂ ਇਹ ਕਿਵੇਂ ਵਿਸ਼ਵਾਸ ਕਰਾਂ ਕਿਉਂਕਿ ਮੈਂ ਵੱਡੀ ਉਮਰ ਦਾ ਹਾਂ ਅਤੇ ਮੇਰੀ ਪਤਨੀ ਬਜ਼ੁਰਗ ਹੈ?

19ਸਵਰਗ ਦੂਤ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ ਅਤੇ ਤੇਰੇ ਨਾਲ ਗੱਲਾਂ ਕਰਨ ਅਤੇ ਖੁਸ਼ੀ ਦੀ ਖ਼ਬਰ ਦੱਸਣ ਵਾਸਤੇ ਭੇਜਿਆ ਗਿਆ ਹਾਂ।

20ਵੇਖ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਇਸ ਕਾਰਨ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਿਹੜੀਆਂ ਆਪਣੇ ਸਮੇਂ ਤੇ ਪੂਰੀਆਂ ਹੋਣਗੀਆਂ।

21ਅਤੇ ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਭਵਨ ਵਿੱਚ ਉਸ ਦੇ ਵੱਧ ਸਮਾਂ ਲਾਉਣ ਕਰਕੇ ਹੈਰਾਨ ਹੁੰਦੇ ਸਨ।

22ਪਰ ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸਕਿਆ ਅਤੇ ਉਨ੍ਹਾਂ ਜਾਣਿਆ ਜੋ ਉਸ ਨੇ ਹੈਕਲ ਵਿੱਚ ਕੋਈ ਦਰਸ਼ਣ ਵੇਖਿਆ ਹੈ ਅਤੇ ਉਹ ਉਨ੍ਹਾਂ ਨੂੰ ਇਸ਼ਾਰਿਆ ਨਾਲ ਦੱਸਦਾ ਸੀ ਅਤੇ ਗੂੰਗਾ ਹੋ ਗਿਆ।

23ਤਾਂ ਇਹ ਹੋਇਆ ਕਿ ਭਵਨ ਵਿੱਚ ਆਪਣੀ ਸੇਵਾ ਦੇ ਦਿਨ ਪੂਰੇ ਕਰਕੇ ਉਹ ਆਪਣੇ ਘਰ ਵਾਪਸ ਚੱਲਿਆ ਗਿਆ।

24ਫਿਰ ਉਨ੍ਹਾਂ ਦਿਨਾਂ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਪੰਜ ਮਹੀਨਿਆਂ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਛੁਪਾਇਆ,

25“ਕਿ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਮੇਰੇ ਉੱਤੇ ਨਿਗਾਹ ਕੀਤੀ ਅਤੇ ਮੇਰੇ ਨਾਲ ਇਹ ਕੀਤਾ ਹੈ ਜੋ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਨੂੰ ਖ਼ਤਮ ਕਰ ਦੇਵੇ।”

26ਛੇਵੇਂ ਮਹੀਨੇ ਪਰਮੇਸ਼ੁਰ ਨੇ ਜਿਬਰਾਏਲ ਦੂਤ ਨੂੰ ਨਾਸਰਤ ਨਾਮ ਦੇ ਗਲੀਲ ਦੇ ਇੱਕ ਨਗਰ ਵਿੱਚ

27ਇੱਕ ਕੁਆਰੀ ਦੇ ਕੋਲ ਭੇਜਿਆ ਜਿਸ ਦੀ ਮੰਗਣੀ ਦਾਊਦ ਦੇ ਵੰਸ਼ ਦੇ ਯੂਸਫ਼ ਨਾਲ ਹੋਈ ਸੀ, ਉਸ ਕੁਆਰੀ ਦਾ ਨਾਮ ਮਰਿਯਮ ਸੀ।

28ਅਤੇ ਸਵਰਗ ਦੂਤ ਨੇ ਉਸ ਦੇ ਕੋਲ ਅੰਦਰ ਆ ਕੇ ਆਖਿਆ, ਅਨੰਦ ਅਤੇ ਜੈ ਤੇਰੀ ਹੋਵੇ, ਜਿਸ ਉੱਤੇ ਕਿਰਪਾ ਹੋਈ! ਪ੍ਰਭੂ ਤੇਰੇ ਨਾਲ ਹੈ।

29ਪਰ ਉਹ ਇਸ ਬਚਨ ਤੋਂ ਬਹੁਤ ਘਬਰਾਈ ਅਤੇ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ?

30ਦੂਤ ਨੇ ਉਸ ਨੂੰ ਆਖਿਆ, ਹੇ ਮਰਿਯਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ

31ਅਤੇ ਵੇਖ ਤੂੰ ਗਰਭਵਤੀ ਹੋਵੇਂਗੀ, ਇੱਕ ਪੁੱਤਰ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀ।

32ਉਹ ਮਹਾਨ ਹੋਵੇਗਾ, ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ।

33ਉਹ ਸਦੀਪਕ ਕਾਲ ਤੱਕ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਅੰਤ ਨਾ ਹੋਵੇਗਾ।

34ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਪੁਰਸ਼ ਨੂੰ ਜਾਣਦੀ ਹੀ ਨਹੀਂ।

35ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।

36ਅਤੇ ਵੇਖ ਤੇਰੀ ਰਿਸ਼ਤੇਦਾਰ ਇਲੀਸਬਤ, ਜਿਹੜੀ ਬਾਂਝ ਕਹਾਉਂਦੀ ਸੀ, ਉਸ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਉਸ ਦਾ ਇਹ ਛੇਵਾਂ ਮਹੀਨਾ ਹੈ।

37ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ।

38ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ। ਤਦ ਦੂਤ ਉਸ ਦੇ ਕੋਲੋਂ ਚੱਲਿਆ ਗਿਆ।

39ਉਨ੍ਹੀਂ ਦਿਨੀਂ ਮਰਿਯਮ ਛੇਤੀ ਨਾਲ ਉੱਠ ਕੇ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ।

40ਅਤੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ।

41ਤਾਂ ਇਸ ਤਰ੍ਹਾਂ ਹੋਇਆ, ਕਿ ਜਦ ਇਲੀਸਬਤ ਨੇ ਮਰਿਯਮ ਦਾ ਨਮਸਕਾਰ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ।

42ਅਤੇ ਉਹ ਉੱਚੀ ਅਵਾਜ਼ ਨਾਲ ਬੋਲੀ, ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ।

43ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ?

44ਵੇਖ, ਤੇਰੇ ਨਮਸਕਾਰ ਦੀ ਅਵਾਜ਼ ਮੇਰੇ ਕੰਨ ਵਿੱਚ ਪੈਂਦਿਆਂ ਹੀ, ਬੱਚਾ ਮੇਰੀ ਕੁੱਖ ਵਿੱਚ ਅਨੰਦ ਦੇ ਕਾਰਨ ਉੱਛਲ ਪਿਆ।

45ਅਤੇ ਧੰਨ ਹੈ ਉਹ ਜਿਸ ਨੇ ਵਿਸ਼ਵਾਸ ਕੀਤਾ ਕਿ ਜਿਹੜੀਆਂ ਗੱਲਾਂ ਪ੍ਰਭੂ ਦੇ ਵੱਲੋਂ ਉਸ ਨੂੰ ਆਖੀਆਂ ਗਈਆਂ, ਉਹ ਪੂਰੀਆਂ ਹੋਣਗੀਆਂ।

46ਤਦ ਮਰਿਯਮ ਨੇ ਆਖਿਆ, “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ,

47ਅਤੇ ਮੇਰੀ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਅਨੰਦ ਹੋਈ,

48ਕਿਉਂ ਜੋ ਉਸ ਨੇ ਆਪਣੀ ਦਾਸੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ”। ਵੇਖੋ ਤਾਂ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,

49ਕਿਉਂ ਜੋ ਉਸ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ।

50ਜਿਹੜੇ ਉਸ ਦਾ ਡਰ ਰੱਖਦੇ ਹਨ, ਉਨ੍ਹਾਂ ਉੱਤੇ ਉਸ ਦੀ ਦਯਾ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ।

51ਉਸ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ।

52ਉਸ ਨੇ ਬਲਵੰਤਾਂ ਨੂੰ ਸਿੰਘਾਸਣ ਤੋਂ ਗਿਰਾ ਦਿੱਤਾ, ਅਤੇ ਕਮਜ਼ੋਰਾਂ ਨੂੰ ਉੱਚਿਆਂ ਕੀਤਾ।

53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖਾਲੀ ਹੱਥ ਕੱਢ ਦਿੱਤਾ।

54ਉਸ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਤਾਂ ਕਿ ਉਹ ਆਪਣੇ ਰਹਿਮ ਨੂੰ ਯਾਦ ਕਰੇ,

55ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ।

56ਤਦ ਮਰਿਯਮ ਤਿੰਨ ਮਹੀਨੇ ਉਸ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।

57ਹੁਣ ਇਲੀਸਬਤ ਦੇ ਜਨਮ ਦੇਣ ਦਾ ਸਮਾਂ ਆ ਪੁੱਜਾ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ।

58ਅਤੇ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਸ ਦੇ ਨਾਲ ਖੁਸ਼ੀ ਮਨਾਈ।

59ਤਦ ਉਹ ਅੱਠਵੇਂ ਦਿਨ ਬਾਲਕ ਦੀ ਸੁੰਨਤ ਲਈ ਆਏ ਅਤੇ ਉਸ ਦਾ ਨਾਮ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਸ ਦੇ ਪਿਤਾ ਦਾ ਨਾਮ ਸੀ।

60ਪਰ ਉਸ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਸਦਾ ਨਾਮ ਯੂਹੰਨਾ ਰੱਖਾਂਗੇ।

61ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਤੋਂ ਬੁਲਾਇਆ ਜਾਂਦਾ ਹੈ।

62ਤਦ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਇਸ਼ਾਰਾ ਕਰ ਕੇ ਪੁੱਛਿਆ, ਉਹ ਉਸ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ।

63ਅਤੇ ਉਸ ਨੇ ਪੱਟੀ ਮੰਗਾ ਕੇ ਲਿਖਿਆ ਕਿ ਉਸ ਦਾ ਨਾਮ ਯੂਹੰਨਾ ਹੈ ਤਾਂ ਸਭ ਹੈਰਾਨ ਰਹਿ ਗਏ।

64ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ, ਉਹ ਬੋਲਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ।

65ਤਦ ਆਲੇ-ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭ ਗੱਲਾਂ ਦੀ ਚਰਚਾ ਫੈਲ ਗਈ।

66ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਦਾ ਵਿਚਾਰ ਕੀਤਾ ਅਤੇ ਕਿਹਾ, ਭਲਾ, ਇਹ ਬਾਲਕ ਕਿਹੋ ਜਿਹਾ ਹੋਵੇਗਾ? ਕਿਉਂ ਜੋ ਪ੍ਰਭੂ ਦਾ ਹੱਥ ਉਸ ਦੇ ਨਾਲ ਸੀ।

67ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਭਵਿੱਖਬਾਣੀ ਕਰ ਕੇ ਆਖਣ ਲੱਗਾ -

68ਧੰਨ ਹੈ ਪ੍ਰਭੂ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ,

69ਅਤੇ ਸਾਡੇ ਲਈ ਆਪਣੇ ਦਾਸ ਦਾਊਦ ਦੇ ਵੰਸ਼ ਵਿੱਚ ਮੁਕਤੀ ਦਾ ਸਿੰਗ ਖੜ੍ਹਾ ਕੀਤਾ,

70ਜਿਵੇਂ ਉਸ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਪਹਿਲਾਂ ਤੋਂ ਹੀ ਅਖਵਾਇਆ ਸੀ।

71ਅਤੇ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਵੈਰ ਰੱਖਦੇ ਹਨ ਛੁਟਕਾਰਾ ਦੇਵੇ,

72ਨਾਲੇ ਉਹ ਸਾਡੇ ਪਿਉ-ਦਾਦਿਆਂ ਉੱਤੇ ਦਯਾ ਕਰੇ, ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖੇ,

73ਅਰਥਾਤ ਉਸ ਸਹੁੰ ਨੂੰ ਜਿਹੜੀ ਉਸ ਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ,

74ਜੋ ਉਹ ਸਾਨੂੰ ਇਹ ਬਖ਼ਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ

75ਜੀਵਨ ਭਰ ਉਸ ਦੇ ਅੱਗੇ ਪਵਿੱਤਰਤਾਈ ਤੇ ਧਰਮ ਨਾਲ ਨਿਡਰ ਹੋ ਕੇ ਉਸ ਦੀ ਬੰਦਗੀ ਕਰੀਏ।

76ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਅਖਵਾਵੇਗਾ, ਕਿਉਂ ਜੋ ਤੂੰ ਪ੍ਰਭੂ ਦੇ ਰਾਹਾਂ ਨੂੰ ਤਿਆਰ ਕਰਨ ਲਈ ਉਸ ਦੇ ਅੱਗੇ-ਅੱਗੇ ਚੱਲੇਂਗਾ,

77ਕਿ ਉਸ ਦੇ ਲੋਕਾਂ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,

78ਸਾਡੇ ਪਰਮੇਸ਼ੁਰ ਦੀ ਵੱਡੀ ਦਯਾ ਦੇ ਕਾਰਨ ਮਿਲੇਗੀ ਜਦ ਸਵੇਰ ਦਾ ਚਾਨਣ ਸਵਰਗ ਤੋਂ ਸਾਡੇ ਉੱਤੇ ਚਮਕੇਗਾ,

79ਅਤੇ ਉਨ੍ਹਾਂ ਨੂੰ ਜੋ ਹਨ੍ਹੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ, ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖ਼ਸ਼ੇ।

80ਅਤੇ ਉਹ ਬਾਲਕ ਵੱਧਦਾ ਅਤੇ ਆਤਮਾ ਵਿੱਚ ਬਲਵੰਤ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੱਕ ਜੰਗਲ ਵਿੱਚ ਰਿਹਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath