ਲੂਕਾ ਦੀ ਇੰਜੀਲ 13
1ਉਸ ਸਮੇਂ ਕਈ ਲੋਕ ਉੱਥੇ ਆ ਪਹੁੰਚੇ ਜਿਹੜੇ ਯਿਸੂ ਨੂੰ ਉਨ੍ਹਾਂ ਗਲੀਲੀਆਂ ਦਾ ਹਾਲ ਦੱਸਣ ਲੱਗੇ, ਜਿਨ੍ਹਾਂ ਦਾ ਖੂਨ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।
2ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ, ਤੁਸੀਂ ਸਮਝਦੇ ਹੋ ਜੋ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਬਹੁਤ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਸਹਿਣ ਕੀਤਾ?
3ਮੈਂ ਤੁਹਾਨੂੰ ਆਖਦਾ ਹਾਂ, ਨਹੀਂ, ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ ਹੋ ਜਾਵੇਗਾ।
4ਜਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਾ ਅਤੇ ਉਹ ਮਰ ਗਏ ਸਨ, ਭਲਾ, ਤੁਸੀਂ ਇਹ ਸਮਝਦੇ ਹੋ ਜੋ ਉਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ?
5ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ਼ ਹੋ ਜਾਵੇਗਾ।
6ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ ਜੋ ਕਿਸੇ ਮਨੁੱਖ ਦੇ ਅੰਗੂਰੀ ਬਾਗ਼ ਵਿੱਚ ਇੱਕ ਹੰਜ਼ੀਰ ਦਾ ਰੁੱਖ ਲੱਗਿਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਹੀਂ ਲੱਭਾ।
7ਤਦ ਉਸ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜ਼ੀਰ ਦੇ ਰੁੱਖ ਦੇ ਫਲ ਲੈਣ ਨੂੰ ਤਿੰਨਾਂ ਸਾਲਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਸ ਨੂੰ ਵੱਢ ਸੁੱਟ। ਇਹ ਕਦ ਤੱਕ ਐਂਵੇਂ ਹੀ ਜ਼ਮੀਨ ਘੇਰੀਂ ਰੱਖੇਗਾ?
8ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਸ ਵਾਰ ਇਸ ਨੂੰ ਰਹਿਣ ਦਿਓ। ਮੈਂ ਇਸ ਦੇ ਆਲੇ-ਦੁਆਲੇ ਖਾਲ੍ਹ ਪੁਟਾਂਗਾਂ ਅਤੇ ਖਾਦ ਪਾਵਾਂਗਾ।
9ਸ਼ਾਇਦ ਅਗਲੇ ਸਾਲ ਫਲ ਲੱਗੇ। ਨਹੀਂ ਤਾਂ ਇਸ ਨੂੰ ਵਢਾ ਦੇਣਾ।
10ਯਿਸੂ ਸਬਤ ਦੇ ਦਿਨ ਕਿਸੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦਿੰਦਾ ਸੀ।
11ਅਤੇ ਉੱਥੇ ਇੱਕ ਔਰਤ ਸੀ ਜਿਸ ਨੂੰ ਅਠਾਰਾਂ ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ।
12ਯਿਸੂ ਨੇ ਉਸ ਨੂੰ ਵੇਖ ਕੇ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, ਹੇ ਔਰਤ ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ ਹੈਂ।
13ਯਿਸੂ ਨੇ ਉਸ ਉੱਤੇ ਹੱਥ ਰੱਖੇ ਤਾਂ ਉਸੇ ਸਮੇਂ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ।
14ਪਰ ਪ੍ਰਾਰਥਨਾ ਘਰ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਚੰਗਿਆਈ ਦਿੱਤੀ, ਗੁੱਸੇ ਹੋ ਕੇ ਅੱਗੋਂ ਸਭਾ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕਿ ਸਬਤ ਦੇ ਦਿਨ।
15ਪਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦੇ ਕਿ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲ਼ਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨੂੰ ਨਹੀਂ ਲੈ ਜਾਂਦਾ?
16ਫੇਰ ਭਲਾ, ਇਹ ਔਰਤ ਜੋ ਅਬਰਾਹਾਮ ਦੀ ਸੰਤਾਨ ਵਿੱਚੋਂ ਹੈ, ਜਿਸ ਨੂੰ ਸ਼ੈਤਾਨ ਨੇ ਵੇਖੋ ਅਠਾਰਾਂ ਸਾਲਾਂ ਤੋਂ ਬੰਨ੍ਹ ਰੱਖਿਆ ਸੀ, ਇਸ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ?
17ਜਦ ਉਹ ਇਹ ਗੱਲਾਂ ਕਰਦਾ ਹੀ ਸੀ ਤਾਂ ਉਸ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਸ ਨੇ ਕੀਤੇ ਸਨ ਅਨੰਦ ਹੋਈ।
18ਯਿਸੂ ਨੇ ਉਸ ਨੂੰ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਇਸ ਦੀ ਤੁਲਨਾ ਮੈਂ ਕਿਸ ਤਰ੍ਹਾਂ ਕਰਾਂ?
19ਉਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ਼ ਵਿੱਚ ਬੀਜਿਆ ਅਤੇ ਉਹ ਉੱਗਿਆ ਅਤੇ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਦੀਆਂ ਟਹਿਣੀਆਂ ਉੱਤੇ ਆਲ੍ਹਣੇ ਪਾਏ।
20ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?
21ਪਰਮੇਸ਼ੁਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਕਿੱਲੋ ਆਟੇ ਵਿੱਚ ਗੁਨਿਆਂ ਸੋ ਸਾਰਾ ਆਟਾ ਖ਼ਮੀਰਾ ਹੋ ਗਿਆ।
22ਉਹ ਉਪਦੇਸ਼ ਦਿੰਦਾ ਹੋਇਆ ਨਗਰੋਂ ਨਗਰ ਅਤੇ ਪਿੰਡੋਂ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਜਾ ਰਿਹਾ ਸੀ।
23ਤਦ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਕੀ ਮੁਕਤੀ ਪਾਉਂਣ ਵਾਲੇ ਥੋੜ੍ਹੇ ਹੀ ਹਨ?
24ਯਿਸੂ ਨੇ ਉੱਤਰ ਦਿੱਤਾ, ਤੁਸੀਂ ਭੀੜੇ ਫਾਟਕ ਤੋਂ ਵੜਨ ਦਾ ਵੱਡਾ ਯਤਨ ਕਰੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤੇ ਵੜਨ ਨੂੰ ਤਾਂ ਚਾਹੁਣਗੇ ਪਰ ਵੜ ਨਾ ਸਕਣਗੇ।
25ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਇਹ ਕਹਿ ਕੇ ਦਰਵਾਜ਼ਾ ਖੜ੍ਹਕਾਉਣ ਲੱਗੋਗੇ ਕਿ ਹੇ ਪ੍ਰਭੂ, ਸਾਡੇ ਲਈ ਖੋਲ੍ਹੋ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਜੋ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ।
26ਤਦ ਤੁਸੀਂ ਆਖਣ ਲੱਗੋਗੇ ਕਿ ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੇ ਚੌਕਾਂ ਵਿੱਚ ਉਪਦੇਸ਼ ਦਿੱਤਾ ਹੈ।
27ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ!
28ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। ਜਦ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਆਪ ਨੂੰ ਬਾਹਰ ਕੱਢੇ ਹੋਏ ਵੇਖੋਗੇ!
29ਅਤੇ ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੇ ਭੋਜ ਵਿੱਚ ਬੈਠਣਗੇ।
30ਉਸ ਸਮੇਂ ਬਹੁਤ ਸਾਰੇ ਜੋ ਪਿਛਲੇ ਹਨ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਪਿਛਲੇ ਹੋਣਗੇ।
31ਉਸੇ ਸਮੇਂ ਕਈ ਫ਼ਰੀਸੀਆਂ ਨੇ ਉਸ ਕੋਲ ਆਣ ਕੇ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾ ਕਿਉਂ ਜੋ ਹੇਰੋਦੇਸ ਤੈਨੂੰ ਮਾਰਨਾ ਚਾਹੁੰਦਾ ਹੈ।
32ਯਿਸੂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਜੋ ਵੇਖ ਮੈਂ ਅੱਜ ਅਤੇ ਕੱਲ ਭੂਤਾਂ ਨੂੰ ਕੱਢਦਾ ਅਤੇ ਰੋਗੀਆਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਪੂਰਾ ਹੋ ਜਾਂਵਾਂਗਾ।
33ਪਰ ਮੈਨੂੰ ਚਾਹੀਦਾ ਹੈ ਜੋ ਅੱਜ, ਕੱਲ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਸੰਭਵ ਨਹੀਂ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ।
34ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ।
35ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ, ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath