ਈਸਾਈ
ਪਿੱਛੇ

ਲੂਕਾ ਦੀ ਇੰਜੀਲ 12

1ਜਦ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਕਿ ਲੋਕ ਇੱਕ ਦੂਜੇ ਉੱਤੇ ਡਿੱਗਦੇ ਪੈਂਦੇ ਸਨ ਤਾਂ ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਕਿ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਪਟ ਹੈ ਹੁਸ਼ਿਆਰ ਰਹੋ।

2ਪਰ ਕੋਈ ਚੀਜ਼ ਲੁੱਕੀ ਨਹੀਂ ਹੈ, ਜਿਹੜੀ ਪਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਜਿਹੜੀ ਜਾਣੀ ਨਾ ਜਾਵੇਗੀ।

3ਇਸ ਲਈ ਜੋ ਕੁਝ ਤੁਸੀਂ ਹਨ੍ਹੇਰੇ ਵਿੱਚ ਕਿਹਾ ਹੈ, ਸੋ ਚਾਨਣ ਵਿੱਚ ਸੁਣਾਇਆ ਜਾਵੇਗਾ ਅਤੇ ਜੋ ਕੁਝ ਤੁਸੀਂ ਕੋਠੜੀਆਂ ਵਿੱਚ ਕੰਨਾਂ ਵਿੱਚ ਆਖਿਆ ਹੈ ਸੋ ਕੋਠਿਆਂ ਉੱਤੇ ਉਸ ਦਾ ਪ੍ਰਚਾਰ ਕੀਤਾ ਜਾਵੇਗਾ।

4ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹੋ ਆਖਦਾ ਹਾਂ ਕਿ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰਦੇ ਹਨ ਅਤੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਕਰ ਸਕਦੇ।

5ਪਰ ਮੈਂ ਤੁਹਾਨੂੰ ਦੱਸਦਾ ਹਾਂ ਜੋ ਤੁਹਾਨੂੰ ਕਿਸ ਦੇ ਕੋਲੋਂ ਡਰਨਾ ਚਾਹੀਦਾ ਹੈ? ਪਰਮੇਸ਼ੁਰ ਤੋਂ ਡਰੋ ਜੋ ਮਾਰਨ ਦੇ ਪਿੱਛੋਂ ਨਰਕ ਵਿੱਚ ਸੁੱਟਣ ਦਾ ਅਧਿਕਾਰ ਵੀ ਰੱਖਦਾ ਹੈ। ਹਾਂ ਮੈਂ ਤੁਹਾਨੂੰ ਆਖਦਾ ਹਾਂ ਜੋ ਉਸੇ ਤੋਂ ਡਰੋ।

6ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਤੋਂ ਭੁੱਲੀ ਹੋਈ ਨਹੀਂ।

7ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ। ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।

8ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਮਨੁੱਖਾਂ ਸਾਹਮਣੇ ਮੈਨੂੰ ਪ੍ਰਭੂ ਕਰਕੇ ਮੰਨਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਪਰਮੇਸ਼ੁਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਆਪਣਾ ਮੰਨੇਗਾ।

9ਪਰ ਜੋ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੇ ਤਾਂ ਪਰਮੇਸ਼ੁਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਵੀ ਇਨਕਾਰ ਕੀਤਾ ਜਾਵੇਗਾ।

10ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੀ ਨਿੰਦਿਆ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਸ ਨੂੰ ਕਦੀ ਮਾਫ਼ ਨਹੀਂ ਕੀਤਾ ਜਾਵੇਗਾ।

11ਜਦ ਉਹ ਤੁਹਾਨੂੰ ਪ੍ਰਾਰਥਨਾ ਘਰਾਂ, ਅਧਿਕਾਰੀਆਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਉੱਤਰ ਦੇਈਏ ਜਾ ਕੀ ਆਖੀਏ?

12ਕਿਉਂਕਿ ਉਸੇ ਸਮੇਂ ਪਵਿੱਤਰ ਆਤਮਾ ਤੁਹਾਨੂੰ ਸਿਖਾਵੇਗਾ ਜੋ ਕੀ ਆਖਣਾ ਚਾਹੀਦਾ ਹੈ।

13ਭੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ, ਗੁਰੂ ਜੀ ਮੇਰੇ ਭਰਾ ਨੂੰ ਆਖੋ ਜੋ ਉਹ ਜਾਇਦਾਦ ਮੇਰੇ ਨਾਲ ਵੰਡ ਲਵੇ।

14ਪਰ ਯਿਸੂ ਨੇ ਉਸ ਨੂੰ ਕਿਹਾ, ਮਨੁੱਖਾ, ਕਿਸ ਨੇ ਮੈਨੂੰ ਤੁਹਾਡੇ ਉੱਪਰ ਨਿਆਈਂ ਜਾਂ ਵੰਡਣ ਵਾਲਾ ਠਹਿਰਾਇਆ ਹੈ?

15ਉਸ ਨੇ ਉਨ੍ਹਾਂ ਨੂੰ ਆਖਿਆ ਸੁਚੇਤ ਰਹੋ ਅਤੇ ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਸ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।

16ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕਿ ਕਿਹਾ ਕਿ ਕਿਸੇ ਧਨਵਾਨ ਦੇ ਖੇਤ ਵਿੱਚ ਬਹੁਤ ਫਸਲ ਹੋਈ।

17ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਕਿ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਲ ਕੋਈ ਥਾਂ ਨਹੀਂ ਜਿੱਥੇ ਆਪਣੀ ਫਸਲ ਨੂੰ ਜਮ੍ਹਾ ਰੱਖਾਂ?

18ਤਾਂ ਉਹ ਨੇ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਤੇ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾਂ ਕਰਾਂਗਾ।

19ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਤੇਰੇ ਕੋਲ ਬਹੁਤ ਸਾਲਾਂ ਦੇ ਲਈ ਧਨ ਜਮਾਂ ਪਿਆ ਹੈ। ਸੁੱਖ ਮਨਾ, ਖਾ ਪੀ ਅਤੇ ਮੌਜ ਕਰ।

20ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਹੇ ਮੂਰਖ, ਜੇਕਰ ਅੱਜ ਰਾਤ ਤੇਰੀ ਜਾਨ ਨਿੱਕਲ ਜਾਵੇ, ਫੇਰ ਜਿਹੜੀਆਂ ਚੀਜ਼ਾਂ ਜੋ ਤੂੰ ਤਿਆਰ ਕੀਤੀਆਂ ਹਨ ਉਹ ਕਿਸ ਦੀਆਂ ਹੋਣਗੀਆਂ?

21ਇਸੇ ਤਰ੍ਹਾਂ ਉਹ ਮਨੁੱਖ ਵੀ ਹੈ ਜੋ ਆਪਣੇ ਲਈ ਧਨ ਜੋੜਦਾ ਹੈ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।

22ਫੇਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਲਈ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਲਈ ਕਿ ਅਸੀਂ ਕੀ ਪਹਿਨਾਂਗੇ।

23ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਹੈ।

24ਪੰਛੀਆਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ। ਉਹਨਾਂ ਕੋਲ ਨਾ ਤਾਂ ਭੰਡਾਰ ਹਨ ਅਤੇ ਨਾ ਹੀ ਖੇਤ ਹਨ। ਅਤੇ ਫੇਰ ਵੀ ਪਰਮੇਸ਼ੁਰ ਉਹਨਾਂ ਨੂੰ ਖਿਲਾਉਂਦਾ ਹੈ। ਤੁਸੀਂ ਪੰਛੀਆਂ ਨਾਲੋਂ ਵੱਧ ਕੇ ਉੱਤਮ ਹੋ!

25ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ?

26ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਾਂ ਗੱਲਾਂ ਲਈ ਕਿਉਂ ਚਿੰਤਾ ਕਰਦੇ ਹੋ?

27ਸੋਸਨ ਦੇ ਫੁੱਲਾਂ ਵੱਲ ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਵਧਦੇ ਹਨ। ਉਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ।

28ਜਦ ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ ਭੱਠੀ ਵਿੱਚ ਝੋਕੀ ਜਾਂਦੀ ਹੈ ਨੂੰ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਕਿੰਨਾਂ ਵੱਧ ਕੇ ਤੁਹਾਨੂੰ ਪਹਿਨਾਵੇਗਾ!

29ਤੁਸੀਂ ਇਸ ਗੱਲ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ? ਅਤੇ ਚਿੰਤਾ ਨਾ ਕਰੋ।

30ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਵੀ ਇਨ੍ਹਾਂ ਸਭ ਵਸਤੂਆਂ ਨੂੰ ਲੱਭਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਵਸਤੂਆਂ ਦੀ ਲੋੜ ਹੈ।

31ਪਰ ਤੁਸੀਂ ਉਸ ਦੇ ਰਾਜ ਦੀ ਖੋਜ ਕਰੋ ਤਾਂ ਤੁਹਾਨੂੰ ਇਹ ਵਸਤੂਆਂ ਵੀ ਦਿੱਤੀਆਂ ਜਾਣਗੀਆਂ।

32ਹੇ ਛੋਟੇ ਝੁੰਡ, ਨਾ ਡਰ ਕਿਉਂ ਜੋ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਕਿ ਰਾਜ ਤੁਹਾਨੂੰ ਦੇਵੇ।

33ਆਪਣਾ ਮਾਲ ਵੇਚ ਕੇ ਦਾਨ ਕਰੋ ਅਤੇ ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜੋ ਪੁਰਾਣੇ ਨਹੀਂ ਹੁੰਦੇ ਅਤੇ ਸਵਰਗ ਵਿੱਚ ਧਨ ਜਮਾਂ ਕਰੋ, ਜੋ ਘੱਟਦਾ ਨਹੀਂ ਅਤੇ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ।

34ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ।

35ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ।

36ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦ ਮੁੜ ਆਵੇਗਾ ਅਤੇ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਤਾਂ ਜੋ ਉਹ ਝੱਟ ਉਸ ਦੇ ਲਈ ਖੋਲ੍ਹਣ।

37ਧੰਨ ਹੈ ਉਹ ਦਾਸ ਜਿਨ੍ਹਾਂ ਨੂੰ ਮਾਲਕ ਜਦ ਆਵੇ ਤਾਂ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ।

38ਜੇਕਰ ਉਹ ਰਾਤ ਦੇ ਦੂਸਰੇ ਜਾ ਤੀਸਰੇ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਧੰਨ ਹੈ ਉਹ ਦਾਸ।

39ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਜੋ ਚੋਰ ਕਿਸ ਵੇਲੇ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ।

40ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।

41ਤਦ ਪਤਰਸ ਨੇ ਕਿਹਾ, ਪ੍ਰਭੂ ਜੀ ਕਿ ਤੁਸੀਂ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦੇ ਹੋ ਜਾਂ ਸਾਰਿਆਂ ਨੂੰ?

42ਪ੍ਰਭੂ ਨੇ ਉੱਤਰ ਦਿੱਤਾ ਕਿ ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਸ ਨੂੰ ਮਾਲਕ ਆਪਣੇ ਨੌਕਰਾਂ-ਚਾਕਰਾਂ ਉੱਤੇ ਠਹਿਰਾਵੇ ਜੋ ਸਮੇਂ ਸਿਰ ਉਨ੍ਹਾਂ ਨੂੰ ਭੋਜਣ ਦੇਵੇ?

43ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ।

44ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ।

45ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ।

46ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਸਮੇਂ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰ ਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ।

47ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਅਤੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਕੀਤਾ ਬਹੁਤ ਮਾਰ ਖਾਵੇਗਾ।

48ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਹਿਸਾਬ ਲਿਆ ਜਾਵੇਗਾ ਅਤੇ ਜਿਸ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਜ਼ਿਆਦਾ ਮੰਗਣਗੇ।

49ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਉਹ ਹੁਣ ਤੱਕ ਲੱਗ ਚੁੱਕੀ ਹੁੰਦੀ!

50ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤੱਕ ਉਹ ਸੰਪੂਰਨ ਨਹੀਂ ਹੁੰਦਾ, ਤਦ ਤੱਕ ਮੈਂ ਬਹੁਤ ਔਖਾ ਰਹਾਂਗਾ!

51ਕੀ ਤੁਸੀਂ ਸਮਝਦੇ ਹੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ? ਨਹੀਂ, ਸਗੋਂ ਜੁਦਾਈ ਪਾਉਣ।

52ਕਿਉਂਕਿ ਇਸ ਤੋਂ ਬਾਅਦ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ, ਤਿੰਨ ਦੋ ਦੇ ਅਤੇ ਦੋ ਤਿੰਨਾਂ ਦੇ ਵਿਰੁੱਧ ਹੋਣਗੇ।

53ਉਹ ਵੱਖਰੇ ਹੋਣਗੇ ਅਰਥਾਤ ਪਿਤਾ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਪਿਤਾ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ ਅਤੇ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ ਅਤੇ ਨੂੰਹ ਸੱਸ ਦੇ ਵਿਰੁੱਧ।

54ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਪੱਛਮ ਪਾਸੇ ਬੱਦਲ ਉੱਠਦਾ ਹੈ ਤਾਂ ਤੁਸੀਂ ਛੇਤੀ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਵੀ ਹੈ।

55ਅਤੇ ਜਦ ਦੱਖਣ ਦੀ ਹਨੇਰੀ ਵਗਦੀ ਹੈ ਤਦ ਆਖਦੇ ਹੋ ਕਿ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ।

56ਹੇ ਕਪਟੀਓ! ਧਰਤੀ ਅਤੇ ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ?

57ਜੋ ਠੀਕ ਹੈ ਉਸ ਬਾਰੇ ਤੁਸੀਂ ਆਪੇ ਵਿਚਾਰ ਕਿਉਂ ਨਹੀਂ ਕਰਦੇ ਹੋ?

58ਜਦ ਤੂੰ ਆਪਣੇ ਵਿਰੋਧੀ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈਂ ਤਾਂ ਰਸਤੇ ਵਿੱਚ ਉਸ ਨਾਲ ਸੁਲਾਹ ਕਰ। ਇਹ ਨਾ ਹੋਵੇ ਕਿ ਉਹ ਤੈਨੂੰ ਹਾਕਮ ਦੇ ਕੋਲ ਪੇਸ਼ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਸਿਪਾਹੀ ਤੈਨੂੰ ਕੈਦ ਵਿੱਚ ਪਾਵੇ।

59ਮੈਂ ਤੈਨੂੰ ਆਖਦਾ ਹਾਂ ਕਿ ਜਦ ਤੱਕ ਤੂੰ ਸਭ ਕੁਝ ਨਾ ਭਰ ਦੇਵੇਂ ਉੱਥੋਂ ਕਿਸੇ ਵੀ ਤਰ੍ਹਾਂ ਨਾ ਛੁੱਟੇਂਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath