ਲੂਕਾ ਦੀ ਇੰਜੀਲ 10
1ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਮਨੁੱਖ ਵੀ ਠਹਿਰਾਏ ਅਤੇ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਭੇਜਿਆ।
2ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ, ਇਸ ਲਈ ਤੁਸੀਂ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ।
3ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗੂੰ ਬਘਿਆੜਾਂ ਦੇ ਵਿੱਚ ਭੇਜਦਾ ਹਾਂ।
4ਇਸ ਲਈ ਨਾ ਬਟੂਆ, ਨਾ ਝੋਲਾ, ਨਾ ਜੁੱਤੀਆਂ ਲਓ, ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ।
5ਤੁਸੀਂ ਜਿਸ ਘਰ ਵਿੱਚ ਜਾਓ ਪਹਿਲਾਂ ਉਸ ਘਰ ਦੀ ਸ਼ਾਂਤੀ ਮੰਗੋ।
6ਅਤੇ ਜੇ ਕੋਈ ਸ਼ਾਂਤੀ ਦੇ ਯੋਗ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਤੁਹਾਡੇ ਕੋਲ ਮੁੜ ਆਵੇਗੀ।
7ਅਤੇ ਉਸੇ ਘਰ ਵਿੱਚ ਠਹਿਰੋ ਅਤੇ ਜੋ ਕੁਝ ਭੋਜਨ ਉਹ ਦੇਣ, ਖਾਓ ਪੀਓ ਕਿਉਂ ਜੋ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ-ਘਰ ਨਾ ਫਿਰੋ।
8ਅਤੇ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਕਬੂਲ ਕਰਨ ਤਦ ਜੋ ਕੁਝ ਤੁਹਾਡੇ ਅੱਗੇ ਖਾਣ ਲਈ ਰੱਖਣ, ਸੋ ਖਾਓ।
9ਅਤੇ ਉਸ ਨਗਰ ਦੇ ਰੋਗੀਆਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।
10ਪਰ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਹ ਦੇ ਚੌਕਾਂ ਵਿੱਚ ਜਾ ਕੇ ਕਹੋ
11ਅਸੀਂ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਪਰ ਪਈ ਹੈ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ।
12ਮੈਂ ਤੁਹਾਨੂੰ ਆਖਦਾ ਹਾਂ ਕਿ ਉਹ ਦਿਨ ਉਸ ਨਗਰ ਨਾਲੋਂ ਸਦੂਮ ਦਾ ਹਾਲ ਸਹਿਣ ਯੋਗ ਹੋਵੇਗਾ।
13ਹਾਏ ਖੁਰਾਜ਼ੀਨ! ਹਾਏ ਬੈਤਸੈਦਾ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ।
14ਪਰ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਸਹਿਣ ਯੋਗ ਹੋਵੇਗਾ।
15ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਤੂੰ ਤਾਂ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ!
16ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ।
17ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!
18ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ।
19ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ।
20ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ।
21ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ।
22ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।
23ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਖ਼ਾਸ ਕਰਕੇ ਉਹਨਾਂ ਨੂੰ ਕਿਹਾ ਕਿ ਧੰਨ ਉਹ ਅੱਖਾਂ ਹਨ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ।
24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ ਕਿ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।
25ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?
26ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ?
27ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
28ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ।
29ਪਰ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਸੱਚਾ ਠਹਿਰਾਵੇ ਤਾਂ ਉਸ ਨੇ ਯਿਸੂ ਨੂੰ ਕਿਹਾ, ਫੇਰ ਕੌਣ ਹੈ ਮੇਰਾ ਗੁਆਂਢੀ?
30ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ।
31ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ।
32ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ।
33ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ।
34ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ।
35ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ।
36ਸੋ ਉਸ ਆਦਮੀ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ, ਉਨ੍ਹਾਂ ਤਿੰਨਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਜਾਪਦਾ ਹੈ?
37ਉਹ ਬੋਲਿਆ, ਜਿਸ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ।
38ਫੇਰ ਜਦ ਉਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਵਿੱਚ ਪਹੁੰਚੇ ਅਤੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਉਤਾਰਿਆ।
39ਅਤੇ ਮਰਿਯਮ ਨਾਮਕ ਉਸ ਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਬਚਨ ਸੁਣਦੀ ਸੀ।
40ਪਰ ਮਾਰਥਾ ਸੇਵਾ ਕਰਦੀ-ਕਰਦੀ ਘਬਰਾ ਗਈ ਅਤੇ ਉਸ ਦੇ ਕੋਲ ਆਣ ਕੇ ਕਿਹਾ, ਪ੍ਰਭੂ ਜੀ ਤੁਹਾਨੂੰ ਮੇਰੀ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਸੇਵਾ ਵਿੱਚ ਮੇਰੀ ਸਹਾਇਤਾ ਨਹੀਂ ਕਰਦੀ? ਮੇਰੀ ਸਹਾਇਤਾ ਲਈ ਉਸ ਨੂੰ ਕਹੋ।
41ਪਰ ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, ਮਾਰਥਾ! ਮਾਰਥਾ! ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।
42ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath