ਲੇਵੀਆਂ ਦੀ ਪੋਥੀ 9
1ਅੱਠਵੇਂ ਦਿਨ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ,
2ਅਤੇ ਉਸ ਨੇ ਹਾਰੂਨ ਨੂੰ ਆਖਿਆ, “ਪਾਪ ਬਲੀ ਦੀ ਭੇਟ ਲਈ ਤੂੰ ਇੱਕ ਵੱਛਾ ਅਤੇ ਹੋਮ ਬਲੀ ਦੀ ਭੇਟ ਲਈ ਇੱਕ ਭੇਡੂ ਦੋਸ਼ ਰਹਿਤ ਲੈ ਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ।
3ਅਤੇ ਤੂੰ ਇਸਰਾਏਲੀਆਂ ਨੂੰ ਇਹ ਆਖ ਕਿ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਹੋਮ ਬਲੀ ਲਈ ਇੱਕ ਵੱਛਾ ਅਤੇ ਇੱਕ ਲੇਲਾ ਲਓ, ਜੋ ਇੱਕ ਸਾਲ ਦੇ ਅਤੇ ਦੋਸ਼ ਰਹਿਤ ਹੋਣ।
4ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਇੱਕ ਬਲ਼ਦ, ਇੱਕ ਭੇਡੂ ਅਤੇ ਤੇਲ ਨਾਲ ਰਲੀ ਹੋਈ ਮੈਦੇ ਦੀ ਇੱਕ ਭੇਟ ਲੈ ਲਓ, ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਣ ਦੇਵੇਗਾ।”
5ਤਦ ਜਿਨ੍ਹਾਂ ਵਸਤੂਆਂ ਦਾ ਮੂਸਾ ਨੇ ਹੁਕਮ ਦਿੱਤਾ ਸੀ, ਉਹ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲੈ ਆਏ ਅਤੇ ਸਾਰੀ ਮੰਡਲੀ ਕੋਲ ਜਾ ਕੇ ਯਹੋਵਾਹ ਦੇ ਸਨਮੁਖ ਖੜ੍ਹੀ ਹੋਈ।
6ਤਦ ਮੂਸਾ ਨੇ ਆਖਿਆ, “ਇਹ ਉਹ ਕੰਮ ਹੈ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ ਕਿ ਤੁਸੀਂ ਇਹ ਕਰੋ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਣ ਤੁਹਾਨੂੰ ਹੋਵੇਗਾ।”
7ਅਤੇ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਦੇ ਹੁਕਮ ਅਨੁਸਾਰ ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ।”
8ਇਸ ਲਈ ਹਾਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਬਲੀ ਦੀ ਭੇਟ ਦੇ ਵੱਛੇ ਨੂੰ ਵੱਢਿਆ, ਜੋ ਉਸ ਦੇ ਆਪਣੇ ਲਈ ਸੀ।
9ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਲਗਾਇਆ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹ ਦਿੱਤਾ।
10ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸ ਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
11ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ।
12ਤਦ ਉਸ ਨੇ ਹੋਮ ਬਲੀ ਦੀ ਭੇਟ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲਿਆਏ ਅਤੇ ਉਸ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ।
13ਅਤੇ ਉਨ੍ਹਾਂ ਨੇ ਹੋਮ ਬਲੀ ਦੀ ਭੇਟ ਦੇ ਟੁੱਕੜੇ-ਟੁੱਕੜੇ ਕੀਤੇ ਅਤੇ ਸਿਰ ਸਮੇਤ ਲਿਆਏ, ਤਦ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
14ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਧੋ ਕੇ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਹੋਮ ਦੀ ਬਲੀ ਦੇ ਉੱਤੇ ਸਾੜਿਆ।
15ਤਦ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਉਸ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਸੀ, ਲੈ ਕੇ ਉਸ ਨੂੰ ਵੱਢਿਆ ਅਤੇ ਪਹਿਲਾਂ ਦੀ ਤਰ੍ਹਾਂ ਉਸ ਨੂੰ ਵੀ ਪਾਪ ਬਲੀ ਕਰਕੇ ਚੜ੍ਹਾਇਆ।
16ਅਤੇ ਉਸ ਨੇ ਹੋਮ ਬਲੀ ਦੀ ਭੇਟ ਲਿਆ ਕੇ, ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ।
17ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਵਿੱਚੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੀ ਹੋਮ ਬਲੀ ਦੇ ਨਾਲ ਸਾੜਿਆ।
18ਤਦ ਉਸ ਨੇ ਬਲ਼ਦ ਅਤੇ ਭੇਡੂ ਨੂੰ ਲਿਆ ਕੇ ਵੱਢਿਆ, ਜਿਹੜੇ ਲੋਕਾਂ ਦੀ ਸੁੱਖ-ਸਾਂਦ ਦੀਆਂ ਭੇਟਾਂ ਦੇ ਲਈ ਸਨ, ਅਤੇ ਹਾਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ, ਜਿਸ ਨੂੰ ਉਸ ਨੇ ਜਗਵੇਦੀ ਦੇ ਚੁਫ਼ੇਰੇ ਛਿੜਕਿਆ।
19ਅਤੇ ਉਹ ਬਲ਼ਦ ਅਤੇ ਭੇਡੂ ਦੀ ਚਰਬੀ, ਮੋਟੀ ਪੂਛ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ
20ਅਤੇ ਉਨ੍ਹਾਂ ਨੇ ਚਰਬੀ ਨੂੰ ਛਾਤੀਆਂ ਦੇ ਉੱਤੇ ਰੱਖਿਆ ਅਤੇ ਉਸ ਨੇ ਚਰਬੀ ਨੂੰ ਜਗਵੇਦੀ ਦੇ ਉੱਤੇ ਸਾੜਿਆ।
21ਹਾਰੂਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ, ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ।
22ਤਦ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਵਧਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਬਲੀ ਦੀ ਭੇਟ, ਹੋਮ ਬਲੀ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਕੇ ਹੇਠਾਂ ਆਇਆ।
23ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਣ ਸਾਰੇ ਲੋਕਾਂ ਨੂੰ ਹੋਇਆ।
24ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ, ਭਸਮ ਕਰ ਦਿੱਤਾ। ਜਦ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਇਆ ਅਤੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath