ਈਸਾਈ
ਪਿੱਛੇ

ਲੇਵੀਆਂ ਦੀ ਪੋਥੀ 5

1ਜੇਕਰ ਕੋਈ ਮਨੁੱਖ ਅਜਿਹਾ ਪਾਪ ਕਰੇ ਕਿ ਉਹ ਕਿਸੇ ਗੱਲ ਦਾ ਗਵਾਹ ਹੋਵੇ ਅਤੇ ਸਹੁੰ ਚੁੱਕਣ ਤੋਂ ਬਾਅਦ ਵੀ ਉਹ ਨਾ ਦੱਸੇ ਕਿ ਉਸ ਨੇ ਕੁਝ ਵੇਖਿਆ ਜਾਂ ਜਾਣਿਆ ਹੈ, ਤਾਂ ਉਹ ਦੋਸ਼ੀ ਠਹਿਰੇਗਾ।

2ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਕਿਸੇ ਅਪਵਿੱਤਰ ਵਸਤੂ ਨੂੰ ਛੂਹ ਲਵੇ, ਭਾਵੇਂ ਅਪਵਿੱਤਰ ਜਾਨਵਰ, ਜਾਂ ਅਪਵਿੱਤਰ ਪਸ਼ੂ, ਜਾਂ ਅਪਵਿੱਤਰ ਘਿਸਰਨ ਵਾਲੇ ਜੀਵ-ਜੰਤੂਆਂ ਵਿੱਚੋਂ ਕਿਸੇ ਦੀ ਲੋਥ ਹੋਵੇ, ਤਾਂ ਉਹ ਵੀ ਅਪਵਿੱਤਰ ਅਤੇ ਦੋਸ਼ੀ ਠਹਿਰੇਗਾ।

3ਅਤੇ ਜੇਕਰ ਉਹ ਮਨੁੱਖ ਦੀ ਕਿਸੇ ਗੰਦਗੀ ਨੂੰ ਅਣਜਾਣੇ ਵਿੱਚ ਛੂਹ ਲਵੇ, ਭਾਵੇਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਹੋਵੇ, ਜਿਸ ਤੋਂ ਮਨੁੱਖ ਅਪਵਿੱਤਰ ਹੁੰਦਾ ਹੈ, ਤਾਂ ਜਿਸ ਵੇਲੇ ਉਸ ਨੂੰ ਇਸ ਬਾਰੇ ਖ਼ਬਰ ਹੋਵੇ, ਤਾਂ ਉਹ ਦੋਸ਼ੀ ਠਹਿਰੇਗਾ।

4ਅਤੇ ਜੇਕਰ ਕੋਈ ਮਨੁੱਖ ਬਿਨ੍ਹਾਂ ਸੋਚੇ ਸਮਝੇ ਭਲਾ ਜਾਂ ਬੁਰਾ ਕਰਨ ਦੀ ਸਹੁੰ ਚੁੱਕੇ ਅਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਗੱਲ ਉਹ ਬਿਨ੍ਹਾਂ ਸੋਚੇ ਸਮਝੇ ਸਹੁੰ ਚੁੱਕ ਕੇ ਆਖੇ, ਤਾਂ ਜਿਸ ਵੇਲੇ ਉਸ ਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾਂ ਗੱਲਾਂ ਵਿੱਚ ਦੋਸ਼ੀ ਠਹਿਰੇਗਾ।

5ਅਤੇ ਅਜਿਹਾ ਹੋਵੇ ਕਿ ਜਦ ਉਹ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦਾ ਦੋਸ਼ੀ ਠਹਿਰੇ ਤਾਂ ਜਿਸ ਗੱਲ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮੰਨ ਲਵੇ।

6ਉਹ ਆਪਣੇ ਪਾਪ ਦੇ ਕਾਰਨ ਜੋ ਉਸ ਨੇ ਕੀਤਾ, ਭੇਡ ਜਾਂ ਬੱਕਰੀ ਪਾਪ ਬਲੀ ਦੀ ਭੇਟ ਲਈ ਯਹੋਵਾਹ ਦੇ ਅੱਗੇ ਲਿਆਵੇ, ਤਦ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ।

7ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਆਪਣੇ ਪਾਪ ਦੇ ਲਈ, ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਯਹੋਵਾਹ ਦੇ ਅੱਗੇ ਦੋਸ਼ ਬਲੀ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਦੇ ਲਈ,

8ਅਤੇ ਉਨ੍ਹਾਂ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਪਾਪ ਬਲੀ ਦੀ ਭੇਟ ਨੂੰ ਪਹਿਲਾਂ ਚੜ੍ਹਾਵੇ ਅਤੇ ਉਸ ਦਾ ਸਿਰ ਮਰੋੜ ਦੇਵੇ ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ।

9ਅਤੇ ਉਹ ਪਾਪ ਬਲੀ ਦੀ ਭੇਟ ਦੇ ਲਹੂ ਵਿੱਚੋਂ ਕੁਝ ਜਗਵੇਦੀ ਦੇ ਇੱਕ ਪਾਸੇ ਛਿੜਕੇ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹਿਆ ਜਾਵੇ, ਇਹ ਪਾਪ ਬਲੀ ਦੀ ਭੇਟ ਹੈ।

10ਅਤੇ ਦੂਜੇ ਪੰਛੀ ਨੂੰ ਹੋਮ ਬਲੀ ਕਰਕੇ ਬਿਧੀ ਦੇ ਅਨੁਸਾਰ ਚੜ੍ਹਾਵੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਉਸ ਦਾ ਪ੍ਰਾਸਚਿਤ ਕਰੇ ਤਦ ਉਸ ਨੂੰ ਮਾਫ਼ ਕੀਤਾ ਜਾਵੇਗਾ।

11ਪਰ ਜੇਕਰ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਵੀ ਨਾ ਲਿਆ ਸਕੇ ਤਾਂ ਉਹ ਆਪਣੇ ਪਾਪ ਦੇ ਕਾਰਨ ਆਪਣੀ ਭੇਟ ਵਿੱਚ ਇੱਕ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ ਪਾਪ ਬਲੀ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ, ਨਾ ਉਸ ਦੇ ਉੱਤੇ ਲੁਬਾਨ ਰੱਖੇ, ਕਿਉਂ ਜੋ ਉਹ ਪਾਪ ਦੀ ਭੇਟ ਹੈ।

12ਤਦ ਉਹ ਉਸ ਨੂੰ ਜਾਜਕ ਦੇ ਕੋਲ ਲਿਆਵੇ ਅਤੇ ਜਾਜਕ ਉਸ ਵਿੱਚੋਂ ਇੱਕ ਮੁੱਠ ਭਰ ਕੇ ਯਾਦਗਿਰੀ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਦੇ ਉੱਤੇ ਸਾੜੇ। ਇਹ ਪਾਪ ਦੀ ਭੇਟ ਹੈ।

13ਅਤੇ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦੇ ਵਿਖੇ ਜਿਹੜਾ ਪਾਪ ਕਰੇ, ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ। ਪਾਪ ਬਲੀ ਦਾ ਬਚਿਆ ਹੋਇਆ ਹਿੱਸਾ ਮੈਦੇ ਦੀ ਭੇਟ ਦੀ ਤਰ੍ਹਾਂ ਜਾਜਕ ਦਾ ਹੋਵੇਗਾ।

14ਯਹੋਵਾਹ ਨੇ ਮੂਸਾ ਨੂੰ ਆਖਿਆ,

15ਜੇ ਕੋਈ ਮਨੁੱਖ ਯਹੋਵਾਹ ਦੀਆਂ ਪਵਿੱਤਰ ਵਸਤੂਆਂ ਦੇ ਵਿਖੇ ਅਣਜਾਣ ਹੋ ਕੇ ਪਾਪ ਕਰੇ ਅਤੇ ਦੋਸ਼ੀ ਠਹਿਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਲਿਆਵੇ ਅਤੇ ਉਸ ਦਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਓਨ੍ਹੇ ਹੀ ਚਾਂਦੀ ਦੇ ਸ਼ਕੇਲ ਹੋਵੇ, ਜਿੰਨਾਂ ਜਾਜਕ ਠਹਿਰਾਵੇ।

16ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

17ਜੇਕਰ ਕੋਈ ਮਨੁੱਖ ਪਾਪ ਕਰੇ ਅਤੇ ਅਜਿਹਾ ਕੰਮ ਕਰੇ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਨਹੀਂ ਦਿੱਤਾ, ਤਾਂ ਭਾਵੇਂ ਉਸ ਨੂੰ ਇਸ ਬਾਰੇ ਖ਼ਬਰ ਨਾ ਹੋਵੇ ਤਾਂ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ।

18ਇਸ ਲਈ ਉਹ ਇੱਕ ਦੋਸ਼ ਰਹਿਤ ਭੇਡੂ ਦੋਸ਼ ਬਲੀ ਕਰਕੇ ਜਾਜਕ ਦੇ ਕੋਲ ਲਿਆਵੇ, ਉਹ ਜਿੰਨਾਂ ਜਾਜਕ ਠਹਿਰਾਉਣ ਓਨ੍ਹੇ ਹੀ ਮੁੱਲ ਦਾ ਹੋਵੇ ਅਤੇ ਜਾਜਕ ਉਸ ਦੇ ਲਈ ਉਸ ਦੇ ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਪ੍ਰਾਸਚਿਤ ਕਰੇ ਅਤੇ ਉਸ ਨੂੰ ਮਾਫ਼ ਕੀਤਾ ਜਾਵੇਗਾ।

19ਇਹ ਦੋਸ਼ ਬਲੀ ਦੀ ਭੇਟ ਹੈ, ਕਿਉਂਕਿ ਉਸ ਨੇ ਜ਼ਰੂਰ ਹੀ ਯਹੋਵਾਹ ਦੇ ਅੱਗੇ ਪਾਪ ਕੀਤਾ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath