ਲੇਵੀਆਂ ਦੀ ਪੋਥੀ 24
1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਨੂੰ ਹੁਕਮ ਦੇ ਕਿ ਮੇਰੇ ਸਾਹਮਣੇ ਚਾਨਣ ਲਈ ਉਹ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਤੇਰੇ ਕੋਲ ਲੈ ਕੇ ਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
3ਹਾਰੂਨ ਉਸ ਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਹੋਵਾਹ ਦੇ ਅੱਗੇ ਸਦਾ ਦੇ ਲਈ, ਸਾਖੀ ਦੇ ਪਰਦੇ ਤੋਂ ਬਾਹਰ, ਮੰਡਲੀ ਦੇ ਡੇਰੇ ਵਿੱਚ ਸਜਾ ਕੇ ਰੱਖੇ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ।
4ਉਹ ਖ਼ਾਲਸ ਸੋਨੇ ਸ਼ਮਾਦਾਨ ਦੇ ਉੱਤੇ ਯਹੋਵਾਹ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸਜਾ ਕੇ ਰੱਖਿਆ ਕਰੇ।
5ਤੂੰ ਮੈਦਾ ਲੈ ਕੇ ਉਸ ਦੀਆਂ ਬਾਰਾਂ ਰੋਟੀਆਂ ਪਕਾਵੀਂ, ਇੱਕ-ਇੱਕ ਰੋਟੀ ਵਿੱਚ ਏਫ਼ਾਹ ਦਾ ਦੋ ਦਹਾਈ ਹਿੱਸਾ ਹੋਵੇ।
6ਤਦ ਤੂੰ ਇਨ੍ਹਾਂ ਨੂੰ ਯਹੋਵਾਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖੀਂ।
7ਤੂੰ ਇੱਕ-ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖੀਂ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ।
8ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਹੋਵਾਹ ਦੇ ਅੱਗੇ ਸਜਾ ਕੇ ਰੱਖੇ, ਇਹ ਇਸਰਾਏਲੀਆਂ ਵੱਲੋਂ ਇੱਕ ਸਦਾ ਦਾ ਨੇਮ ਹੈ।
9ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ ਅਤੇ ਉਹ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਹਾਰੂਨ ਦੇ ਲਈ ਅੱਤ ਪਵਿੱਤਰ ਹੈ।
10ਉਨ੍ਹਾਂ ਦਿਨਾਂ ਵਿੱਚ ਇੱਕ ਇਸਰਾਏਲੀ ਇਸਤਰੀ ਦਾ ਪੁੱਤਰ, ਜਿਸ ਦਾ ਪਿਤਾ ਮਿਸਰੀ ਸੀ, ਉਹ ਇਸਰਾਏਲੀਆਂ ਦੇ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ,
11ਅਤੇ ਉਸ ਇਸਰਾਏਲੀ ਇਸਤਰੀ ਦਾ ਪੁੱਤਰ ਯਹੋਵਾਹ ਦੇ ਨਾਮ ਦਾ ਨਿਰਾਦਰ ਕਰਕੇ ਕੁਫ਼ਰ ਬਕਣ ਲੱਗਾ, ਤਾਂ ਲੋਕ ਉਸ ਨੂੰ ਮੂਸਾ ਦੇ ਕੋਲ ਲੈ ਆਏ। ਉਸ ਦੀ ਮਾਂ ਦਾ ਨਾਮ “ਸਲੂਮੀਥ” ਸੀ, ਜੋ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ।
12ਉਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਰੱਖਿਆ, ਜਦ ਤੱਕ ਉਹ ਇਸ ਮਾਮਲੇ ਵਿੱਚ ਯਹੋਵਾਹ ਦੀ ਮਰਜ਼ੀ ਨੂੰ ਨਾ ਜਾਣ ਲੈਣ।
13ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
14“ਜਿਸ ਨੇ ਕੁਫ਼ਰ ਬਕਿਆ ਹੈ, ਉਸ ਨੂੰ ਤੁਸੀਂ ਡੇਰੇ ਤੋਂ ਬਾਹਰ ਲੈ ਆਓ ਅਤੇ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹ ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖਣ, ਤਦ ਸਾਰੀ ਮੰਡਲੀ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ।
15ਅਤੇ ਤੂੰ ਇਸਰਾਏਲੀਆਂ ਨੂੰ ਆਖ ਕਿ ਜਿਹੜਾ ਆਪਣੇ ਪਰਮੇਸ਼ੁਰ ਦੇ ਵਿਰੁੱਧ ਦੁਰਬਚਨ ਬੋਲੇ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ।
16ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ।
17“ਜਿਹੜਾ ਕਿਸੇ ਮਨੁੱਖ ਨੂੰ ਮਾਰ ਦੇਵੇ ਉਹ ਜ਼ਰੂਰ ਹੀ ਮਾਰਿਆ ਜਾਵੇ।
18ਜਿਹੜਾ ਕਿਸੇ ਪਸ਼ੂ ਨੂੰ ਮਾਰ ਦੇਵੇ, ਤਾਂ ਉਹ ਪਸ਼ੂ ਦੇ ਬਦਲੇ ਪਸ਼ੂ ਦੇਵੇ।
19ਜਿਹੜਾ ਮਨੁੱਖ ਆਪਣੇ ਗੁਆਂਢੀ ਨੂੰ ਸੱਟ ਮਾਰੇ, ਤਾਂ ਜਿਵੇਂ ਉਸ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ।
20ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਜਿਵੇਂ ਉਸ ਨੇ ਕਿਸੇ ਮਨੁੱਖ ਨੂੰ ਸੱਟ ਮਾਰੀ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ।
21ਜਿਹੜਾ ਕਿਸੇ ਪਸ਼ੂ ਨੂੰ ਮਾਰੇ ਉਹ ਉਸ ਦੇ ਬਦਲੇ ਪਸ਼ੂ ਦੇਵੇ, ਪਰ ਜਿਹੜਾ ਕਿਸੇ ਮਨੁੱਖ ਨੂੰ ਮਾਰ ਸੁੱਟੇ, ਉਹ ਮਾਰਿਆ ਜਾਵੇ।
22ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ ਭਾਵੇਂ ਉਹ ਪਰਦੇਸੀ ਹੋਵੇ, ਭਾਵੇਂ ਤੁਹਾਡੇ ਆਪਣੇ ਦੇਸ ਦਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23ਤਦ ਜਿਵੇਂ ਮੂਸਾ ਨੇ ਆਖਿਆ, ਉਹ ਉਸ ਮਨੁੱਖ ਨੂੰ ਜਿਸ ਨੇ ਕੁਫ਼ਰ ਬਕਿਆ ਸੀ, ਡੇਰੇ ਤੋਂ ਬਾਹਰ ਲਿਆਏ ਅਤੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath